ਉੱਘੇ ਰੰਗਮੰਚ ਅਦਾਕਾਰ ਰੁਪਿੰਦਰ ਰੂਪੀ ਬਣੇ ਅਧੀਨ ਸਕੱਤਰ
ਸਕੱਤਰੇਤ ਕਲਚਰਲ ਸੁਸਾਇਟੀ ਦੇ ਪ੍ਰਧਾਨ ਹਨ ਰੁਪਿੰਦਰ ਰੂਪੀ
ਸਕੱਤਰੇਤ ਪਰਸਨਲ ਸਟਾਫ ਐਸੋਸੀਏਸ਼ਨ ਅਤੇ ਸਕੱਤਰੇਤ ਸਾਹਿਤ ਸਭਾ ਦੇ ਪ੍ਰਧਾਨ ਮਲਕੀਤ ਸਿੰਘ ਔਜਲਾ ਵੱਲੋਂ ਰੁਪਿੰਦਰ ਰੂਪੀ ਨੂੰ ਅਧੀਨ ਸਕੱਤਰ ਬਣਨ ਦੀ ਦਿੱਤੀ ਗਈ ਵਧਾਈ
ਚੰਡੀਗੜ (ਸੁਰ ਸਾਂਝ ਡਾਟ ਕਾਮ ਬਿਊਰੋ) 01 ਸਿਤੰਬਰ:
ਪੰਜਾਬ ਸਿਵਲ ਸਕੱਤਰੇਤ ਵਿੱਚ ਮਾਲ ਤੇ ਪੁਨਰਵਾਸ ਵਿਭਾਗ ਅਧੀਨ ਵਿੱਤੀ ਕਮਿਸ਼ਨਰਜ਼ ਸਕੱਤਰੇਤ ਦੀ ਪ੍ਰਸ਼ਾਸ਼ਨ-1 ਸ਼ਾਖਾ ਵੱਲੋਂ ਅੱਜ ਹੁਕਮ ਜਾਰੀ ਕਰਕੇ ਸ੍ਰੀ ਰੁਪਿੰਦਰ ਪਾਲ ਉਰਫ ਰੁਪਿੰਦਰ ਰੂਪੀ ਸੁਪਰਡੰਟ ਗਰੇਡ-1 ਨੂੰ ਬਤੌਰ ਅਧੀਨ ਸਕੱਤਰ ਪਦ-ਉਨੱਤ ਕੀਤਾ ਗਿਆ, ਜਿਸ ਕਰਕੇ ਅੱਜ ਸਾਰਾ ਦਿਨ ਰੁਪਿੰਦਰ ਪਾਲ ਰੂਪੀ ਨੁੰ ਵਧਾਈ ਦੇਣ ਦਾ ਸਿਲਸਲਾ ਚੱਲਦਾ ਰਿਹਾ। ਜ਼ਿਕਰਯੋਗ ਹੈ ਕਿ ਰੁਪਿੰਦਰ ਰੂਪੀ ਪ੍ਰਸਿੱਧ ਅਦਾਕਾਰ ਹੈ ਅਤੇ ਉਹ ਬਹੁਤ ਸਾਰੇ ਨਾਟਕਾਂ ਵਿੱਚ ਆਪਣੀ ਅਦਾਕਾਰੀ ਦੇ ਜ਼ੌਹਰ ਦਿਖਾ ਚੁੱਕਾ ਹੈ। ਕਈ ਫਿਲਮਾਂ ਜਿਵੇਂ ਹਿੰਦੀ ਫਿਲਮ ਵੀਰ ਜ਼ਾਰਾ ਵਿੱਚ ਵੀ ਉਨਾਂ ਵੱਲੋਂ ਕੰਮ ਕੀਤਾ ਗਿਆ ਹੈ।
ਉਹ ਇਸ ਵੇਲੇ ਸਕੱਤਰੇਤ ਕਲਚਰਲ ਸੁਸਾਇਟੀ ਦੇ ਵੀ ਪ੍ਰਧਾਨ ਹਨ। ਸਕੱਤਰੇਤ ਪਰਸਨਲ ਸਟਾਫ ਐਸੋਸੀਏਸ਼ਨ ਅਤੇ ਸਕੱਤਰੇਤ ਸਾਹਿਤ ਸਭਾ ਦੇ ਪ੍ਰਧਾਨ ਮਲਕੀਤ ਸਿੰਘ ਔਜਲਾ ਵੱਲੋਂ ਰੁਪਿੰਦਰ ਰੂਪੀ ਨੂੰ ਅਧੀਨ ਸਕੱਤਰ ਬਣਨ ਦੀ ਵਧਾਈ ਦਿੰਦੇ ਹੋਏ ਭਰੋਸਾ ਜਿਤਾਇਆ ਗਿਆ ਹੈ ਕਿ ਉਹਨਾਂ ਦੀ ਅਦਾਕਾਰੀ ਦਾ ਸਫਰ ਪਹਿਲਾਂ ਦੀ ਤਰਾਂ ਨਿਰੰਤਰ ਜਾਰੀ ਰਹੇਗਾ। ਅਧੀਨ ਸਕੱਤਰ ਬਣੇ ਰੁਪਿੰਦਰ ਰੂਪੀ ਨੂੰ ਵਧਾਈ ਦੇਣ ਵਾਲਿਆਂ ਵਿੱਚ ਜਰਨੈਲ ਹੁਸ਼ਿਆਰਪੁਰੀ, ਦਲਜੀਤ ਸਿੰਘ, ਅਮਰ ਵਿਰਦੀ, ਪਰਮਦੀਪ ਭਬਾਤ, ਸੁਖਚੈਨ ਖਹਿਰਾ, ਰਾਜ ਕੁਮਾਰ ਸਾਹੋਵਾਲੀਆ, ਗੁਰਮੀਤ ਸਿੰਗਲ, ਮਨਜੀਤ ਰੰਧਾਵਾ, ਭੁਪਿੰਦਰ ਝੱਜ, ਜਸਪ੍ਰੀਤ ਰੰਧਾਵਾ, ਕੁਲਵੰਤ ਸਿੰਘ, ਅਲਕਾ ਚੋਪੜਾ, ਸੁਰਜੀਤ ਸੁਮਨ, ਬਲਜਿੰਦਰ ਬੱਲੀ, ਬਲਰਾਜ ਸਿੰਘ ਦਾਊਂ ਅਤੇ ਹੋਰ ਬਹੁਤ ਸਾਰੇ ਮੁਲਾਜਮਾਂ ਨੇ ਹਿੱਸਾ ਲਿਆ।
ਸੁਰ ਸਾਂਝ ਡਾਟ ਕਾਮ ਵੱਲੋਂ ਰੁਪਿੰਦਰ ਰੂਪੀ ਦੀਆਂ ਸੇਵਾਵਾਂ ਨੂੰ ਯਾਦ ਕਰਦਿਆਂ ਖੁਲਾਸਾ ਕੀਤਾ ਕਿ ਰੁਪਿੰਦਰ ਰੂਪੀ ਸਰਕਾਰੀ ਸੇਵਾਵਾਂ ਨਿਭਾਉਂਦਿਆਂ ਅਦਾਕਾਰੀ ਦੇ ਨਾਲ਼ ਨਾਲ਼ ਇੱਕ ਚੰਗੇ ਲੇਖਕ ਵੀ ਹਨ। ਉਨ੍ਹਾਂ ਵੱਲੋਂ ਸਭਿਆਚਾਰਕ ਵਿਰਸੇ ਨੂੰ ਸਮਰਪਿਤ ਬਹੁਤ ਸਾਰੇ ਲੇਖ ਸੁਰ ਸਾਂਝ ਮੈਗਜ਼ੀਨ ਲਈ ਲਿਖ ਕੇ ਆਪਣੀ ਸਰਗਰਮ ਭੂਮਿਕਾ ਅਦਾ ਕੀਤੀ ਹੈ। ਅਦਾਰਾ ਸੁਰ ਸਾਂਝ ਡਾਟ ਕਾਮ ਰੁਪਿੰਦਰ ਰੂਪੀ ਨੂੰ ਅਧੀਨ ਸਕੱਤਰ ਪਦ-ਉਨਤ ਹੋਣ ‘ਤੇ ਹਾਰਦਿਕ ਮੁਬਾਰਕ ਪੇਸ਼ ਕਰਦਾ ਹੈ।