ਅੰਤਰ ਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 21 ਫਰਵਰੀ:


ਪੰਜਾਬ ਸਾਹਿਤ ਅਕਾਦਮੀ ਚੰਡੀਗੜ ਵੱਲੋਂ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਨਾਭਾ ਦੇ ਸਹਿਯੋਗ ਨਾਲ ਅੰਤਰ ਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਸ਼੍ਰੀ ਸੰਦੀਪ ਨਾਗਰ ਪ੍ਰਿੰਸੀਪਲ ਵੱਲੋ ਕੀਤੀ ਗਈ। ਇਸ ਸਮਾਗਮ ਵਿੱਚ ਵਿਦਿਆਰਥੀ ਅਧਿਆਪਕਾ ਵੱਲੋ ਮਾਤ ਭਾਸ਼ਾ ਨਾਲ ਆਪਣੇ ਵਿਚਾਰ ਅਤੇ ਕਵਿਤਾਵਾਂ ਤੇ ਗੀਤਾਂ ਨਾਲ ਆਪਣੇ ਵਲਵਲੇ ਸਾਂਝੇ ਕੀਤੇ। ਅਰਵਿੰਦਰ ਢਿੱਲੋਂ ਨੇ ਪੰਜਾਬ ਸਾਹਿਤ ਅਕਾਦਮੀ ਚੰਡੀਗੜ ਵੱਲੋਂ ਡਾਕਟਰ ਸਰਬਜੀਤ ਕੌਰ ਸੋਹਲ ਦੀ ਅਗਵਾਈ ਵਿੱਚ ਕੀਤੇ ਯਤਨਾਂ ਦੇ ਜ਼ਿਕਰ ਨਾਲ ਮਾਤ ਭਾਸ਼ਾ ਦੇ ਮਹੱਤਵ ਬਾਰੇ ਕਿਹਾ ਕਿ ਅੱਜ ਖੇਤਰੀ ਭਾਸ਼ਾਵਾਂ ਲਈ ਖਤਰੇ ਦੀ ਘੜੀ ਹੈ। ਸੰਸਾਰ ਪੱਧਰ ਤੇ ਵਿਸ਼ਵੀਕਰਨ ਦੇ ਦੌਰ ਵਿੱਚ ਭਾਸ਼ਾਵਾਂ ਨੂੰ ਬਚਾਉਣ ਲਈ ਹਰ ਸੰਭਵ ਯਤਨ ਕੀਤੇ ਜਾਣੇ ਚਾਹੀਦੇ ਹਨ। ਭਾਸ਼ਾ ਦੇ ਨਾਲ ਸਾਡੀ ਹੋਂਦ, ਸਾਡਾ ਅਮੀਰ ਵਿਰਸਾ ਜੁੜਿਆ ਹੋਇਆ ਹੈ।ਇਸ ਲਈ ਸਾਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ।
ਸੰਦੀਪ ਨਾਗਰ ਪ੍ਰਿੰਸੀਪਲ ਨੇ ਕਿਹਾ ਜਾਪਾਨ, ਰੂਸ, ਜਰਮਨੀ, ਚੀਨ ਵਰਗੇ ਦੇਸ਼ ਆਪਣੀ ਬੋਲੀ ਲਈ ਸਹਿਰਦ ਯਤਰ ਕਰ ਰਹੇ ਹਨ। ਸਾਨੂੰ ਸਬਕ ਲੈਣ ਦੀ ਲੋੜ ਹੈ। ਸਾਨੂੰ ਸਾਰਿਆਂ ਨੂੰ ਯਤਨ ਕਰਨ ਦੀ ਲੋੜ ਹੈ। ਆਪਣੀ ਬੋਲੀ ਲਈ ਮਿਲ ਬੈਠ ਕੇ ਵਿਚਾਰ ਕਰਦਿਆਂ ਬਣਦਾ ਯੋਗਦਾਨ ਪਾਈਏ ਤੇ ਆਪਣੇ ਅਮੀਰ ਵਿਰਸੇ ਨੂੰ ਸੰਭਾਲਣ ਦਾ ਉਪਰਾਲਾ ਕਰੀਏ। ਇਸ ਮੌਕੇ ਅਜੀਤ ਸਿੰਘ, ਰਵਿੰਦਰ ਕੁਮਾਰ, ਯਾਦਵਿੰਦਰ ਕੁਮਾਰ, ਅਮਿਤ ਸਿੰਘ, ਵਿਨੋਦ ਕੁਮਾਰ, ਸਤੀਸ਼ ਕੁਮਾਰ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਪੰਜਾਬ ਸਾਹਿਤ ਅਕਾਦਮੀ ਚੰਡੀਗੜ ਵੱਲੋਂ ਭਾਗ ਲੈਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ ਗਿਆ।

