ਜਗਦੀਸ਼ ਰਾਣਾ ਹੋਵੇਗਾ ਮੇਰੀ ਸਾਹਤਿਕ ਵਿਰਾਸਤ ਦਾ ਵਾਰਿਸ – ਪ੍ਰੋ. ਸੰਧੂ ਵਰਿਆਣਵੀ
ਜਲੰਧਰ (ਸੁਰ ਸਾਂਝ ਡਾਟ ਕਾਮ ਬਿਉਰੋ), 31 ਅਕਤੂਬਰ:
ਜਲੰਧਰ ਵਿਰਸਾ ਵਿਹਾਰ ਜਲੰਧਰ ਵਿਖੇ 29 ਅਕਤੂਬਰ ਐਤਵਾਰ ਸ਼ਾਮ ਨੂੰ ਅਦਬੀ ਦੁਨੀਆ ਅਤੇ ਵਿਰਸਾ ਵਿਹਾਰ ਜਲੰਧਰ ਵਲੋਂ ਕਰਵਾਈ ਗਈ ਮਹੀਨਾਵਾਰ ਨਸ਼ਿਸ਼ਤ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਪਹੁੰਚੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ (ਰਜਿ.) ਦੇ ਮੁੱਖ ਸਕੱਤਰ ਪ੍ਰੋ. ਸੰਧੂ ਵਰਿਆਣਵੀ ਨੇ ਬੋਲਦਿਆਂ ਜਿੱਥੇ ਆਪਣੇ ਜੀਵਨ ਬਾਰੇ ਸੰਘਰਸ਼ ਬਾਰੇ, ਆਪਣੇ ਸ਼ਿਅਰਾਂ ਨਾਲ਼ ਸਾਂਝਾਂ ਪਾਈਆਂ, ਓਥੇ ਹੀ ਬੀਬੀ ਸੁਰਜੀਤ ਕੌਰ ਸੈਕਰਾਮੈਂਟੋ, ਪਰਮਦਾਸ ਹੀਰ, ਹਰਭਜਨ ਨਾਹਲ ਸੰਗ ਪ੍ਰੋਗਰਾਮ ਦੇ ਪ੍ਰਧਾਨਗੀ ਮੰਡਲ ਵਿਚ ਬੈਠੇ ਜਗਦੀਸ਼ ਰਾਣਾ ਬਾਰੇ ਬੋਲਦਿਆਂ ਕਿਹਾ ਕਿ ਭਲੇ ਹੀ ਅਸੀਂ ਇਕ ਮਾਂ ਦੇ ਪੇਟੋਂ ਨਹੀਂ ਜਨਮੇ, ਪਰ ਰਾਣਾ ਮੈਨੂੰ ਆਪਣਾ ਵੱਡਾ ਭਰਾ ‘ਤੇ ਮੈਂ ਵੀ ਉਸ ਨੂੰ ਆਪਣਾ ਛੋਟਾ ਭਰਾ ਹੀ ਮੰਨਦਾ ਹਾਂ। ਅੱਜ ਤੁਹਾਡੇ ਸਾਰਿਆਂ ਦੀ ਹਾਜ਼ਰੀ ਵਿੱਚ ਇਹ ਐਲਾਨ ਕਰਦਾ ਹਾਂ ਕਿ ਜਗਦੀਸ਼ ਰਾਣਾ ਮੇਰੀ ਸਾਹਤਿਕ ਵਿਰਾਸਤ ਦਾ ਵਾਰਿਸ ਹੋਵੇਗਾ ਤੇ ਮੇਰੇ ਸਾਰੇ ਸਾਹਤਿਕ ਖਜ਼ਾਨੇ ਦਾ ਉਹ ਤੇ ਮੇਰਾ ਛੋਟਾ ਭਰਾ ਨਕਸ਼ ਵਰਿਆਣਵੀ, ਦੋਵੇਂ ਹੱਕਦਾਰ ਹੋਣਗੇ। ਇਸ ਦੀ ਸ਼ੁਰੂਆਤ ਅੱਜ ਮੈਂ ਜਗਦੀਸ਼ ਰਾਣਾ ਨੂੰ ਭਾਈ ਕ੍ਹਾਨ ਸਿੰਘ ਨਾਭਾ ਦਾ ਮਹਾਨ ਕੋਸ਼ ਦੇ ਕੇ ਕਰ ਰਿਹਾ ਹਾਂ। ਮੇਰਾ ਦ੍ਰਿੜ ਵਿਸ਼ਵਾਸ ਹੈ ਕਿ ਰਾਣਾ ਮੇਰੇ ਸਾਹਤਿਕ ਸਫ਼ਰ ‘ਤੇ ਚੱਲਦਿਆਂ ਮੇਰੀ ਸੋਚ ਨੂੰ ਅੱਗੇ ਵਧਾਏਗਾ। ਇਸ ਮੌਕੇ ਜਗਦੀਸ਼ ਰਾਣਾ ਨੇ ਪ੍ਰੋ.ਸੰਧੂ ਵਰਿਆਣਵੀ ਦੇ ਪੈਰੀਂ ਹੱਥ ਲਾਉਂਦਿਆਂ ਉਨ੍ਹਾਂ ਦਾ ਅਸ਼ੀਰਵਾਦ ਲਿਆ ਤੇ ਕਿਹਾ ਕਿ ਸੰਧੂ ਸਾਹਬ ਦਾ ਮਾਣ ਉਹ ਜ਼ਿੰਦਗੀ ਭਰ ਨਿਭਾਏਗਾ।
ਇਸ ਮੌਕੇ ਉਸਤਾਦ ਸ਼ਾਇਰ ਹਰਬੰਸ ਸਿੰਘ ਅਕਸ, ਗੁਰਦੀਪ ਸਿੰਘ ਔਲਖ, ਸੰਗਤ ਰਾਮ (ਉਪ ਚੇਅਰਮੈਨ ਵਿਰਸਾ ਵਿਹਾਰ), ਜਸਵਿੰਦਰ ਸਿੰਘ ਜੱਸੀ, ਸੋਨੀਆ ਭਾਰਤੀ, ਕੀਮਤੀ ਕੈਸਰ ਤੇ ਹੋਰ ਵੀ ਕਈ ਸ਼ਾਇਰ ਲੇਖਕ ਮੌਜੂਦ ਸਨ।