ਤੰਦਰੁਸਤੀ ਲਈ ਅਧਿਆਪਕਾਂ ਦੀ ਵੀ ਅਹਿਮ ਜ਼ਿੰਮੇਵਾਰੀ : ਡਾ .ਅਲਕਜੋਤ ਕੌਰ
ਚੰਡੀਗੜ੍ਹ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ), 25 ਜਨਵਰੀ:
ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਵਿਖੇ ਅਧਿਆਪਕਾਂ ਅਤੇ ਆਂਗਨਵਾੜੀ ਵਰਕਰਾਂ ਨੂੰ ਆਇਰਨ ਅਤੇ ਫ਼ੋਲਿਕ ਐਸਿਡ ਦੀਆਂ ਗੋਲੀਆਂ ਬੱਚਿਆਂ ਨੂੰ ਦੇਣ ਸਬੰਧੀ ਦੋ ਦਿਨਾ ਬਲਾਕ ਪੱਧਰੀ ਸਿਖਲਾਈ ਦਿਤੀ ਗਈ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਜੋਤ ਕੌਰ ਨੇ ਕਿਹਾ ਕਿ ਮਾਪਿਆਂ ਤੋਂ ਬਾਅਦ ਅਧਿਆਪਕ ਹੀ ਬੱਚਿਆਂ ਨਾਲ ਵੱਧ ਸਮਾਂ ਬਿਤਾਉਂਦੇ ਹਨ ਅਤੇ ਉਨ੍ਹਾਂ ਨਾਲ ਗੂੜ੍ਹੀ ਸਾਂਝ ਪਾ ਸਕਦੇ ਹਨ। ਇਸ ਤਰ੍ਹਾਂ ਬੱਚਿਆਂ ਦੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਅਧਿਆਪਕਾਂ ਦੀ ਵੀ ਕਾਫ਼ੀ ਜ਼ਿੰਮੇਵਾਰੀ ਬਣ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਅਤੇ ਆਂਗਨਵਾੜੀ ਵਰਕਰ ਮੋਬਾਈਲ ਹੈਲਥ ਟੀਮਾਂ ਦਾ ਵੱਧ ਤੋਂ ਵੱਧ ਸਹਿਯੋਗ ਕਰਨ ਦੇ ਨਾਲ-ਨਾਲ ਅਪਣੇ ਤੌਰ ਤੇ ਵੀ ਬੱਚਿਆਂ ਦੀ ਸਿਹਤ ਪਰਖਦੇ ਰਹਿਣ ਅਤੇ ਜੇ ਬੱਚਿਆਂ ਅੰਦਰ ਕਿਸੇ ਤਰ੍ਹਾਂ ਦੀ ਬੀਮਾਰੀ ਦੇ ਲੱਛਣ ਨਜ਼ਰ ਪੈਂਦੇ ਹਨ ਤਾਂ ਤੁਰੰਤ ਸਿਹਤ ਟੀਮਾਂ ਨੂੰ ਜਾਣਕਾਰੀ ਦਿਤੀ ਜਾਵੇ।
ਡਾ. ਵਿਕਾਸ ਰਣਦੇਵ ਨੇ ਅਪਣੇ ਸੰਬੋਧਨ ਵਿਚ ਦਸਿਆ ਕਿ ਸਿਹਤ ਅਤੇ ਪਰਵਾਰ ਭਲਾਈ ਵਿਭਾਗ ਦੁਆਰਾ ਲੰਮੇ ਸਮੇਂ ਸਮੇਂ ਤੋਂ ਰਾਸ਼ਟਰੀ ਕਿਸ਼ੋਰ ਸਵਾਸਥ ਕਾਰਿਆਕ੍ਰਮ ਸਫ਼ਲਤਾ ਨਾਲ ਚਲਾਇਆ ਜਾ ਰਿਹਾ ਹੈ ਜਿਸ ਤਹਿਤ 0 ਤੋਂ 18 ਸਾਲ ਦੇ ਸਰਕਾਰੀ,  ਸਰਕਾਰੀ ਮਾਨਤਾ ਪ੍ਰਾਪਤ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ਵਿਚ ਦਾਖ਼ਲ ਬੱਚਿਆਂ ਨੂੰ ਖ਼ੂਨ ਦੀ ਕਮੀ ਤੋਂ ਬਚਾਉਣ ਲਈ ਆਇਰਨ ਅਤੇ ਫ਼ੋਲਿਕ ਐਸਿਡ ਦੀਆਂ ਗੋਲੀਆਂ ਅਤੇ ਸਿਰਪ ਦਿਤਾ ਜਾਂਦਾ ਹੈ।
ਇਸ ਤੋਂ ਇਲਾਵਾ ਪੇਟ ਦੇ ਕੀੜੇ ਮਾਰਨ ਲਈ ਅਲਬੈਂਡਾਜ਼ੋਲ ਦੀਆਂ ਗੋਲੀਆਂ ਅਤੇ ਸਿਰਪ ਦਿਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸਿਖਲਾਈ ਦਾ ਮੰਤਵ ਹੈ ਕਿ ਅਧਿਆਪਕਾਂ ਅਤੇ ਆਂਗਨਵਾੜੀ ਵਰਕਰਾਂ ਨੂੰ ਇਸ ਪ੍ਰੋਗਰਾਮ ਬਾਰੇ ਵੱਧ ਤੋਂ ਵੱਧ ਜਾਣਕਾਰੀ ਦਿਤੀ ਜਾ ਸਕੇ ਤਾਕਿ ਉਹ ਸਕੂਲੀ ਬੱਚਿਆਂ ਦੀ ਤੰਦਰੁਸਤੀ ਯਕੀਨੀ ਬਣਾ ਸਕਣ। ਉਨ੍ਹਾਂ ਦਸਿਆ ਕਿ ਸਿਹਤ ਵਿਭਾਗ ਵਲੋਂ ਇਕ ਹੋਰ ਪ੍ਰੋਗਰਾਮ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਵੀ ਚਲਾਇਆ ਜਾ ਰਿਹਾ ਹੈ ਜਿਸ ਤਹਿਤ ਸਕੂਲੀ ਬੱਚਿਆਂ ਦੀਆਂ ਕਈ ਬੀਮਾਰੀਆਂ ਦੀ ਜਾਂਚ ਅਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਦਸਿਆ ਕਿ ਸਿਹਤ ਵਿਭਾਗ ਦੀਆਂ ਮੋਬਾਈਲ ਹੈਲਥ ਟੀਮਾਂ ਵੱਖ ਵੱਖ ਸਕੂਲਾਂ ਵਿਚ ਜਾ ਕੇ ਜਾਂਚ ਦਾ ਕੰਮ ਕਰਦੀਆਂ ਹਨ ਅਤੇ ਲੋੜ ਪੈਣ ’ਤੇ ਬੱਚਿਆਂ ਨੂੰ ਵੱਡੇ ਹਸਪਤਾਲਾਂ ਵਿਚ ਵੀ ਭੇਜਦੀਆਂ ਹਨ।
ਟਰੇਨਿੰਗ ਦੌਰਾਨ ਅਧਿਆਪਕਾਂ ਅਤੇ ਆਂਗਨਵਾੜੀ ਵਰਕਰਾਂ ਦੇ ਵੱਖ ਵੱਖ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਵੀ ਦਿਤੇ ਗਏ। ਇਸ ਮੌਕੇ ਡਾ. ਅਰੁਣ ਬਾਂਸਲ, ਡਾ. ਪਿ੍ਰਯੰਕਾ, ਡਾ. ਰੋਹਿਨੀ, ਡਾ. ਸੁਬਿਨ, ਟਰੇਨਿੰਗ ਕੋਆਰਡੀਨੇਟਰ ਬਲਜਿੰਦਰ ਸੈਣੀ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।