ਬੱਤੀ ਦੀ ਥਾਂ ਆਂਦਰ ਬਲਦੀ/ ਗੁਰਭਜਨ ਗਿੱਲ
ਬੱਤੀ ਦੀ ਥਾਂ ਆਂਦਰ ਬਲਦੀ,
ਤੇਲ ਦੀ ਥਾਂ ਮੇਰੀ ਚਰਬੀ ਢਲਦੀ।
ਇਸ ਦੀਵੇ ਦੇ ਨਾਲ ਭਲਾ ਦੱਸ,
ਕਿਹੜਾ ਜੱਗ ਰੁਸ਼ਨਾਓਗੇ?
ਜਬਰ ਜ਼ੁਲਮ ਦੀ ਮੂਰਤ ਬਣਕੇ,
ਤੁਸੀਂ ਹੀ ਚੇਤੇ ਆਉਗੇ।
ਬਲਦੀਆਂ ਸੜਕਾਂ ਸਿਖ਼ਰ ਦੁਪਹਿਰੇ।
ਮੀਟ ਗਏ ਅੱਖਾਂ ਅਦਲ ਕਟਹਿਰੇ।
ਹਾਕਮ ਬਣ ਗਏ ਗੁੰਗੇ ਬਹਿਰੇ।
ਜਦੋਂ ਕਿਤੇ ਵੀ ਟਾਇਰ ਬਲੇਗਾ,
ਆਪੇ ਤੋਂ ਘਬਰਾਓਗੇ।
ਮਨ ਦੀ ਏਸ ਕਚਹਿਰੀ ਕੋਲੋਂ,
ਬਚ ਕੇ ਕਿੱਧਰ ਜਾਓਗੇ?
ਚੜ੍ਹਦੈ ਹੁਣ ਵੀ ਜਦੋਂ ਨਵੰਬਰ।
ਜਾਪੇ ਧਰਤੀ ਕਾਲਾ ਅੰਬਰ।
ਸੋਚ ਸੋਚ ਕੇ ਜਾਵਾਂ ਠਠੰਬਰ।
ਜਿੰਨ੍ਹਾਂ ਘਰਾਂ ਦੇ ਦੀਵੇ ਬੁਝ ਗਏ,
ਮੁੜ ਕੇ ਕਿਵੇਂ ਜਗਾਓਗੇ?
ਸੱਜਣਾ! ਤੂੰ ਚੰਗੀ ਨਾ ਕੀਤੀ।
ਭਗਤ ਕਹਾਵੇਂ ਮਨ ਬਦਨੀਤੀ।
ਨਾ ਜਗਦੀਸ਼ਰ ਉਲਟੀ ਰੀਤੀ।
ਚਿੱਟੇ ਵਸਤਰ ਹੇਠ ਭਲਾ ਦੱਸ,
ਕਾਲਖ ਕਿਵੇਂ ਛੁਪਾਓਗੇ?
ਵਿਧਵਾਵਾਂ ਦੇ ਹਾਉਕੇ ਕੋਲੋਂ,
ਬਚ ਕੇ ਕਿੱਧਰ ਜਾਓਗੇ।
ਤੇਰੇ ਸ਼ਹਿਰ ਦੀਆਂ ਜੋ ਗਲੀਆਂ।
ਕਦੇ ਨਹੀਂ ਸੀ ਏਦਾਂ ਬਲੀਆਂ।
ਲਾਟਾਂ ਭਰਨ ਕਲਾਵੇ ਕਲੀਆਂ।
ਸਣੇ ਪੰਘੂੜੇ ਬਾਲਣ ਬਣ ਗਏ,
ਕਿੱਦਾਂ ਬਾਲ ਜਗਾਉਗੇ?
ਮੰਨਿਆ ਮੈਂ ਇਹ ਕਥਨ ਕਹਾਣਾ।
ਡਿੱਗੇ ਜਦ ਵੀ ਰੁੱਖ ਪੁਰਾਣਾ।
ਧਰਤ ਡੋਲਦੀ ਵਰਤੇ ਭਾਣਾ।
ਪਰ ਅੱਗ ਪਰਖ਼ੇ ਚਿਹਰੇ, ਬੰਦੇ,
ਇਹ ਸੱਚ ਕਿੰਜ ਮੰਨਵਾਉਗੇ?
ਚੀਕਾਂ ਤੇ ਕੁਰਲਾਹਟਾਂ ਵਿਚੋਂ
ਤੁਸੀਂ ਹੀ ਨਜ਼ਰੀਂ ਆਉਗੇ।
ਜਿੰਨ੍ਹਾਂ ਨੂੰ ਹਥਿਆਰ ਬਣਾਇਆ।
ਬੰਦੇ ਮਾਰਨ ਧੰਦੇ ਲਾਇਆ।
ਵੋਟਾਂ ਦਾ ਤੰਦੂਰ ਤਪਾਇਆ।
ਉਨ੍ਹਾਂ ਪਸ਼ੂਆਂ ਤਾਈਂ ਮੁੜ ਕੇ,
ਮਾਣਸ ਕਿਵੇਂ ਬਣਾਉਗੇ?
ਬਲਦੀ ਤੀਲੀ ਵੇਖਦਿਆਂ ਹੀ,
ਤੁਸੀਂ ਹੀ ਚੇਤੇ ਆਉਗੇ।
ਰਾਜ ਭਾਗ ਦੇ ਰੰਗਲੇ ਪਾਵੇ।
ਚਮਕਣ ਰਾਜਾ ਜਿੱਦਾਂ ਚਾਹਵੇ।
ਸਾਡੀ ਰੱਤ ਦਾ ਲੇਪ ਚੜ੍ਹਾਵੇ।
ਦਰਦ ਮੰਦਾਂ ਦੀਆਂ ਚੀਕਾਂ ਸੁਣ ਕੇ,
ਨੀਂਦਰ ਕਿੱਦਾਂ ਪਾਉਗੇ?