ਸਾਹਿਤਕ ਸੱਥ ਵੱਲੋਂ ਬਹਾਦਰ ਸਿੰਘ ਗੋਸਲ ਦੀਆਂ ਦੋ ਪੁਸਤਕਾਂ ‘ਸਬਰ ਸੰਤੋਖ ਦਾ ਫ਼ਲ’ ਅਤੇ ‘ਭੂਤਾਂ ਵਾਲਾ ਤੂਤ’ ਰਿਲੀਜ਼ ਅਤੇ ਕਵੀ ਦਰਬਾਰ ਦਾ ਆਯੋਜਨ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 21 ਜਨਵਰੀ:
ਅੱਜ ਸਾਹਿਤਕ ਸੱਥ ਖਰੜ ਵੱਲੋਂ ਸਥਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਨਾਮਵਰ ਲੇਖਕ ਬਹਾਦਰ ਸਿੰਘ ਗੋਸਲ ਦੀਆਂ ਬਾਲ ਕਹਾਣੀਆਂ ਦੀਆਂ ਦੋ ਪੁਸਤਕਾਂ ਰਿਲੀਜ਼ ਕਰਨ ਹਿੱਤ ਸਮਾਗਮ ਦਾ ਅਯੋਜਨ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਸ੍ਰੀ ਜੀ.ਕੇ.ਸਿੰਘ ਆਈ.ਏ.ਐੱਸ.(ਰਿਟਾ.) ਅਤੇ ਪ੍ਰਧਾਨਗੀ ਮੰਡਲ ਵਿੱਚ ਜਸਪਾਲ ਸਿੰਘ ਦੇਸੂਵੀ (ਕੈਨੇਡਾ), ਬਾਲ ਸਾਹਿਤ ਦੇ ਨਾਮਵਰ ਲੇਖਕ ਦਰਸ਼ਨ ਸਿੰਘ ਆਸ਼ਟ ਅਤੇ ਬਹਾਦਰ ਸਿੰਘ ਗੋਸਲ ਸ਼ੁਸ਼ੋਭਿਤ ਹੋਏ।


ਸਮਾਗਮ ਦੀ਼ ਸ਼ੁਰੂਆਤ ਵਿੱਚ ਸੁਰਜੀਤ ਸੁਮਨ ਵੱਲੋਂ ਸਾਰਿਆਂ ਦਾ ਸਵਾਗਤ ਕੀਤਾ ਗਿਆ। ਜਨਰਲ ਸਕੱਤਰ ਪਿਆਰਾ ਸਿੰਘ ‘ਰਾਹੀ’ ਵੱਲੋਂ ਪ੍ਰਧਾਨਗੀ ਮੰਡਲ ਵਿੱਚ ਸ਼ੁਸ਼ੋਭਿਤ ਸਾਰੇ ਮਹਿਮਾਨਾਂ ਦਾ ਤੁਆਰਫ਼ ਕਰਵਾਉਣ ਉਪਰੰਤ ਮੁੱਖ ਮਹਿਮਾਨ ਅਤੇ ਪ੍ਰਧਾਨਗੀ ਮੰਡਲ ਵੱਲੋਂ ਨਾਮਵਰ ਲੇਖਕ ਬਹਾਦਰ ਸਿੰਘ ਗੋਸਲ ਦੁਆਰਾ ਲਿਖਿਤ ਬਾਲ ਸਾਹਿਤ ਦੀਆਂ ਦੋ ਪੁਸਤਕਾਂ ‘ਸਬਰ ਸੰਤੋਖ ਦਾ ਫ਼ਲ’ ਅਤੇ ‘ਭੂਤਾਂ ਵਾਲਾ ਤੂਤ’ ਨੂੰ ਰਿਲੀਜ਼ ਕੀਤਾ ਗਿਆ। ਇਹਨਾਂ ਦੋਹਾਂ ਪੁਸਤਕਾਂ ‘ਤੇ ਕ੍ਰਮਵਾਰ ਪਿਆਰਾ ਸਿੰਘ ਰਾਹੀ ਅਤੇ ਗੁਰਿੰਦਰ ਸਿੰਘ ਕਲਸੀ ਵੱਲੋਂ ਪੇਪਰ ਪੜ੍ਹੇ ਗਏ। ‘ਰਾਹੀ’ ਵੱਲੋਂ ਆਪਣੇ ਪੇਪਰ ਵਿੱਚ ਜਿੱਥੇ ਗੋਸਲ ਵੱਲੋਂ ਨਿਰੰਤਰ ਲੇਖਣੀ ਨਾਲ ਪੰਜਾਬੀ ਮਾਂ-ਬੋਲੀ ਦੀ ਕੀਤੀ ਜਾ ਰਹੀ ਸੇਵਾ ਦੀ ਪ੍ਰਸੰਸਾ ਕੀਤੀ, ਉੱਥੇ ਪੁਸਤਕ ਵਿੱਚ ਦਰਜ ਸਾਰੀਆਂ ਕਹਾਣੀਆਂ ਬਾਰੇ ਵਿਸਥਾਰ ਨਾਲ ਗੱਲ ਕਰਦਿਆਂ ਕਿਹਾ ਕਿ ਵਿਸ਼ਿਆਂ ਦੀ ਵੰਨ-ਸਵੰਨਤਾ, ਲੇਖਣੀ ਦੀ ਰੌਚਕਿਤਾ, ਭਾਸ਼ਾ ਦੀ ਸਰਲਤਾ ਆਦਿ ਗੁਣਾਂ ਨਾਲ ਭਰਪੂਰ ਇਹ ਸਾਰੀਆਂ ਕਹਾਣੀਆਂ ਸਮੁੱਚੇ ਰੂਪ ਵਿੱਚ ਆਧੁਨਿਕ, ਵਿਗਿਆਨਿਕ ਸੋਚ ਅਧਾਰਿਤ ਜ਼ਿੰਦਗੀ ਨੂੰ ਸੋਹਣਾ ਬਣਾਉਣ ਲਈ ਹਾਂ-ਪੱਖੀ ਨਜ਼ਰੀਏ ਦਾ ਸੁਨੇਹਾ ਦਿੰਦੀਆਂ ਹਨ। ਇਸ ਲਈ ਇਹਨਾਂ ਦਾ ਸਵਾਗਤ ਕਰਨਾ ਬਣਦਾ ਹੈ।
ਗੁਰਿੰਦਰ ਸਿੰਘ ਕਲਸੀ ਨੇ ਵੀ ਪੁਸਤਕ ਵਿੱਚ ਦਰਜ ਸਾਰੀਆਂ ਕਹਾਣੀਆਂ ਦੀ ਪੁੜਚੋਲ ਕਰਦਿਆਂ ਕਹਾਣੀਆਂ ਵਿੱਚ ਦਰਸਾਏ ਵਿਗਿਆਨਿਕ ਸੋਚ ਭਰਪੂਰ ਸਿੱਖਿਆਵਾਂ ਦੀ ਪ੍ਰਸੰਸਾ ਕੀਤੀ। ਜਲੌਰ ਸਿੰਘ ਖੀਵਾ ਨੇ ਵੀ ਬਾਲ ਸਾਹਿਤ ਬਾਰੇ ਮਹੱਤਵਪੂਰਨ ਗੱਲਾਂ ਸਾਂਝੀਆਂ ਕੀਤੀਆਂ। ਇਸ ਮੌਕੇ ਤੇ ਬੋਲਦਿਆਂ ਮੁੱਖ ਮਹਿਮਾਨ ਸ੍ਰੀ ਜੀ.ਕੇ.ਸਿੰਘ ਨੇ ਬੱਚਿਆਂ ਨੂੰ ਕਿਤਾਬਾਂ ਨਾਲ ਜੋੜਨ ਲਈ ਮਾਪਿਆਂ ਵੱਲੋਂ ਵਿਸ਼ੇਸ਼ ਭੂਮਿਕਾ ਨਿਭਾਉਣ ਦੀ ਲੋੜ ਤੇ ਜ਼ੋਰ ਦਿੱਤਾ। ਪ੍ਰਧਾਨਗੀ ਕਰ ਰਹੇ ਜਸਪਾਲ ਸਿੰਘ ਦੇਸੂਵੀ ਅਤੇ ਦਰਸ਼ਨ ਸਿੰਘ ਆਸ਼ਿਟ ਨੇ ਵੀ ਬਾਲ ਸਾਹਿਤ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਲੇਖਕ ਦੀ ਭਰਪੂਰ ਸ਼ਲਾਘਾ ਕੀਤੀ।
ਦੂਜੇ ਦੌਰ ਵਿੱਚ ਚੱਲੇ ਕਵੀ ਦਰਬਾਰ ਵਿੱਚ ਹਾਜ਼ਿਰ ਸ਼ਾਇਰਾਂ ਨੇ ਆਪੋ ਆਪਣੀਆਂ ਕਵਿਤਾਵਾਂ, ਗੀਤਾਂ, ਗ਼ਜ਼ਲਾਂ ਨਾਲ ਸੱਭ ਨੂੰ ਸਰਸ਼ਾਰ ਕਰ ਦਿੱਤਾ, ਜਿਨ੍ਹਾਂ ਵਿੱਚ ਹਾਕਮ ਸਿੰਘ ਨੱਤਿਆਂ, ਸੁਰਜੀਤ ਸੁਮਨ, ਡਾ.ਸੁਦਾਗਰ ਸਿੰਘ ਪਾਲ, ਹਿੱਤ ਅਭਿਲਾਸ਼ੀ ਹਿੱਤ, ਤਰਸੇਮ ਸਿੰਘ ਕਾਲੇਵਾਲ, ਖੁਸ਼ੀ ਰਾਮ ਨਿਮਾਣਾ, ਭਗਤ ਰਾਮ ਰੰਗਾਰਾ, ਨੀਲਮ ਨਾਰੰਗ, ਸੁਮਿੱਤਰ ਸਿੰਘ, ਗੁਰਸ਼ਰਨ ਸਿੰਘ, ਕੇਸਰ ਸਿੰਘ ਇੰਸਪੈਕਟਰ, ਧਿਆਨ ਸਿੰਘ ਕਾਹਲੋਂ, ਗੋਪਾਲ ਸ਼ਰਮਾ, ਸਰਬਜੀਤ ਸਿੰਘ ਚੌਟਾਲਾ, ਅਵਤਾਰ ਸਿੰਘ ਮੁੱਲਾਂਪੁਰ ਦਾਖਾ, ਗੁਰਮੀਤ ਸਿੰਗਲ, ਡਾ.ਮਨਜੀਤ ਸਿੰਘ ਮਝੈਲ, ਮੰਦਰ ਗਿੱਲ ਸਾਹਿਬਚੰਦੀਆ, ਅਮਰਜੀਤ ਬਠਲਾਣਾ, ਮਨਦੀਪ ਰਿੰਪੀ (ਰੋਪੜ), ਮਲਕੀਤ ਸਿੰਘ ਨਾਗਰਾ, ਅਜਮੇਰ ਸਾਗਰ, ਭੁਪਿੰਦਰ ਸਿੰਘ ਭਾਗੋਮਾਜਰਾ, ਦਰਸ਼ਨ ਤਿਉਣਾ, ਸੁਖਵੀਰ ਸਿੰਘ ਨੇ ਭਾਗ ਲਿਆ।
ਅਖੀਰ ਵਿੱਚ ਜਸਪਾਲ ਸਿੰਘ ਦੇਸੂਵੀ ਵੱਲੋਂ ਆਪਣੀ ਰਚਨਾ ਨੂੰ ਤਰੰਨਮ ਵਿੱਚ ਪੇਸ਼ ਕਰਕੇ ਮਾਹੌਲ ਨੂੰ ਸਿਖ਼ਰ ‘ਤੇ ਪਹੁੰਚਾ ਦਿੱਤਾ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪਿਆਰਾ ਸਿੰਘ ਰਾਹੀ ਵੱਲੋਂ ਬਾ-ਖ਼ੂਬੀ ਨਿਭਾਈ ਗਈ। ਉਪਰੋਕਤ ਤੋਂ ਇਲਾਵਾ ਸਮਾਗਮ ਵਿੱਚ ਰਣਧੀਰ ਸਿੰਘ, ਕੁਲਤਾਰ ਸਿੰਘ, ਸੰਦੀਪ ਸਿੰਘ, ਸਕਿੰਦਰ ਸਿੰਘ ਪੱਲ੍ਹਾ, ਸੀਤਲ ਸਿੰਘ, ਭਾਗ ਸਿੰਘ ਸ਼ਾਹਪੁਰ, ਗੁਰਮੇਲ ਸਿੰਘ ਖਰੜ ਆਦਿ ਨੇ ਵੀ ਹਾਜ਼ਿਰੀ ਭਰੀ।
ਪਿਆਰਾ ਸਿੰਘ ਰਾਹੀ, ਜਨਰਲ ਸਕੱਤਰ, ਸਾਹਿਤਕ ਸੱਥ ਖਰੜ।

