ਖਾਲਸਾ ਕਾਲਜ ਮਾਹਿਲਪੁਰ ਵਿੱਚ ਕਹਾਣੀ ਗੋਸ਼ਟੀ ਸਮਾਰੋਹ ਯਾਦਗਾਰੀ ਹੋ ਨਿਬੜਿਆ
ਪੰਜਾਬ ਦੇ ਵੱਖ ਵੱਖ ਥਾਵਾਂ ਤੋਂ ਲੇਖਕਾਂ ਨੇ ਹਿੱਸਾ ਲਿਆ
ਸੱਤ ਪ੍ਰਸਿੱਧ ਕਹਾਣੀਕਾਰਾਂ ਨਾਲ ਪੈਨਲ ਚਰਚਾ ਕਰਵਾਈ ਗਈ
ਮਾਹਿਲਪੁਰ (ਸੁਰ ਸਾਂਝ ਡਾਟ ਕਾਮ ਬਿਊਰੋ), 03 ਦਸੰਬਰ:
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਸਿੱਖ ਐਜੂਕੇਸ਼ਨਲ ਕੌਂਸਲ ਦੇ ਪ੍ਰਬੰਧਾਂ ਅਧੀਨ ਚੱਲ ਰਹੇ ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਕਾਲਜ ਦੇ ਗਦਰੀ ਬਾਬਾ ਹਰਜਾਪ ਸਿੰਘ ਕਨਵੈਨਸ਼ਨ ਹਾਲ ਵਿੱਚ ਇਕ ਰੋਜ਼ਾ ਕਹਾਣੀ ਗੋਸ਼ਟੀ ਦਾ ਆਯੋਜਨ ਕੀਤਾ ਗਿਆ, ਜਿਸ ਮੌਕੇ ਪੰਜਾਬ ਦੇ ਵੱਖ ਵੱਖ ਥਾਵਾਂ ਤੋਂ ਹਾਜ਼ਰ ਹੋਏ ਚਰਚਿਤ ਸੱਤ ਕਹਾਣੀਕਾਰਾਂ ਨੇ ਕਹਾਣੀ ਲਿਖਾਂ ਦੇ ਸਿਧਾਂਤ ਬਾਰੇ ਅਤੇ ਆਪਣੀਆਂ ਕਹਾਣੀਆਂ ਦੀ ਰਚਨਾ ਪ੍ਰਕਿਰਿਆ ਬਾਰੇ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ। ਸਮਾਰੋਹ ਦੇ ਆਰੰਭ ਵਿੱਚ ਕਾਲਜ ਦੇ ਪਿ੍ਰੰਸੀਪਲ ਡਾ. ਪਰਵਿੰਦਰ ਸਿੰਘ ਨੇ ਹਾਜ਼ਰ ਮਹਿਮਾਨ ਕਹਾਣੀਕਾਰਾਂ, ਸਾਹਿਤ ਅਕਾਡਮੀ ਦੇ ਅਹੁਦੇਦਾਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਜੀ ਆਇਆ ਕਿਹਾ।


ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਫੈਲਾਅ ਲਈ ਅਜਿਹੇ ਸਮਾਰੋਹ ਯਾਦਗਾਰੀ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਅਕੈਡਮੀ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਅਕੈਡਮੀ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਸਾਹਿਤ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਅਕੈਡਮੀ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਦੱਸਿਆ। ਸਮਾਰੋਹ ਦੇ ਪਹਿਲੇ ਸੈਸ਼ਨ ਦੀ ਪੈਨਲ ਚਰਚਾ ਵਿੱਚ ਸੂਤਰਧਾਰ ਵੱਜੋਂ ਡਾ. ਜੇ ਬੀ ਸੇਖੋਂ ਨੇ ਸਮਕਾਲ ਵਿੱਚ ਰਚੀ ਜਾ ਰਹੀ ਕਹਾਣੀ ਬਾਰੇ ਚਰਚਾ ਕੀਤੀ ਅਤੇ ਪੈਨਲ ਵਿੱਚ ਸ਼ਾਮਿਲ ਕਹਾਣੀਕਾਰਾਂ ਬਲਵਿੰਦਰ ਸਿੰਘ ਗਰੇਵਾਲ, ਮੁਖਤਿਆਰ ਸਿੰਘ ਅਤੇ ਤ੍ਰਿਪਤਾ ਕੇ. ਸਿੰਘ ਦੀਆਂ ਕਹਾਣੀਆਂ ਦੇ ਵਿਸ਼ੇ ਅਤੇ ਕਲਾ ਪੱਖ ਬਾਰੇ ਵਿਚਾਰ ਰੱਖੇ। ਬਲਵਿੰਦਰ ਸਿੰਘ ਗਰੇਵਾਲ ਨੇ ਕਹਾਣੀ ਵਿੱਚ ਭਾਸ਼ਾ, ਪਾਤਰਾਂ ਅਤੇ ਘਟਨਾਵਾਂ ਦੇ ਹਵਾਲੇ ਨਾਲ ਚਰਚਾ ਕਰਦਿਆਂ ਆਪਣੀਆਂ ਕਹਾਣੀਆਂ ਦੇ ਰਚਨਾ ਸਰੋਤਾਂ ਬਾਰੇ ਦੱਸਿਆ। ਕਹਾਣੀਕਾਰ ਮੁਖਤਿਆਰ ਸਿੰਘ ਨੇ ਆਪਣੀਆਂ ਕਹਾਣੀਆਂ ਦੀ ਰਚਨਾ ਪ੍ਰਕਿਰਿਆ ਬਾਰੇ ਵਿਚਾਰ ਸਾਂਝੇ ਕਰਦਿਆਂ ਆਪਣੇ ਨਿੱਜੀ ਅਨੁਭਵ ਨੂੰ ਕਹਾਣੀ ਲਿਖਣ ਦੀ ਮੁੱਢਲੀ ਸ਼ਰਤ ਦੱਸਿਆ। ਤ੍ਰਿਪਤਾ ਕੇ. ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਪਣੀਆਂ ਕਹਾਣੀਆਂ ਵਿੱਚ ਔਰਤ ਦੀ ਅਸਲ ਆਜ਼ਾਦੀ ਦੇ ਅਰਥਾਂ ਨੂੰ ਜ਼ੁਬਾਨ ਦੇਣ ਦੀ ਕੋਸ਼ਿਸ਼ ਕੀਤੀ ਹੈ। ਡਾ ਜੇ ਬੀ ਸੇਖੋਂ ਨੇ ਸਮੁੱਚੇ ਸੰਵਾਦ ਬਾਰੇ ਆਪਣੇ ਪ੍ਰਭਾਵ ਪੇਸ਼ ਕੀਤੇ ਅਤੇ ਲੇਖਕ ਤੇ ਪਾਠਕ ਦੋਵਾਂ ਨੂੰ ਸਿਰਜਣਾ ਦੇ ਅਹਿਮ ਸੂਤਰ ਦੱਸਿਆ।
ਦੂਜੇ ਸੈਸ਼ਨ ਦੀ ਪੈਨਲ ਚਰਚਾ ਵਿੱਚ ਸੂਤਰਧਾਰ ਵੱਜੋਂ ਕਹਾਣੀਕਾਰ ਭਗਵੰਤ ਰਸੂਲਪੁਰੀ ਨੇ ਗਲਪਕਾਰ ਬਲਵੀਰ ਪਰਵਾਨਾ, ਕਹਾਣੀਕਾਰ ਜਿੰਦਰ ਅਤੇ ਕਹਾਣੀਕਾਰ ਸਾਂਵਲ ਧਾਮੀ ਨਾਲ ਜਾਣ ਪਛਾਣ ਕਰਵਾਈ ਅਤੇ ਅਸਲ ਪਾਤਰਾਂ ਨੂੰ ਕਹਾਣੀ ਵਿੱਚ ਢਾਲਣ ਦੀਆਂ ਵਿਧੀਆਂ ਤੇ ਘਾੜਤ ਬਾਰੇ ਵਿਚਾਰ ਚਰਚਾ ਕੀਤੀ। ਬਲਵੀਰ ਪਰਵਾਨਾ ਨੇ ਕਾਰਪੋਰੇਟ ਵਿਕਾਸ ਮਾਡਲ ਦਾ ਪ੍ਰਤੀ ਉੱਤਰ ਸਿਰਜਦੀਆਂ ਆਪਣੀਆਂ ਕਹਾਣੀਆਂ ਦੇ ਪਾਤਰਾਂ ਦੀ ਖੁਦਮੁਖਤਿਆਰੀ ਬਾਰੇ ਵਿਚਾਰ ਰੱਖੇ। ਜਿੰਦਰ ਨੇ ਹਿੰਦੀ, ਅੰਗਰੇਜ਼ੀ, ਮਰਾਠੀ ਅਤੇ ਹੋਰ ਭਾਸ਼ਾਵਾਂ ਵਿੱਚ ਰਚੇ ਕਲਾਸੀਕਲ ਸਾਹਿਤ ਦੇ ਅਧਿਐਨ ਨੂੰ ਆਪਣੀਆਂ ਕਹਾਣੀਆਂ ਦਾ ਮੁੱਖ ਸਰੋਤ ਦੱਸਿਆ। ਸਾਂਵਲ ਧਾਮੀ ਨੇ ਸੰਤਾਲੀ ਦੇ ਦੁਖਾਂਤ, ਸਿੱਖਿਆ ਪ੍ਰਬੰਧ ਦੀਆਂ ਖਾਮੀਆਂ ਅਤੇ ਦੰਪਤੀ ਜੀਵਨ ਬਾਰੇ ਲਿਖੀਆਂ ਕਹਾਣੀਆਂ ਦੀ ਰਚਨਾ ਪ੍ਰਕਿਰਿਆ ਸਾਂਝੀ ਕੀਤੀ। ਦੋਵੇਂ ਸੈਸ਼ਨਾਂ ਦੀ ਪੈਨਲ ਚਰਚਾ ਵਿੱਚ ਹਾਜ਼ਰ ਕਹਾਣੀਕਾਰਾਂ ਨੇ ਵਿਦਿਆਰਥੀਆਂ ਵੱਲੋਂ ਸਾਹਿਤ ਦੀ ਹੋਂਦ ਵਿਧੀ ਬਾਰੇ ਪੁੱਛੇ ਸਵਾਲਾਂ ਦੇ ਮਿਸਾਲਾਂ ਸਹਿਤ ਜਵਾਬ ਦਿੱਤੇ। ਸਮਾਰੋਹ ਮੌਕੇ ਅਕੈਡਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਕਹਾਣੀ ਗੋਸ਼ਟੀ ਦੇ ਸਮੁੱਚੇ ਪ੍ਰਭਾਵ ਸਾਂਝੇ ਕੀਤੇ ਅਤੇ ਕਾਲਜ ਦੇ ਪ੍ਰਬੰਧਕਾਂ ਨੂੰ ਅਜਿਹੇ ਸਮਾਰੋਹਾਂ ਲਈ ਅੱਗੇ ਤੋਂ ਵੀ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਪ੍ਰਬੰਧਕੀ ਕਮੇਟੀ ਦੇ ਜਨਰਲ ਸਕੱਤਰ ਪ੍ਰੋ ਅਪਿੰਦਰ ਸਿੰਘ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ ਅਤੇ ਅਜਿਹੇ ਸਮਾਰੋਹਾਂ ਤੋਂ ਵਿਦਿਆਰਥੀਆਂ ਨੂੰ ਸਿੱਖਣ ਦੀ ਪ੍ਰੇਰਨਾ ਦਿੱਤੀ।
ਇਸ ਮੌਕੇ ਸਨਮਾਨ ਸਮਾਰੋਹ ਦੀ ਕਾਰਵਾਈ ਵਿਭਾਗ ਵੱਲੋਂ ਡਾ. ਬਲਵੀਰ ਕੌਰ ਨੇ ਚਲਾਈ ਅਤੇ ਹਾਜ਼ਰ ਲੇਖਕਾਂ ਦਾ ਪੁਸਤਕਾਂ ਦੇ ਸੈੱਟਾਂ ਨਾਲ ਸਨਮਾਨ ਕੀਤਾ ਗਿਆ। ਸਮਾਰੋਹ ਮੌਕੇ ਲੇਖਕ ਅਤੇ ਸੇਵਾ ਮੁਕਤ ਐੱਸਡੀਐੱਮ ਰਾਮ ਸਿੰਘ, ਕੌਂਸਲ ਦੇ ਅਹੁਦੇਦਾਰ ਵੀਰਇੰਦਰ ਸ਼ਰਮਾ, ਲੇਖਕ ਸੁਰਿੰਦਰ ਸਿੰਘ ਸੁੰਨੜ,ਉੱਪ ਪਿ੍ਰੰ ਅਰਾਧਨਾ ਦੁੱਗਲ, ਲੇਖਕ ਅਤੇ ਫਿਲਮਕਾਰ ਬਖਸ਼ਿੰਦਰ, ਮੈਨੇਜਰ ਕਪਿਲ ਸ਼ਰਮਾ, ਸ਼ਾਇਰ ਨਵਤੇਜ ਗੜ੍ਹਦੀਵਾਲਾ, ਅਮਰੀਕ ਡੋਗਰਾ, ਲੇਖਕ ਦੀਪ ਜਗਦੀਪ ਸਿੰਘ, ਸੋਮਦੱਤ ਦਿਲਗੀਰ, ਲੇਖਕ ਬਲਜਿੰਦਰ ਮਾਨ, ਅਵਤਾਰ ਲੰਗੇਰੀ, ਪ੍ਰੀਤ ਨੀਤਪੁਰ, ਅਮਰਜੀਤ ਸਿੰਘ, ਪਿ੍ਰੰ ਸੋਹਣ ਸਿੰਘ ਸੂੰਨੀ, ਪਿ੍ਰੰ ਸੁਰਿੰਦਰਪਾਲ ਪਰਦੇਸੀ, ਪਿ੍ਰੰ ਸਰਬਜੀਤ ਸਿੰਘ, ਵਿਜੇ ਬੰਬੇਲੀ, ਜੀਵਨ ਚੰਦੇਲੀ, ਬੱਗਾ ਸਿੰਘ ਚਿੱਤਰਕਾਰ, ਤਲਵਿੰਦਰ ਹੀਰ, ਰਣਜੀਤ ਪੋਸੀ ਆਦਿ ਸਮੇਤ ਪੰਜਾਬੀ ਵਿਭਾਗ ਦੇ ਸਮੂਹ ਅਧਿਆਪਕਾਂ ਵਿੱਚ ਡਾ. ਪ੍ਰਭਜੋਤ ਕੌਰ, ਪ੍ਰੋ ਜਸਦੀਪ ਕੌਰ, ਪ੍ਰੋ ਅਸ਼ੋਕ ਕੁਮਾਰ, ਕਾਲਜ ਦਾ ਸੀਨੀਅਰ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।
ਕੈਪਸ਼ਨ- ਖਾਲਸਾ ਕਾਲਜ ਮਾਹਿਲਪੁਰ ਵਿੱਚ ਕਰਵਾਈ ਕਹਾਣੀ ਗੋਸ਼ਟੀ ਪਿੱਛੋਂ ਹਾਜ਼ਰ ਸੱਤ ਮਹਿਮਾਨ ਕਹਾਣੀਕਾਰਾਂ ਨਾਲ ਅਕੈਡਮੀ ਦੇ ਪ੍ਰਧਾਨ ਲਖਵਿੰਦਰ ਸਿੰਘ ਜੌਹਲ, ਸਕੱਤਰ ਡਾ. ਗੁਰਇਕਬਾਲ ਸਿੰਘ, ਪਿ੍ਰੰ ਪਰਵਿੰਦਰ ਸਿੰਘ ਅਤੇ ਹੋਰ ਪਤਵੰਤੇ।

