ਸਾਹਿਤ ਵਿਗਿਆਨ ਕੇਂਦਰ ਦੀ ਕਾਰਜਕਾਰਨੀ ਦੀ ਮੀਟਿੰਗ ਹੋਈ
ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 4 ਦਸੰਬਰ:


ਸਾਹਿਤ ਵਿਗਿਆਨ ਕੇਂਦਰ ਦੇ ਕਾਰਜਕਾਰਨੀ ਮੈਂਬਰਾਂ ਦੀ ਵਿਸ਼ੇਸ਼ ਮੀਟਿੰਗ ਚੰਡੀਗੜ੍ਹ ਵਿਖੇ ਹੋਈ, ਜਿਸ ਵਿਚ ਦਸੰਬਰ ਮਹੀਨੇ ਦੀ ਮਾਸਿਕ ਇਕੱਤਰਤਾ ਨੂੰ ਮਰਹੂਮ ਸ੍ਰੀ ਸੇਵੀ ਰਾਇਤ ਜੀ ਨੂੰ ਸਮਰਪਿਤ ਕਰਨ ਦਾ ਫੈਸਲਾ ਕੀਤਾ ਗਿਆ। ਇਸ ਕੇਂਦਰ ਦੇ ਮੁਢਲੇ ਸੰਸਥਾਪਕ ਅਤੇ ਲੰਬਾ ਸਮਾਂ ਪ੍ਰਧਾਨ ਰਹੇ ਸ੍ਰੀ ਸੇਵੀ ਰਾਇਤ ਜੀ, ਕੁਝ ਮਹੀਨੇ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦਾ ਪਹਿਲੀ ਜਨਵਰੀ ਨੂੰ ਜਨਮ ਦਿਨ ਹੈ, ਜਿਸ ਕਰਕੇ 31 ਦਸੰਬਰ ਦੀ ਮਾਸਿਕ ਇਕੱਤਰਤਾ ਵਿਚ ਉਹਨਾਂ ਨੂੰ ਯਾਦ ਕੀਤਾ ਜਾਵੇਗਾ।
ਸ੍ਰੀ ਸਿਰੀ ਰਾਮ ਅਰਸ਼, ਡਾ. ਅਵਤਾਰ ਸਿੰਘ ਪਤੰਗ, ਪਰਮਜੀਤ ਕੌਰ ਪਰਮ ਅਤੇ ਹੋਰ ਉਹਨਾਂ ਦੇ ਨੇੜਲੇ ਸਾਥੀ ਆਪਣੀਆਂ ਯਾਦਾਂ ਸਾਂਝੀਆਂ ਕਰਨਗੇ ਇਕੱਤਰਤਾ ਵਿਚ ਸ਼ਾਮਲ ਕਵੀ ਸਾਹਿਬਾਨ, ਰਾਇਤ ਜੀ ਦੇ ਵਿਛੋੜੇ ਬਾਰੇ ਕਵਿਤਾਵਾਂ ਰਾਹੀਂ ਆਪਣੀਆਂ ਭਾਵਨਾਵਾਂ ਪ੍ਰਗਟ ਕਰਨਗੇ। ਇਸ ਇਕੱਤਰਤਾ ਵਿਚ ਸ੍ਰੀ ਸੇਵੀ ਰਾਇਤ ਜੀ ਦੇ ਪਰਿਵਾਰਕ ਮੈਂਬਰ, ਕਮਿਊਨਿਸਟ ਪਾਰਟੀ ਦੇ ਬੁਲਾਰੇ ਅਤੇ ਵਪਾਰ ਮੰਡਲ ਦੇ ਮੈਂਬਰ ਵੀ ਸ਼ਾਮਲ ਹੋਣਗੇ। ਇਸ ਮੀਟਿੰਗ ਵਿਚ ਕੇਂਦਰ ਦੀਆਂ ਅਗਲੇ ਸਾਲ ਦੀਆਂ ਨਵੀਆਂ ਯੋਜਨਾਵਾਂ ਬਾਰੇ ਵਿਚਾਰ ਕੀਤਾ ਗਿਆ। ਕੇਂਦਰ ਦੇ ਸਰਪ੍ਰਸਤ ਡਾ. ਅਵਤਾਰ ਸਿੰਘ ਪਤੰਗ ਨੇ ਪੂਰੇ ਦੇ ਪੂਰੇ ਮੈਂਬਰਾਂ ਦਾ ਸਮੇਂ-ਸਿਰ ਹਾਜ਼ਰ ਹੋਣ ਲਈ ਧੰਨਵਾਦ ਕੀਤਾ।

