www.sursaanjh.com > ਅੰਤਰਰਾਸ਼ਟਰੀ > ਭਾਵਪੂਰਤ ਅਤੇ ਪ੍ਰੇਰਨਾਦਾਇਕ ਰਿਹਾ ਡਾ ਹਰਸ਼ਿੰਦਰ ਕੌਰ ਨਾਲ ਅੰਤਰਰਾਸ਼ਟਰੀ ਪ੍ਰੋਗਰਾਮ ਸਿਰਜਣਾ ਦੇ ਆਰ-ਪਾਰ

ਭਾਵਪੂਰਤ ਅਤੇ ਪ੍ਰੇਰਨਾਦਾਇਕ ਰਿਹਾ ਡਾ ਹਰਸ਼ਿੰਦਰ ਕੌਰ ਨਾਲ ਅੰਤਰਰਾਸ਼ਟਰੀ ਪ੍ਰੋਗਰਾਮ ਸਿਰਜਣਾ ਦੇ ਆਰ-ਪਾਰ

ਭਾਵਪੂਰਤ ਅਤੇ ਪ੍ਰੇਰਨਾਦਾਇਕ ਰਿਹਾ ਡਾ ਹਰਸ਼ਿੰਦਰ ਕੌਰ ਨਾਲ ਅੰਤਰਰਾਸ਼ਟਰੀ ਪ੍ਰੋਗਰਾਮ ਸਿਰਜਣਾ ਦੇ ਆਰ-ਪਾਰ
ਕੈਨੇਡਾ (ਸੁਰ ਸਾਂਝ ਡਾਟ ਕਾਮ ਬਿਊਰੋ), 31 ਅਕਤੂਬਰ:
ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਫ਼ਾਊਂਡਰ ਅਤੇ ਪ੍ਰਬੰਧਕ ਰਮਿੰਦਰ ਰੰਮੀ ਅਤੇ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਦੇ ਸਾਂਝੇ ਯਤਨਾਂ ਨਾਲ ਮਹੀਨਾਵਾਰ ਅੰਤਰਰਾਸ਼ਟਰੀ ਆਨਲਾਈਨ ਪ੍ਰੋਗਰਾਮ ਸਿਰਜਣਾ ਦੇ ਆਰ-ਪਾਰ ਵਿੱਚ ਪ੍ਰਸਿੱਧ ਸਮਾਜ ਸੇਵਿਕਾ, ਚਿੰਤਕ ਅਤੇ ਪ੍ਰੇਰਨਾਦਾਇਕ ਸ਼ਖ਼ਸੀਅਤ ਡਾ ਹਰਸ਼ਿੰਦਰ ਕੌਰ ਨਾਲ ਰੂਬਰੂ ਪ੍ਰੋਗ੍ਰਾਮ ਕਰਵਾਇਆ ਗਿਆ। ਰਮਿੰਦਰ ਰੰਮੀ ਨੇ ਸੱਭ ਨੂੰ ਰਸਮੀ ਜੀ ਆਇਆਂ ਕਹਿੰਦਿਆਂ ਪ੍ਰੋਗਰਾਮ ਦੇ ਬਾਰੇ ਵਿੱਚ ਦੱਸਿਆ ਕਿ ਡਾ ਸਰਬਜੀਤ ਕੌਰ ਸੋਹਲ ਜੋਕਿ ਅਕਾਡਮੀ ਪ੍ਰਧਾਨ ਹਨ ਤੇ ਇਸ ਸੰਸਥਾ ਦੇ ਚੇਅਰਮੈਨ ਵੀ ਹਨ ਹਾਜ਼ਰੀਨ ਮੈਂਬਰਜ਼ ਤੇ ਮਹਿਮਾਨ ਡਾ ਹਰਸ਼ਿੰਦਰ ਕੌਰ ਦਾ ਸਵਾਗਤ ਕਰਨਗੇ । ਸੁਰਜੀਤ ਕੌਰ ਸਰਪ੍ਰਸਤ ਧੰਨਵਾਦ ਤੇ ਸ ਪਿਆਰਾ ਸਿੰਘ ਕੁੱਦੋਵਾਲ ਜੀ ਪ੍ਰੋਗਰਾਮ ਨੂੰ ਸਮਅੱਪ ਕਰਨਗੇ । ਇਸ ਪ੍ਰੋਗਰਾਮ ਦੇ ਆਰੰਭ ਵਿੱਚ ਡਾ ਸਰਬਜੀਤ ਕੌਰ ਸੋਹਲ ਨੇ ਡਾ ਹਰਸ਼ਿੰਦਰ ਕੌਰ ਦੇ ਜੀਵਨ ਬਾਰੇ ਅਤੇ ਉਹਨਾਂ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਕਿ ਡਾ ਹਰਸ਼ਿੰਦਰ ਕੌਰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਬਾਲ ਰੋਗਾਂ ਦੇ ਮਾਹਿਰ ਡਾਕਟਰ ਹਨ ਨਾਲ ਹੀ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਨਾਲ ਜੁੜੇ ਅਤੇ ਭਰੂਣ ਹੱਤਿਆ ਵਰਗੀ ਬੁਰਾਈ ਨੂੰ ਠੱਲਣ ਵਿੱਚ ਆਪਣੀ ਮਹੱਤਵ ਪੂਰਨ ਭੂਮਿਕਾ ਨਿਭਾ ਰਹੇ ਹਨ।
ਉਪਰੰਤ ਪ੍ਰੋ. ਕੁਲਜੀਤ ਕੌਰ ਨੇ ਡਾ. ਹਰਸ਼ਿੰਦਰ ਨੂੰ ਜੀ ਆਇਆਂ ਕਹਿੰਦਿਆਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਤੇ ਉਨ੍ਹਾਂ ਦੇ ਬਚਪਨ ਤੋਂ ਸਵਾਲਾਂ ਦਾ ਸਿਲਸਿਲਾ ਸ਼ੁਰੂ ਕੀਤਾ। ਡਾ ਹਰਸ਼ਿੰਦਰ  ਨੇ ਆਪਣੀ ਗੱਲ-ਬਾਤ  ਵਿਚ ਦੱਸਿਆ ਕਿ ਮੈਨੂੰ ਅੱਜ ਤੱਕ ਬਹੁਤ ਸਾਰੇ ਸਨਮਾਨ ਦੇਸ਼ਾਂ ਵਿਦੇਸ਼ਾਂ ਤੋਂ ਮਿਲ ਚੁੱਕੇ ਹਨ ਪਰ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਮੰਚ ਤੇ ਆ ਕੇ ਇਸ ਤਰਾਂ ਲੱਗਿਆ ਕਿ ਮੇਰੇ ਲਈ ਇਹ ਸਨਮਾਨ ਸੱਭ ਸਨਮਾਨਾਂ ਤੋਂ ਵੱਧ ਕੇ ਸਨਮਾਨ ਹੈ। ਉਹਨਾਂ ਦੇ ਇਹਨਾਂ ਸ਼ਬਦਾਂ ਨੂੰ ਸੁਣ ਰਮਿੰਦਰ ਰੰਮੀ ਨੇ ਕਿਹਾ ਇਹ ਸਾਡਾ ਸਨਮਾਨ ਹੈ ਐਨੇ ਅਣਮੋਲ ਸ਼ਬਦਾਂ ਨਾਲ ਸਾਨੂੰ ਨਿਵਾਜਿਆ ਹੈ ਤੇ ਸਾਡੀ ਹੌਂਸਲਾ ਅਫ਼ਜ਼ਾਈ ਕੀਤੀ ਹੈ। ਉਹਨਾਂ ਪ੍ਰੋ ਕੁਲਜੀਤ ਕੌਰ ਜੀ ਦੇ ਪੁੱਛੇ ਸਵਾਲਾਂ ਦਾ ਜਵਾਬ ਦਿੰਦੇ ਦੱਸਿਆ ਕਿ  ਉਹਆਪਣੇ ਮਾਪਿਆਂ ਦੀ ਚੌਥੀ ਧੀ ਹੋਣ ਦੇ ਬਾਵਜੂਦ ਉਹਨਾਂ ਦੇ ਪਿਤਾ ਪ੍ਰੀਤਮ ਸਿੰਘ ਅਤੇ ਮਾਤਾ ਨਰਿੰਦਰ ਕੌਰ ਨੇ ਉਹਨਾਂ ਨੂੰ ਬਹੁਤ ਪਿਆਰ ਦਿੱਤਾ ਅਤੇ ਉੱਚ ਤਾਲੀਮ ਦਿਵਾਈ।  ਉਹਨਾਂ 27 ਕੁ  ਸਾਲ ਪਹਿਲਾਂ ਸ਼ੁਰੂ ਕੀਤੀ ਭਰੂਣ ਹੱਤਿਆ ਖ਼ਿਲਾਫ਼ ਜਾਗਰੂਕਤਾ ਪੈਦਾ ਕਰਨ ਵਿੱਚ ਆਈਆਂ ਚੁਨੌਤੀਆਂ ਅਤੇ ਪ੍ਰਾਪਤੀਆਂ ਬਾਰੇ ਭਾਵਪੂਰਤ ਤਜਰਬੇ ਸਾਂਝੇ ਕੀਤੇ। ਇਕ ਡਾਕਟਰ ਹੋਣ ਦੇ ਨਾਲ ਨਾਲ ਆਪਣੇ ਪਤੀ ਡਾ ਗੁਰਪਾਲ ਸਿੰਘ ਦੇ ਸਾਥ ਅਤੇ ਉਤਸ਼ਾਹ ਨਾਲ ਉਹਨਾਂ ਆਪਣੇ ਉਦੇਸ਼ਾਂ ਵਿੱਚ ਬਹੁਤ ਹੱਦ ਤੱਕ ਸਫਲਤਾ ਪ੍ਰਾਪਤ ਕਰਨ ਬਾਰੇ ਦੱਸਿਆ। ਮਾਤ ਭਾਸ਼ਾ ਪ੍ਰਤੀ ਚੇਤਨਾ ਪੈਦਾ ਕਰਨ ਵਿੱਚ ਲਈ ਉਹਨਾਂ ਦੀ ਵਿਸ਼ੇਸ਼ ਭੂਮਿਕਾ ਰਹੀ ਹੈ।
ਬੇਆਸਰਾ ਧੀਆਂ ਦਾ ਆਸਰਾ ਬਣਦਿਆਂ ਹਰਸ਼ ਟਰੱਸਟ ਨਾਲ ਸਬੰਧਤ ਸੰਸਥਾ ਦਾ ਆਗਾਜ਼ ਕਰਕੇ ਉਨ੍ਹਾਂ 421 ਧੀਆਂ ਦੀ ਪਾਲਣਾ ਪੋਸ਼ਣਾ ਅਤੇ ਪੜ੍ਹਾਈ ਲਿਖਾਈ ਦਾ ਬੀੜਾ ਚੁੱਕਿਆ। ਉਹਨਾਂ ਸਮਾਜ ਦੇ ਜਾਗਰੂਕ ਲੋਕਾਂ ਵੱਲੋਂ ਮਿਲਦੇ ਸਹਿਯੋਗ ਉਪਰ ਵੀ ਸੰਤੁਸ਼ਟੀ ਪ੍ਰਗਟ ਕੀਤੀ। 21ਵੀਂ ਸਦੀ ਵਿੱਚ ਔਰਤਾਂ ਦੀਆਂ ਚੁਨੌਤੀਆਂ ਬਾਰੇ ਵੀ ਸੰਜੀਦਗੀ ਨਾਲ ਵਿਚਾਰ ਕੀਤਾ। ਇਹ ਵਰਨਣਯੋਗ ਹੈ ਕਿ ਡਾ ਹਰਸ਼ਿੰਦਰ ਕੌਰ ਨੂੰ ਵੱਖ ਵੱਖ ਸੰਸਥਾਵਾਂ ਵੱਲੋਂ ਬਹੁਤ ਸਾਰੇ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਮਾਣ ਸਨਮਾਨ ਮਿਲ ਚੁੱਕੇ ਹਨ। ਜਿਹਨਾਂ ਵਿੱਚ ਭਾਰਤ ਸਰਕਾਰ ਵੱਲੋਂ, ਪੰਜਾਬ ਸਰਕਾਰ ਵੱਲੋਂ ਕੈਨੇਡਾ, ਅਮਰੀਕਾ ਜਨੇਵਾ, ਇੰਗਲੈਂਡ ਵੱਲੋਂ ਸਮਾਜ ਸੇਵਾ,ਨਾਰੀ ਦੇ ਵਿਕਾਸ ਲਈ ਕੀਤੇ ਕੰਮਾਂ ਲਈ ਅਵਾਰਡ ਸ਼ਾਮਲ ਹਨ। ਉਹਨਾਂ ਸਟੀਲ ਵੂਮਨ ਆਫ ਇੰਡੀਆ ਵੱਜੋਂ ਵੀ ਜਾਣਿਆ ਜਾਂਦਾ ਹੈ।ਉਹਨਾਂ ਨੂੰ ਮਾਈ ਭਾਗੋ ਅਵਾਰਡ, ਰਾਣੀ ਝਾਂਸੀ ਅਵਾਰਡ ਫ਼ਖ਼ਰ ਏ ਕੌਮ ਅਵਾਰਡ ਐਸ ਜੀ ਪੀ ਸੀ ਵੱਲੋਂ , ਪੰਜਾਬ ਦਾ ਗੌਰਵ ਅਵਾਰਡ ਅਤੇ ਹੋਰ ਬਹੁਤ ਸਾਰੇ ਸਨਮਾਨ ਮਿਲ ਚੁੱਕੇ ਹਨ। ਉਹਨਾਂ ਨੇ ਬਹੁਤ ਸਾਰੇ ਵਿਸ਼ਿਆਂ ਨਾਲ ਸਬੰਧਤ ਪੁਸਤਕਾਂ ਵੀ ਲਿਖੀਆਂ ਹਨ।
ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਸਰਪ੍ਰਸਤ ਸੁਰਜੀਤ ਕੌਰ ਅਤੇ ਪ੍ਰਧਾਨ ਰਿੰਟੂ ਭਾਟੀਆ ਨੇ ਵੀ ਡਾ ਹਰਸ਼ਿੰਦਰ ਦੀ ਇਸ ਸਾਰੀ ਗੱਲਬਾਤ ਨੂੰ ਦਰਸ਼ਕਾਂ ਲਈ ਲਾਹੇਵੰਦ ਅਤੇ ਪ੍ਰੇਰਨਾਦਾਇਕ ਦੱਸਿਆ। ਡਾ ਬਲਜੀਤ ਕੌਰ ਰਿਆੜ ਨੇ ਡਾ ਹਰਸ਼ਿੰਦਰ ਨਾਲ ਹੋਈ ਗੱਲਬਾਤ ਨੂੰ ਆਮ ਦਰਸ਼ਕਾਂ ਅਤੇ ਚੇਤੰਨ ਵਿਅਕਤੀ ਨੂੰ ਸਵੈ ਨਿਰੀਖਣ ਕਰਨ ਵਾਲੀ ਗੱਲਬਾਤ ਦੱਸਿਆ ਜੋ ਸਮਾਜ ਲਈ ਕੁਝ ਕਰਨ ਦੀ ਪ੍ਰੇਰਨਾ ਪੈਦਾ ਕਰਨ ਵਾਲੀ ਗੱਲਬਾਤ ਹੈ। ਅੰਤਰਰਾਸਟਰੀ ਸਾਹਿਤਕ ਸਾਂਝਾ ਦੇ ਮੁਖ ਸਲਾਹਕਾਰ ਸ੍ਰ ਪਿਆਰਾ ਸਿੰਘ ਕੁੱਦੋਵਾਲ ਨੇ ਡਾ ਹਰਸ਼ਿੰਦਰ ਕੌਰ ਦੇ ਜੀਵਨ ਨੂੰ ਪ੍ਰੇਰਨਾਦਾਇਕ ਦੱਸਿਆ ਅਤੇ ਉਹਨਾਂ ਦੁਆਰਾ ਸਮਾਜ ਦੀ ਬਿਹਤਰੀ ਲਈ ਪਾਏ ਜਾ ਰਹੇ ਯੋਗਦਾਨ ਲਈ ਉਹਨਾਂ ਦੀ ਸ਼ਲਾਘਾ ਕੀਤੀ ਅਤੇ ਇਸ ਪ੍ਰੋਗਰਾਮ ਨੂੰ ਤਸੱਲੀਬਖ਼ਸ਼ ਦੱਸਿਆ, ਤੇ ਪ੍ਰੋਗਰਾਮ ਵਿੱਚ ਹਾਜ਼ਰੀਨ ਸੱਭ ਮੈਂਬਰਜ਼ ਦਾ ਧੰਨਵਾਦ ਵੀ ਕੀਤਾ । ਇਸ ਮੌਕੇ ਰਮਿੰਦਰ ਰੰਮੀ ਜੀ ਦੁਆਰਾ ਸੰਪਾਦਿਤ ਕੀਤਾ ਜਾਂਦਾ ਮਹੀਨਾਵਾਰ  ਈ ਮੈਗਜ਼ੀਨ ( ਸਾਹਿਤਕ ਸਾਂਝਾਂ ) ਵੀ ਰਿਲੀਜ਼ ਕੀਤਾ ਗਿਆ। ਕੈਨੇਡਾ ਤੋਂ ਡਾ ਦਲਬੀਰ ਸਿੰਘ ਕਥੂਰੀਆ , ਮਲੂਕ ਸਿੰਘ ਕਾਹਲੋਂ , ਹਰਦਿਆਲ ਸਿੰਘ ਝੀਤਾ , ਕੁਲ ਦੀਪ , ਡਾ ਜਸਪਾਲ ਸਿੰਘ ਦੇਸੂਵੀ ਆਪਣੇ ਹੋਰ ਕੀਮਤੀ ਰੁਝੇਵਿਆਂ ਵਿੱਚੋਂ ਸਮਾਂ ਨਿਕਾਲ ਕੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ।
ਦੇਸ਼ਾਂ ਵਿਦੇਸ਼ਾਂ ਤੋਂ ਵੀ ਬਹੁਤ ਨਾਮਵਰ ਸ਼ਖ਼ਸੀਅਤਾਂ ਨੇ ਪ੍ਰੋਗਰਾਮ ਵਿੱਚ ਆਪਣੀ ਸ਼ਮੂਲੀਅਤ ਕੀਤੀ ਤੇ ਚੈਟ ਬਾਕਸ ਵਿੱਚ ਵੀ ਬਹੁਤ ਸਾਰੇ ਕਮੈਂਟਸ ਮੈਂਬਰਜ਼ ਵੱਲੋਂ ਆਏ । ਜਿਹਨਾਂ ਨੇ ਇਸ ਪ੍ਰੋਗਰਾਮ ਦੀ ਤੇ ਡਾ ਹਰਸ਼ਿੰਦਰ ਕੌਰ ਜੀ ਦੇ ਸਿਰਜਨਾ ਦੇ ਆਰ ਪਾਰ ਵਿੱਚ ਪ੍ਰੋ ਕੁਲਜੀਤ ਜੀ ਦੁਆਰਾ ਕੀਤੇ ਰੂਬਰੂ ਦੀ ਬੇਹੱਦ ਸਰਾਹਨਾ ਕੀਤੀ । ਪ੍ਰੋ ਕੁਲਜੀਤ ਜੀ ਨਾਮਵਰ ਸ਼ਾਇਰਾ , ਐਂਕਰ ਤੇ ਟੀ ਵੀ ਹੋਸਟ ਹਨ ਜੋ ਕਿ ਸਿਰਜਨਾ ਦੇ ਆਰ ਪਾਰ ਵਿੱਚ ਹੁਣ ਤੱਕ ਦੇਸ਼ਾਂ ਵਿਦੇਸ਼ਾਂ ਤੋਂ 16.17 ਨਾਮਵਰ ਸ਼ਖ਼ਸੀਅਤਾਂ ਨਾਲ ਰੂਬਰੂ ਕਰ ਚੁੱਕੇ ਹਨ । ਪ੍ਰਸ਼ੰਸਕਾਂ ਵੱਲੋਂ ਇਸ ਪ੍ਰੋਗਰਾਮ ਨੂੰ ਬਹੁਤ ਸਲਾਹਿਆ ਜਾ ਰਿਹਾ ਹੈ ਤੇ ਉਹ ਬਹੁਤ ਉਤਾਵਲੇ ਰਹਿੰਦੇ ਹਨ ਇਸ ਪ੍ਰੋਗਰਾਮ ਨੂੰ ਦੇਖਣ ਲਈ । ਕੁਲਜੀਤ ਜੀ ਬਹੁਤ ਮੰਝੇ ਹੋਏ ਐਂਕਰ ਤੇ ਟੀ ਵੀ ਹੋਸਟ ਵੀ ਹਨ । ਜਲਦੀ ਹੀ ਇਹਨਾਂ ਪ੍ਰੋਗਰਾਮ ਨੂੰ ਕਲਮਬੰਦ ਕਰ ਕਿਤਾਬ ਤਿਆਰ ਕੀਤੀ ਜਾਣ ਦਾ ਵਿਚਾਰ ਹੈ । ਰਮਿੰਦਰ ਰੰਮੀ ਨੇ ਇਕ ਵਾਰ ਫਿਰ ਪ੍ਰਬੰਧਕੀ ਟੀਮ ਮੈਂਬਰਜ਼ ਦਾ ਤੇ ਡਾ ਸਰਬਜੀਤ ਕੌਰ ਸੋਹਲ ਜੀ ਦਾ ਦਿਲੋਂ ਧੰਨਵਾਦ ਕੀਤਾ ਜੋਕਿ ਚਾਰ ਸਾਲ ਤੋਂ ਲਗਾਤਾਰ ਸਹਿਯੋਗ ਕਰ ਰਹੇ ਹਨ ਤੇ ਆਪਣੀ ਆਪਣੀ ਜ਼ੁੰਮੇਵਾਰੀ ਨੂੰ ਬਾਖੂਬੀ ਨਿਭਾ ਰਹੇ ਹਨ । ਮੀਟਿੰਗ ਵਿੱਚ ਬਹੁਤਾਤ ਵਿੱਚ ਮੈਂਬਰਜ਼ ਨੇ ਸ਼ਿਰਕਤ ਕੀਤੀ । ਪ੍ਰੋਗਰਾਮ ਦੀ ਰਿਪੋਰਟ ਪ੍ਰੋ ਕੁਲਜੀਤ ਕੌਰ ਨੇ ਰਮਿੰਦਰ ਰੰਮੀ ਨੂੰ ਸਾਂਝੀ ਕੀਤੀ । ਧੰਨਵਾਦ ਸਹਿਤ ।
ਰਮਿੰਦਰ ਰੰਮੀ ਫ਼ਾਊਂਡਰ ਤੇ ਪ੍ਰਬੰਧਕ, ਅੰਤਰਰਾਸ਼ਟਰੀ ਸਾਹਿਤਕ ਸਾਂਝਾਂ।

Leave a Reply

Your email address will not be published. Required fields are marked *