ਸਾਹਿਤਕ ਸੱਥ ਖਰੜ ਵੱਲੋਂ ਕਹਾਣੀਕਾਰ ਸੁਖਜੀਤ ਨੂੰ ਸ਼ਰਧਾਂਜਲੀ ਉਪਰੰਤ ਕਵੀ ਦਰਬਾਰ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 18 ਫਰਵਰੀ:
ਸਾਹਿਤਕ ਸੱਥ ਖਰੜ ਦੀ ਮਹੀਨਾਵਾਰ ਇਕੱਤਰਤਾ ਸਥਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਈl ਇਸ ਮੀਟਿੰਗ ਦੀ ਪ੍ਰਧਾਨਗੀ ਮੰਡਲ ’ਚ ਅਮਰਜੀਤ ਕੌਰ ਮੋਰਿੰਡਾ, ਜਸਵਿੰਦਰ ਸਿੰਘ ਕਾਈਨੌਰ ਅਤੇ ਸਰੂਪ ਸਿਆਲਵੀ ਸ਼ਾਮਿਲ ਹੋਏl ਮੀਟਿੰਗ ਦੀ ਸ਼ੁਰੂਆਤ ’ਚ ਨਾਮਵਰ ਕਹਾਣੀਕਾਰ ਅਤੇ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਸੁਖਜੀਤ ਦੀ ਹੋਈ ਬੇਵਕਤੀ ਮੌਤ ਦੇ ਕਾਰਨ ਦੋ ਮਿੰਟ ਦਾ ਮੌਨ ਰੱਖ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈl


ਇਸ ਤੋਂ ਉਪਰੰਤ ਕਵੀ ਦਰਬਾਰ ’ਚ ਸਮਿੱਤਰ ਸਿੰਘ ਦੋਸਤ, ਪਵਨਪ੍ਰੀਤ ਸਿੰਘ ਵਡਾਲਾ, ਜਸਕੀਰਤ ਸਿੰਘ ਕੁਰਾਲੀ, ਮੰਦਰ ਗਿੱਲ ਸਾਹਿਬਚੰਦੀਆ, ਬਲਦੇਵ ਸਿੰਘ ਬੁਰਜਾਂ, ਨੀਲਮ ਨਾਰੰਗ, ਅਮਰਜੀਤ ਕੌਰ ਮੋਰਿੰਡਾ, ਮਲਕੀਤ ਸਿੰਘ ਨਾਗਰਾ, ਹਿੱਤ ਅਭਿਲਾਸ਼ੀ, ਪਿਆਰਾ ਸਿੰਘ ਰਾਹੀ, ਜਸਵਿੰਦਰ ਸਿੰਘ ਕਾਈਨੌਰ, ਸੁਖਵੀਰ ਸਿੰਘ ਮੁਹਾਲੀ, ਖ਼ੁਸ਼ੀ ਰਾਮ ਨਿਮਾਣਾ, ਸਤਬੀਰ ਕੌਰ, ਗੁਰਸ਼ਰਨ ਸਿੰਘ ਕਾਕਾ, ਤਰਸੇਮ ਸਿੰਘ ਕਾਲੇਵਾਲ, ਸੰਦੀਪ ਸਿੰਘ ਕਾਲੇਵਾਲ ਅਤੇ ਅਜਮੇਰ ਸਾਗਰ ਨੇ ਆਪੋ-ਆਪਣੀਆਂ ਕਵਿਤਾਵਾਂ, ਗੀਤ ਅਤੇ ਗ਼ਜ਼ਲਾਂ ਆਦਿ ਪੇਸ਼ ਕੀਤੀਆਂ।
ਭਾਗ ਸਿੰਘ ਸ਼ਾਹਪੁਰ ਨੇ ਭਾਸ਼ਣ ਦੌਰਾਨ ਕਿਹਾ ਕਿ ਇਨਸਾਨ ਨੂੰ ਸਾਹਿਤ ਸਭਾਵਾਂ ਨਾਲ ਜੁੜਕੇ ਸਮਾਜ ਦੇ ਬਹੁਤ ਸਾਰੇ ਪੱਖਾਂ ਬਾਰੇ ਜਾਣਕਾਰੀ ਮਿਲਦੀ ਹੈ। ਉੱਘੇ ਕਹਾਣੀਕਾਰ ਸਰੂਪ ਸਿਆਲਵੀ ਨੇ ਪ੍ਰਧਾਨਗੀ ਭਾਸ਼ਣ ’ਚ ਕਿਹਾ ਕਿ ਸਾਨੂੰ ਸਾਹਿਤ ਨਾਲ ਜਰੂਰ ਜੁੜਨਾ ਚਾਹੀਦਾ ਹੈ। ਸਾਹਿਤ ਨਾਲ ਸੰਬੰਧ ਰੱਖਣ ’ਤੇ ਆਤਮ ਵਿਸ਼ਵਾਸ ਵੱਧਦਾ ਹੈ ਤੇ ਚੰਗੀ ਸੇਧ ਵੀ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਪੁਆਧ ਦੀ ਧਰਤੀ (ਜ਼ਿਲਾ ਮੋਹਾਲੀ) ਤੋਂ ‘ਸ਼ਿਵਾਲਿਕ‘ ਨਾਂ ਦਾ ਤਿਮਾਹੀ ਪੁਸਤਕ ਲੜੀ (ਮੈਗਜ਼ੀਨ) ਬਹੁਤ ਹੀ ਜਲਦੀ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਦਾ ਪਹਿਲਾ ਅੰਕ ਮਾਰਚ ਮਹੀਨੇ ਦੀ ਅਗਲੀ ਮੀਟਿੰਗ ’ਤੇ ਰਿਲੀਜ਼ ਕੀਤਾ ਜਾਵੇਗਾ।
ਅਖੀਰ ਵਿੱਚ ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਨੇ ਸਾਰੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਸਾਹਿਤ ਵੱਲ ਪ੍ਰੇਰਿਤ ਕਰਕੇ ਸਾਹਿਤ ਸਭਾਵਾਂ ਨਾਲ ਜੋੜਿਆ ਜਾਵੇ। ਮੰਚ ਸੰਚਾਲਨ ਦੀ ਕਾਰਵਾਈ ਸੱਥ ਦੇ ਜਨਰਲ ਸਕੱਤਰ ਪਿਆਰਾ ਸਿੰਘ ਰਾਹੀ ਵੱਲੋਂ ਬਾਖੂਬੀ ਨਿਭਾਈ ਗਈ।
ਵੱਲੋਂ: ਪਿਆਰਾ ਸਿੰਘ ਰਾਹੀ (ਜਨਰਲ ਸਕੱਤਰ) 94638-37388

