www.sursaanjh.com > ਚੰਡੀਗੜ੍ਹ/ਹਰਿਆਣਾ > ਸਾਹਿਤ ਵਿਗਿਆਨ ਕੇਂਦਰ ਵਲੋਂ ਪੁਸਤਕ ਲੋਕ-ਅਰਪਣ

ਸਾਹਿਤ ਵਿਗਿਆਨ ਕੇਂਦਰ ਵਲੋਂ ਪੁਸਤਕ ਲੋਕ-ਅਰਪਣ

ਸਾਹਿਤ ਵਿਗਿਆਨ ਕੇਂਦਰ ਵਲੋਂ ਪੁਸਤਕ ਲੋਕ-ਅਰਪਣ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 8 ਫਰਵਰੀ:
ਸਾਹਿਤ ਵਿਗਿਆਨ ਕੇਂਦਰ ਦੀ ਵਿਸ਼ੇਸ਼ ਇਕੱਤਰਤਾ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਹੋਈ, ਜਿਸ ਵਿਚ ਦਿੱਲੀ ਨਿਵਾਸੀ ਸ੍ਰੀ ਕਮਲ ਕਲੰਦਰ ਜੀ ਦੀ ਪੁਸਤਕ “ਤਰਜ਼-ਏ-ਕਲੰਦਰ” ਦਾ ਲੋਕ ਅਰਪਣ ਕੀਤਾ ਗਿਆ। ਉੱਘੇ ਗਜ਼ਲਗੋ ਸ੍ਰੀ ਸਿਰੀ ਰਾਮ ਅਰਸ਼ ਨੇ ਪ੍ਰਧਾਨਗੀ ਕੀਤੀ ਅਤੇ ਸ੍ਰੀ ਜਸਪਾਲ ਸਿੰਘ ਦੇਸੂਵੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਪ੍ਰਧਾਨਗੀ ਮੰਡਲ ਵਿਚ ਇਹਨਾਂ ਤੋਂ ਇਲਾਵਾ ਲੇਖਕ ਕਮਲ ਕਲੰਦਰ, ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ, ਕੇਂਦਰ ਦੇ ਸਰਪ੍ਰਸਤ ਡਾ: ਅਵਤਾਰ ਸਿੰਘ ਪਤੰਗ ਵੀ ਸ਼ੁਸ਼ੋਭਿਤ ਸਨ। ਕਮਲ ਜੀ ਦੀ ਇਸ ਕਿਤਾਬ ਵਿਚੋ ਬਲਵਿੰਦਰ ਸਿੰਘ ਢਿੱਲੋਂ ਵਲੋਂ ਗਜਲਾਂ ਗਾਉਣ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਹੋਈ। ਡਾ: ਸ਼ਿੰਦਰਪਾਲ ਸਿੰਘ ਅਤੇ ਭਗਤ ਰਾਮ ਰੰਗਾੜਾ ਜੀ ਨੇ ਪ੍ਰਧਾਨਗੀ ਮੰਡਲ ਨਾਲ ਮਿਲ ਕੇ ਪੁਸਤਕ ਦਾ ਲੋਕ ਅਰਪਣ ਕੀਤਾ।
ਡਾ: ਪਰਵੀਨ ਸ਼ੇਰੋਂ ਨੇ ਕਿਹਾ ਕਿ ਕੁਦਰਤ, ਸਾਹਿਤ ਅਤੇ ਮਨੁੱਖ ਦਾ ਆਪਸੀ ਗੂੜ੍ਹਾ ਸਬੰਧ ਹੈ। ਹਰ ਇਕ ਮਨੁੱਖ ਕਿਸੇ ਵੀ ਸਥਿਤੀ ਨੂੰ ਆਪਣੇ ਮਨ ਦੀ ਅਵਸਥਾ ਅਨੁਸਾਰ ਵੇਖਦਾ ਹੈ। ਅਜਿਹੀ ਵਧੀਆ ਸੂਫੀ ਕਿਤਾਬ ਦਾ ਪਾਠਕਾਂ ਦੇ ਹੱਥ ਆਉਣਾ ਸ਼ੁੱਭ ਸ਼ਗਨ ਹੈ। ਪਰਸ ਰਾਮ ਸਿੰਘ ਬੱਧਨ ਨੇ ਕਿਹਾ ਕਿ ਸੂਫੀਆਂ ਦੀ ਸੰਗਤ ਮਾਣਨ ਵਾਲਾ ਇਸ ਪੁਸਤਕ ਨੂੰ ਡੂੰਘਾਈ ਵਿਚ ਸਮਝ ਸਕਦਾ ਹੈ। ਡਾ; ਪਤੰਗ ਨੇ ਕਿਹਾ ਕਿ ਉੱਚੀ ਅਧਿਆਤਮਕ ਅਵਸਥਾ ਵਾਲਾ ਹੀ ਕਲੰਦਰ ਬਣ ਸਕਦਾ ਹੈ।
ਕਮਲ ਕਲੰਦਰ ਦੀਆਂ ਗਜਲਾਂ ਪੜ੍ਹ ਕੇ ਮਨ ਨੂੰ ਧੂਹ ਪੈਂਦੀ ਹੈ।
ਪਰਮਜੀਤ ਪਰਮ ਨੇ ਕਿਤਾਬ ਵਿਚੋਂ ਕੁੱਝ ਚੋਣਵੇਂ ਸ਼ੇਅਰ ਸੁਣਾਏ। ਉਹਨਾਂ ਕਿਹਾ ਕਿ ਕਿਤਾਬ ਵਿਚ ਘਟਨਾਵਾਂ ਦਾ ਵਧੀਆ ਸ਼ਬਦ ਚਿਤਰਣ ਕੀਤਾ ਹੈ। ਲੇਖਕ ਕਮਲ ਕਲੰਦਰ ਨੇ ਕਿਹਾ ਕਿ ਉਹ ਮਿਹਨਤ ਅਤੇ ਲਗਨ ਨਾਲ ਗਜਲਾਂ  ਲਿਖਦੇ ਹਨ। ਲੇਖਕਾਂ ਵਲੋਂ ਹੌਸਲਾ ਮਿਲਣ ਨਾਲ ਹੋਰ ਅੱਗੇ ਲਿਖਣ ਨੂੰ ਮਨ ਕਰਦਾ ਹੈ। ਮੁੱਖ ਮਹਿਮਾਨ ਦੇਸੂਵੀ ਨੇ ਕਿਹਾ ਕਿ ਗ਼ਜ਼ਲ ਲਿਖਣਾ ਔਖਾ ਕਾਰਜ ਹੈ। ਰਚਨਾ ਸਮੇਂ ਦੇ ਹਾਣ ਦੀ ਹੋਣੀ ਚਾਹੀਦੀ ਹੈ। ਪ੍ਰਧਾਨਗੀ  ਭਾਸ਼ਨ ਵਿਚ ਅਰਸ਼ ਜੀ ਨੇ ਕਿਹਾ ਕਿ ਕਵਿਤਾ ਪਹਿਲਾਂ ਆਈ ਤੇ ਪਿੰਗਲ ਬਾਅਦ ਵਿਚ ਬਣਿਆ। ਕਵਿਤਾ ਜਾਂ ਗ਼ਜ਼ਲ ਨੂੰ ਲੈਅ ਦੇ ਨਾਲ ਜਦੋਂ ਸੌਰ ਮਿਲ ਜਾਂਦੀ ਹੈ, ਤਾਂ ਨਵੀਂ ਊਰਜਾ ਪੈਦਾ ਹੁੰਦੀ ਹੈ।
ਇਸ ਮੌਕੇ ਸਿਮਰਜੀਤ ਗਰੇਵਾਲ, ਗੁਰਦਾਸ ਸਿੰਘ ਦਾਸ,ਸੁਰਜੀਤ ਸਿੰਘ ਧੀਰ, ਦਰਸ਼ਨ ਤਿਊਣਾ ਅਤੇ ਤਰਸੇਮ ਰਾਜ ਨੇ ਗੀਤ ਗਾ ਕੇ ਮਾਹੌਲ ਰੰਗੀਨ ਬਣਾ ਦਿੱਤਾ। ਅਖੀਰ ਵਿਚ ਡਾ: ਪਤੰਗ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਡਾ: ਮਨਜੀਤ ਸਿੰਘ ਬੱਲ, ਅਜਾਇਬ ਔਜਲਾ, ਲਾਭ ਸਿੰਘ ਲਹਿਲੀ, ਪਾਲ ਅਜਨਬੀ, ਹਰਬੰਸ ਸਿੰਘ ਸੋਢੀ, ਕਮਲੇਸ਼ ਕੁਮਾਰ, ਰਾਜ ਰਾਣੀ, ਸੱਤਿਆ ਦੇਵੀ, ਰਜਿੰਦਰ ਰੇਨੂ, ਚਰਨਜੀਤ ਕੌਰ ਬਾਠ, ਪੰਮੀ ਸਿੱਧੂ ਸੰਧੂ, ਬਲਜਿੰਦਰ ਕੌਰ ਸ਼ੇਰਗਿੱਲ, ਸੁਰਿੰਦਰ ਕੌਰ ਬਾੜਾ, ਹਰਸਿਮਰਤ ਕੌਰ, ਕਿਰਨ ਬੇਦੀ, ਸੰਜੀਵਨ ਨਾਟਕਕਾਰ, ਸੋਹਣ ਸਿੰਘ ਬੈਨੀਪਾਲ, ਸ਼ਾਇਰ ਭੱਟੀ, ਪਿਆਰਾ ਸਿੰਘ ਰਾਹੀ, ਰਤਨ ਬਾਬਕਵਾਲਾ, ਸਿਕੰਦਰ ਸਿੰਘ, ਭੁਪਿੰਦਰ ਭਾਗੋਮਾਜਰਾ, ਧਿਆਨ ਸਿੰਘ ਕਾਹਲੋਂ ਅਤੇ ਸੁਰਿੰਦਰ ਕੁਮਾਰ ਹਾਜ਼ਰ ਸਨ।

ਦਵਿੰਦਰ ਕੌਰ ਢਿੱਲੋਂ (ਜਨ: ਸਕੱਤਰ), ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ – ਫੋਨ 98148 51298

Leave a Reply

Your email address will not be published. Required fields are marked *