ਸੂਰਜ ਨਾਲ ਖੇਡਦਿਆਂ/ ਗੁਰਭਜਨ ਗਿੱਲ
ਸੂਰਜ ਨਾਲ ਖੇਡਦਿਆਂ
ਧਰਤੀ ਜਿੱਡਾ ਜੇਰਾ,
ਅੰਬਰ ਜਿਹੀ ਵਿਸ਼ਾਲ ਬੁੱਕਲ,
ਤੇ ਸਮੁੰਦਰ ਜਿੰਨਾ ਡੂੰਘਾ ਦਿਲ ਚਾਹੀਦੈ।
ਐਵੇਂ ਨਹੀਂ ਬਣਦਾ
ਇਹ ਗਗਨ ਥਾਲ ਜਿਹਾ।
ਨਹੀਂ ਬਣਦੇ ਸੂਰਜ ਤੇ ਚੰਦਰਮਾ,
ਨਿੱਕੜੇ ਨਿੱਕੜੇ ਦੀਵੜੇ।
ਤਾਰਾ ਮੰਡਲ ਨਿਹਾਰਨਾ ਇੱਕੋ ਨਜ਼ਰ,
ਤੇ ਆਖਣਾ ਮੋਤੀਆਂ ਦਾ ਥਾਲ।
ਸਾਰੀ ਕਾਇਨਾਤ ਦੇ ਫੁੱਲ ਪਤਰਾਲ।
ਜੜੀਆਂ ਬੂਟੀਆਂ,
ਮਹਿਕਦੀਆਂ ਪੌਣਾਂ ਨੂੰ
ਚੌਰ ਵਿੱਚ ਬਦਲਣਾ।
ਏਨਾ ਸਹਿਲ ਨਹੀਂ ਹੁੰਦਾ ਜਨਾਬ।
ਖ਼ੁਦ ਨੂੰ ਖ਼ੁਦੀ ਦੇ ਪੁੜਾਂ ਹੇਠੋਂ ਕੱਢਣਾ,
ਤੇ ਕੁਲਪਾਲ ਨਹੀਂ ਲੋਕਪਾਲ ਬਣਨਾ।
ਆਪਣਾ ਮਿੱਟੀ
ਆਪ ਪੁੱਟਣ, ਕੁੱਟਣ, ਗੁੰਨ੍ਹਣ ਤੇ
ਮੁੜ ਉੱਸਰਨ ਦੇ ਬਰਾਬਰ
ਹੁੰਦਾ ਹੈ ਨਿੱਤ ਨੇਮ।
ਸੂਰਜ ਨਾਲ ਖੇਡਣ ਲਈ,


ਉਸ ਦਾ ਹਾਣੀ ਬਣਨਾ ਪੈਂਦਾ ਹੈ।
ਜੋਟੀਦਾਰ, ਬਾਲ ਸਖਾ ਯਾਰ।
ਐਵੇਂ ਨਹੀਂ ਪੈਂਦੀ ਅੱਖ ਵਿੱਚ ਅੱਖ।
ਹੱਥਾਂ ਦੀ ਕਰਿੰਘੜੀ
ਤੇ ਪਕੜ ਪੀਡੀ ਕਰਨੀ ਪੈਂਦੀ ਹੈ।
ਨਿਰੰਤਰ ਨਿਭਣ ਲਈ।
ਸਵਾਹ ਹੋਣ ਲਈ ਹਰ ਪਲ,
ਤਿਆਰ ਬਰ ਤਿਆਰ ਰਹਿਣਾ ਪੈਂਦੈ।
ਸਿਰ ਧਰ ਤਲੀ
ਗਲੀ ਮੋਰੀ ਆਉ ਦਾ ਸਬਕ,
ਸਿਰਫ਼ ਕੀਰਤਨੀਆਂ ਲਈ ਹੀ ਨਹੀਂ,
ਖ਼ੁਦ ਆਂਦਰਾਂ ਨਾਲ,
ਨੱਥਣਾ ਪੈਂਦਾ ਹੈ ਇਹ ਸੰਦੇਸ਼।
ਸੂਰਜ ਦਾ ਗੋਲ਼ਾ
ਗੇਂਦ ਬਣਾ ਕੇ ਖੇਡਣ ਲਈ
ਖ਼ੁਦ ਨੂੰ ਗ਼ੈਰਹਾਜ਼ਰ ਕਰਨਾ ਪੈਂਦਾ ਹੈ।
ਨਿੱਕੀਆਂ ਨਿੱਕੀਆਂ ਖੇਡਾਂ ਖੇਡਦਿਆਂ,
ਭੁੱਲ ਹੀ ਗਏ ਹਾਂ ਵੱਡੀਆਂ ਖੇਡਾਂ।
ਸਭ ਧਰਤੀ ਕਾਗਦ ਬਣਾ ਕੇ,
ਪੂਰੇ ਸਮੁੰਦਰ ਦੀ ਸਿਆਹੀ ਘੋਲ,
ਸਗਲ ਬਨਸਪਤੀ ਦੀਆਂ
ਕਲਮਾਂ ਨਾਲ,
ਇਬਾਰਤ ਲਿਖਣ ਵਰਗਾ ਬਹੁਤ ਕੁਝ।
ਵਿੱਸਰ ਗਿਆ ਹੈ
ਸੁਖ ਰਹਿਣੇ ਚੰਮਾਂ ਨੂੰ ਅਸਲ ਕੰਮ।
ਗਊ ਗਰੀਬ ਦੀ ਰਾਖ਼ੀ ਕਰਦਿਆਂ ਆਪ ਨਹੀਂ ਭੇੜੀਏ ਬਣਨਾ।
ਨਾ ਬਸਤਰ ਦੇ ਜੰਗਲਾਂ ਵਿੱਚ
ਸ਼ਿਕਾਰ ਖੇਡਣਾ ਹੈ।
ਬਿਰਖ਼ਾਂ ਦੀ ਵੇਦਨ ਸੁਣਨਾ ਹੈ।
ਤਨ ਤਪਦੀ ਲੋਹ ਤੇ ਧਰਦਿਆਂ
ਤੇਰਾ ਕੀਆ ਮੀਠਾ ਲਾਗੇ ਦੀ
ਸਿਖ਼ਰਲੀ ਟੀਸੀ ਤੇ ਚੜ੍ਹਨਾ ਪੈਂਦੈ।
ਐਵੇਂ ਨਹੀਂ ਤਪਦੀ ਰੇਤ
ਤਪੱਸਿਆ ਬਣਦੀ।
ਸੂਰਜ ਨਾਲ ਖੇਡਦਿਆਂ
ਤਨ ਤੰਦੂਰ ਤਪਾਉਣਾ ਪੈਂਦਾ ਹੈ
ਹੱਡਾਂ ਦੇ ਬਾਲਣ ਨਾਲ
ਐਵੇਂ ਨਹੀਂ ਨਸੀਬ ਹੁੰਦੀ
ਲਾਲਨ ਦੀ ਲਾਲੀ।
ਸ਼ਬਦ-ਸਾਧਨਾ ਮਗਰੋਂ ਹੀ
ਬਣਦੇ ਨੇ ਸੂਰਜਵੰਸ਼ੀ।
ਸਿਰਫ਼ ਜਨਮਜ਼ਾਤੀਏ
ਕੇਵਲ ਖਿੰਘਰ ਵੱਟੇ
ਨਿਰੀ ਰਹਿੰਦ ਖੂੰਹਦ ਕੂੜਾ ਕਰਕਟ,
ਭਰਮ ਭਾਂਡਾ ਸਾਂਭਦੇ
ਬਿਤਾ ਲੈਂਦੇ ਹਨ ਪੂਰੀ ਅਉਧ।
ਧਰਤੀ ਤੇ ਲਕੀਰਾਂ ਵਾਹੁੰਦੇ
ਵਤਨ ਵਤਨ ਖੇਡਦੇ
ਰਾਖੇ ਹੋਣ ਦੇ ਭਰਮ ’ਚ,
ਖ਼ੁਦ ਲੁਕਦੇ ਫਿਰਦੇ
ਸ਼ਾਹ ਦੌਲੇ ਦੇ ਚੂਹੇ ।
ਸੱਤਾ ਵਾਨ ਬਣਦੇ
ਸਿੱਖਿਆ ਸ਼ਾਸਤਰੀ ਬੌਣੇ।
ਉਹ ਕੀ ਜਾਨਣ
ਉਡਣ ਪੰਖੇਰੂਆਂ ਦੀ ਉਡਾਣ
ਸਾਨੂੰ ਦਿਨ ਰਾਤ ਸਿਖਾਉਂਦੇ ਹਨ
ਰੀਂਘਣ ਦੀ ਤਕਨੀਕ।
ਅਠਾਰਵੀਂ ਸਦੀ ਵੱਲ
ਮੂੰਹ ਕਰਵਾਉਂਦੇ ਹਨ ਚਾਬਕ ਧਾਰੀਏ।
ਹੁਣ ਕੁੱਲ ਬ੍ਰਹਿਮੰਡ
ਆਪਣਾ ਆਪਣਾ ਲੱਗਦਾ ਹੈ।
ਸਰਬੱਤ ਦਾ ਭਲਾ
ਸਿਰਫ਼ ਅਰਦਾਸ ਵੇਲੇ ਹੀ ਨਹੀਂ
ਦਮ ਦਮ ਨਾਲ ਤੁਰਦਾ ਹੈ,
ਸੂਰਜ ਨਾਲ ਖੇਡਦਿਆਂ।

