23ਫਰਵਰੀ ਨੂੰ ਅਰਦਾਸ ਸਮਾਗਮ ਤੇ ਵਿਸ਼ੇਸ਼
ਪਿਆਰੇ ਵੀਰ ਜਗਦੇਵ ਸਿੰਘ ਗਰੇਵਾਲ ਨੂੰ ਯਾਦ ਕਰਦਿਆਂ
ਦਾਦ (ਲੁਧਿਆਣਾ) (ਸੁਰ ਸਾਂਝ ਡਾਟ ਕਾਮ ਬਿਊਰੋ), 22 ਫਰਵਰੀ:
ਦਾਦ (ਲੁਧਿਆਣਾ) ਦੇ ਸ. ਮਹਿੰਦਰ ਸਿੰਘ ਗਰੇਵਾਲ ਦੇ ਪੋਤਰੇ ਤੇ ਸ. ਰਾਜਵੰਤ ਸਿੰਘ ਗਰੇਵਾਲ ਦੇ ਵੱਡੇ ਪੁੱਤਰ ਜਗਦੇਵ ਸਿੰਘ ਗਰੇਵਾਲ ਦਾ ਵਿਛੋੜਾ ਸਿਰਫ਼ ਪਰਿਵਾਰ ਲਈ ਹੀ ਨਹੀਂ, ਸਗੋਂ ਸਾਰੇ ਪਰਿਵਾਰਕ ਸਨੇਹੀਆਂ ਲਈ ਵੀ ਅਤਿਅੰਤ ਦੁਖਦਾਈ ਹੈ। ਉਹ ਸ਼ਾਂਤ ਵਗਦਾ ਦਰਿਆ ਸੀ। ਬਲੌਰੀ ਅੱਖਾਂ ਵਾਲਾ ਇਹ ਗੱਭਰੂ ਜਦ ਹੱਸਦਾ ਤਾਂ ਪੌਣਾਂ ਚ ਮਹਿਕ ਵੰਡਦਾ। ਚੁੱਪ ਚਾਪ ਰਹਿਣ ਵਾਲਾ ਜਗਦੇਵ ਆਪਣੀ ਕਿਸਮ ਦਾ ਆਪ ਹੀ ਸੀ।
ਉਸ ਦਾ ਜਨਮ 29 ਸਤੰਬਰ 1976 ਨੂੰ ਲੁਧਿਆਣਾ ਦੇ ਕਪੂਰ ਹਸਪਤਾਲ ਵਿੱਚ ਘਰ ਅੰਦਰ ਪਲੇਠੇ ਪੁੱਤਰ ਵਜੋਂ ਹੋਇਆ। ਮਾਂ ਸੁਖਜਿੰਦਰ ਕੌਰ ਤੇ ਬਾਬਲ ਰਾਜਵੰਤ ਸਿੰਘ ਨੇ ਉਸ ਨੂੰ ਦਾਦੀ ਮਾਂ ਤੋਂ ਐਸੀ ਗੁੜ੍ਹਤੀ ਦਿਵਾਈ ਕਿ ਉਹ ਕਿਰਤ ਕਰਮ ਨੂੰ ਆਖ਼ਰੀ ਸਵਾਸਾਂ ਤੀਕ ਨਿਭਾ ਗਿਆ। ਉਸ ਦੇ ਚਾਰ ਮਿੱਤਰ ਪੱਕੇ ਸਨ, ਬਹੁਤ ਗੂੜ੍ਹੇ। ਚਹੁੰ ਵਿੱਚੋਂ ਵਿਕਾਸ ਪਾਲ ਵਿਗ ਫੁੱਲਾਂ ਦਾ ਕਾਰੋਬਾਰ ਕਰਦਾ ਸੀ, ਪਹਿਲਾ ਉਹ ਨਿੱਖੜਿਆ 2018 ਵਿੱਚ। ਫੁੱਲਾਂ ਦੀ ਖਿੜਨ ਰੁੱਤੇ ਅਗਨ ਹਵਾਲੇ ਹੋ ਗਿਆ। ਹੁਣ ਜਗਦੇਵ ਚਲਾ ਗਿਆ।
ਯਾਰਾਂ ਦਾ ਯਾਰ ਸੀ ਜਗਦੇਵ ਸਿੰਘ ਗਰੇਵਾਲ ਜੋ ਆਪਣੇ ਪਿੱਛੇ ਛੱਡ ਗਿਆ ਸਾਡੇ ਲਈ ਯਾਦਾਂ ਦੀ ਪਟਾਰੀ! ਟੁੱਟੇ ਸੁਪਨਿਆਂ ਦਾ ਕੱਚ ਖਿਲਾਰ ਗਿਆ। ਚੁਗਣਾ ਮੁਹਾਲ ਹੈ। ਉਸ ਦੇ ਦੋ ਮਿੱਤਰ ਕੁਲਰਾਜ ਸਿੰਘ ਹੰਸਰਾ ਵੈਨਕੁਵਰ ਕੈਨੇਡਾ ਵਿੱਚ ਤੇ ਰਣਬੀਰ ਸਿੰਘ ਰਾਣਾ ਛੀਨਾ ਰੀਨੋ(ਅਮਰੀਕਾ)ਵਿੱਚ। ਦੋਵੇਂ ਆਪਣੇ ਜਾਨੀ ਦੋਸਤ ਨੂੰ ਅਲਵਿਦਾ ਕਹਿਣ ਤੁਰੰਤ ਲੁਧਿਆਣੇ ਪਹੁੰਚ ਗਏ ਨੇ। ਪਹਾੜ ਡਿੱਗਾ ਹੈ ਦਰਦਾਂ ਦਾ। ਦਾਦ ਪਿੰਡ ਦਾ ਜੰਮਿਆ ਜਾਇਆ ਲੁਧਿਆਣਾ ਦੇ ਘੁੱਗ ਵੱਸਦੇ ਸਰਾਭਾ ਨਗਰ ਵਿੱਚੋਂ ਜਗਦੇਵ ਭਰ ਜਵਾਨੀ ’ਚ ਉਡਾਰੀ ਮਾਰ ਗਿਆ। ਉਸ ਦੇ ਚਲੇ ਜਾਣ ਦਾ ਕਿਸੇ ਨੇ ਸੱਤ ਜਨਮ ਸੁਪਨੇ ਵਿਚ ਵੀ ਨਹੀਂ ਸੋਚਿਆ। ਹਾਏ! ਨਰਮ ਕਾਲਜਾ ਖੁੱਸਦਾ, ਡੋਰਾ ਸਣੇ ਬਾਜ਼ ਉੱਡ ਗਏ।


ਪਿਆਰਾ ਜਗਦੇਵ ਸਾਨੂੰ ਅੱਧਵਾਟੇ ਛੱਡ ਕੇ ਸਦਾ ਲਈ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਿਆ। ਜੀ ਹਾਂ, ਇਹ ਪਿਆਰਾ ਵੀਰ ਸੀ ਦਾਦ ਪਿੰਡ ਵਾਲੇ ਸ. ਮਹਿੰਦਰ ਸਿੰਘ ਗਰੇਵਾਲ ਦਾ ਵੱਡਾ ਪੋਤਰਾ। ਗਰੇਵਾਲ ਪਰਿਵਾਰ ਦੀ ਫੁਲਵਾੜੀ ਦਾ ਸੂਹੇ ਗੁਲਾਬ ਵਰਗਾ। ਇਹ ਰੰਗਲਾ ਸੱਜਣ ਆਪਣੇ ਛੋਟੇ ਲਾਡਲੇ ਭਰਾ ਦਲਜੀਤ ਸਿੰਘ ਗਰੇਵਾਲ ਅਤੇ ਆਪਣੀ ਧਰਮਪਤਨੀ ਅਮਨਪ੍ਰੀਤ ਕੌਰ ਤੇ ਬੱਚਿਆਂ ਸਮੇਤ ਸਮੁੱਚੇ ਪਰਿਵਾਰ ਨੂੰ ਸਦਾ ਲਈ ਅਲਵਿਦਾ ਆਖ ਗਿਆ।
ਜਗਦੇਵ ਕਦੇ ਜੇਬ ਵਿੱਚ ਬਟੂਆ ਨਹੀਂ ਸੀ ਰੱਖਦਾ। ਨਿੱਕੇ ਭਰਾ ਨੂੰ ਹੀ ਕਹਿੰਦਾ ਕਿ ਏਨੇ ਕੁ ਦੇ ਦੇ। ਜਦ ਕਦੇ ਦਲਜੀਤ ਨੇ ਕਹਿਣਾ ਕਿ ਵੀਰਿਆ! ਆਪੇ ਹੀ ਕੱਢ ਲੈ ਤਾਂ ਉਸ ਮਿੱਠਾ ਜਿਹਾ ਮੁਸਕਰਾਉਣਾ ਤੇ ਕਹਿਣਾ! ਮੈਥੋਂ ਨਹੀਂ ਇਹ ਪੈਸੇ ਵਾਲੀ ਗਿਣਤੀ ਮਿਣਤੀ ਸਾਂਭੀ ਜਾਂਦੀ। ਤੂੰ ਹੀ ਕਰੀ ਜਾਹ! ਦਰਵੇਸ਼ਾਂ ਵਰਗੀ ਬੇ ਲਾਗ ਰੂਹ ਸੀ ਉਸ ਦੀ।
ਜਗਦੇਵ ਨੇ ਮੁੱਢਲੀ ਪੜ੍ਹਾਈ ਗੁਰੂ ਨਾਨਕ ਪਬਲਿਕ ਸਕੂਲ, ਸਰਾਭਾ ਨਗਰ, ਲੁਧਿਆਣਾ ਤੋਂ ਕਰਨ ਉਪਰੰਤ ਨਿਊ ਹਾਇਰ ਸੈਕੰਡਰੀ ਸਕੂਲ ਸਰਾਭਾ ਨਗਰ ਵਿੱਚ ਦਾਖਲਾ ਲੈ ਲਿਆ। ਇਥੋਂ ਉਸ ਪਲੱਸ ਟੂ ਪਾਸ ਕਰਕੇ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਵਿੱਚੋਂ ਉਚੇਰੀ ਸਿੱਖਿਆ ਲਈ ਦਾਖ਼ਲਾ ਲੈ ਲਿਆ। ਕਦੇ ਏਸੇ ਕਾਲਜ ਵਿੱਚ ਉਸ ਦੇ ਪਿਤਾ ਸ. ਰਾਜਵੰਤ ਸਿੰਘ ਗਰੇਵਾਲ ਵੀ ਸ਼ਮਸ਼ੇਰ ਸਿੰਘ ਸੰਧੂ ਤੇ ਪ੍ਰੋ. ਗੁਰਭਜਨ ਸਿੰਘ ਗਿੱਲ ਦੇ ਸਹਿਪਾਠੀ ਸਨ। ਕਮਾਲ ਇਹ ਕਿ ਜਿਥੇ ਉਸ ਦੇ ਬਾਪ ਦੀ ਦੋਸਤੀ ਪੰਜਾਹ ਵਰੇ ਤੋਂ ਗੁਰਭਜਨ ਗਿੱਲ ਨਾਲ ਨਿਭ ਰਹੀ ਹੈ, ਉਥੇ ਜਗਦੇਵ ਦਲਜੀਤ ਦੀ ਦੋਸਤੀ ਵੀ ਚਾਲੀ ਸਾਲ ਪੁਰਾਣੀ ਹੈ, ਗੁਰਭਜਨ ਗਿੱਲ ਦੇ ਪੁੱਤਰ ਪੁਨੀਤਪਾਲ ਨਾਲ। ਗੁਰੂ ਨਾਨਕ ਪਬਲਿਕ ਸਕੂਲ ਵਿੱਚ ਸਿਰ ਤੇ ਪਟਕੇ ਬੰਨ੍ਹ ਕੇ ਜਾਣ ਵੇਲੇ ਤੋਂ ਆਖਰੀ ਸਾਹਾਂ ਤੀਕ।
ਜਗਦੇਵ ਤੇ ਦਲਜੀਤ ਦੋਹਾਂ ਵੀਰਾਂ ਨੇ ਆਪਣੇ ਬਾਪ ਦੇ ਕਾਰੋਬਾਰ ਤੋਂ ਵੱਖਰੀ ਕਿਸਮ ਦਾ ਮੈਰਿਜ ਪੈਲੇਸ ਕਾਰੋਬਾਰ ਰਿਵੇਰਾ ਰੀਜ਼ਾਰਟਸ ਨਾਮ ਹੇਠ ਆਰੰਭਿਆ ਤਾਂ ਇਸ ਵਿੱਚ ਹੱਥੀਂ ਕਿਰਤ ਕਰਕੇ ਇਸ ਦੀ ਉਸਾਰੀ ਕਰਵਾਈ। ਇਸ ਦੇ ਨਾਲ ਹੀ ਆਰਕੇਡੀਅਨ ਵਿਲਾ ਉਸਾਰ ਲਿਆ। ਜਿਹੜਾ ਕੰਮ ਲੇਬਰ ਨਾ ਕਰਦੀ ਉਸ ਨੂੰ ਇਹ ਦੋਵੇਂ ਭਰਾ ਖਿੜੇ ਮੱਥੇ ਕਰਕੇ ਆਨੰਦ ਲੈਂਦੇ।
ਰਿਵੇਰਾ ਦੇ ਅੰਦਰ ਹੀ ਜਗਦੇਵ ਨੇ ਰਿਵੇਰਾ ਨਾਮ ਦਾ ਕੈਨਲ ਵੀ ਸ਼ੁਰੂ ਕੀਤਾ ਜੋ ਹੁਣ ਤੀਕ ਕੌਮੀ ਪਛਾਣ ਬਣਾ ਚੁਕਾ ਹੈ। ਇਸ ਕੰਮ ਵਿੱਚ ਉਹ ਚੰਡੀਗੜ੍ਹ ਵਾਸੀ ਸ. ਹਰਿੰਦਰ ਸਿੰਘ ਔਲਖ ਨੂੰ ਆਪਣਾ ਮਾਰਗ ਦਰਸ਼ਕ ਮੰਨਦਾ ਸੀ। ਬਾਬਲ ਵਰਗੇ ਰਾਹ ਦਿਸੇਰੇ। ਉਸ ਨੂੰ ਘੋੜ ਸਵਾਰੀ ਦਾ ਵੀ ਸ਼ੌਕ ਸੀ। ਮਨਸੂਰਾਂ ਪਿੰਡ ਵਿੱਚ ਪਰਿਵਾਰ ਵੱਲੋਂ ਵਿਕਸਤ ਫਾਰਮ ਹਾਊਸ ਤੇ ਉਸ ਚੰਗੀ ਨਸਲ ਦੇ ਕੁੱਤੇ ਤੇ ਘੋੜੇ ਸ਼ੌਕ ਲਈ ਪਾਲੇ ਹੋਏ ਸਨ। ਉਹ ਵਪਾਰਕ ਬਿਰਤੀ ਵਾਲਾ ਬਿਲਕੁਲ ਨਹੀਂ ਸੀ ਸਗੋਂ ਸ਼ੌਕ ਦੇ ਬਾਜ ਪਾਲਦਾ ਸੀ। ਸ਼ੌਕ ਦੇ ਘੋੜੇ ਛੋਲੇ ਨਹੀਂ ਖਾਂਦੇ ਹੁੰਦੇ ਸਗੋਂ ਜਿਗਰ ਦਾ ਖ਼ੂਨ ਪੀਂਦੇ ਹਨ। ਉਹ ਸ਼ੌਕ ਦੇ ਘੋੜੇ ਪਾਲਦਾ ਹੀ ਸਾਨੂੰ ਆਖ਼ਰੀ ਫ਼ਤਹਿ ਬੁਲਾ ਗਿਆ। ਡਾ. ਜਗਤਾਰ ਦੀ ਗ਼ਜ਼ਲ ਦਾ ਸ਼ਿਅਰ ਯਾਦ ਆ ਰਿਹੈ, ਕਾਫ਼ਲੇ ਵਿੱਚ ਤੂੰ ਨਹੀਂ ਭਾਵੇਂ ਰਿਹਾ, ਯਾਦ ਤੇਰੀ ਦਿਲ ਚੋਂ ਪਰ ਜਾਣੀ ਨਹੀਂ।
ਉਹ ਮਹਿਕਦਾ ਇਨਸਾਨ ਸੀ। ਪਰਿਵਾਰ ਨੂੰ ਜੋੜ ਕੇ ਰੱਖਣ ਵਾਲੀ ਸਾਂਝੀ ਕੜੀ। ਉਸ ਦੀ ਮਾਂ ਨੇ ਭਾਵੇਂ ਉਸ ਸਮੇਤ ਦੋ ਹੀ ਪੁੱਤਰ ਜੰਮੇ ਪਰ ਚਾਚਿਆਂ ਦੀਆਂ ਧੀਆਂ ਤੇ ਪੁੱਤਰ ਵੀ ਉਸ ਦਾ ਵੱਡਾ ਕੁਟੰਭ ਸੀ। ਉਸ ਦਾ ਦਿਲ ਕਰਦਾ ਸੀ ਸਾਡਾ ਸਭ ਦਾ ਐਸਾ ਸਾਂਝਾ ਘਰ ਹੋਵੇ ਜਿਸ ਵਿੱਚ ਸਾਰਾ ਟੱਬਰ ਇਕੱਠਾ ਵੱਸੇ। ਇਸ ਦੀ ਉਹ ਯੋਜਨਾਕਾਰੀ ਵੀ ਕਰ ਰਿਹਾ ਸੀ।
ਜਗਦੇਵ ਸਿੰਘ ਗਰੇਵਾਲ ਦੀ ਸ਼ਾਦੀ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਸ. ਕਪੂਰ ਸਿੰਘ ਨਸਰਾਲੀ ਦੀ ਪੋਤਰੀ ਮਨਜੀਤ ਕੌਰ ਦੀ ਬੇਟੀ ਅਮਨ ਨਾਲ ਹੋਈ। ਅਮਨ ਦੇ ਪਿਤਾ ਜੀ ਸ. ਸੋਹਣ ਸਿੰਘ ਨਾਗਰਾ ਪਿੰਡ ਸੁਮੇਰਪੁਰ (ਬੰਬਨਗਰ ਚੌਰਾਹਾ) ਉੱਤਰ ਪ੍ਰਦੇਸ਼ ਦੇ ਅਗਾਂਹਵਧੂ ਕਿਸਾਨ ਤੇ ਕਾਰੋਬਾਰੀ ਹਨ। ਹੁਣ ਭਾਵੇਂ ਕੈਲੇਫੋਰਨੀਆ ਚ ਟਰਾਂਸਪੋਰਟ ਨਾਲ ਸਬੰਧ ਰੱਖਦੇ ਹਨ ਪਰ ਮੂਲ ਰੂਪ ਵਿੱਚ ਧਰਤੀ ਨਾਲ ਜੁੜੇ ਲੋਕ ਹਨ। ਸੋਹਣ ਸਿੰਘ ਨਾਗਰਾ ਤੇ ਮਨਜੀਤ ਕੌਰ ਦੀ ਲਾਡਲੀ ਧੀ ਅਮਨਪ੍ਰੀਤ ਕੌਰ ਸਾਰੇ ਪਰਿਵਾਰ ਦੀ ਆਗਿਆਕਾਰ ਤੇ ਮੁਹੱਬਤੀ ਧਿਰ ਹੈ। ਇਹ ਉਸ ਦੇ ਸੱਸ ਸਹੁਰੇ ਦਾ ਹੀ ਨਹੀਂ ਸਗੋਂ ਸਾਰੇ ਰਿਸ਼ਤੇਦਾਰੀ ਤਾਣੇ ਬਾਣੇ ਦਾ ਵੀ ਕਹਿਣਾ ਹੈ।
ਜਗਦੇਵ ਦੇ ਘਰ ਅਮਨਪ੍ਰੀਤ ਕੌਰ ਦੀ ਕੁੱਖੋਂ ਚੰਨ ਵਰਗੇ ਪੁੱਤਰ ਹਰਸ਼ਵੀਰ ਸਿੰਘ ਨੇ 3 ਜੂਨ 2002 ਨੂੰ ਜਨਮ ਲਿਆ। ਹੁਣ ਉਹ ਸਾਈਮਨ ਫਰੇਜ਼ਰ ਯੂਨੀਵਰਸਿਟੀ, ਵੈਨਕੁਵਰ ਵਿਖੇ ਉਚੇਰੀ ਸਿੱਖਿਆ ਹਾਸਲ ਕਰ ਰਿਹਾ ਹੈ। ਉਸ ਦੇ ਬਾਬਲ ਦੇ ਜਾਣ ਤੇ ਅੰਦਰ ਵੱਲ ਡਿੱਗਦੇ ਹੰਝੂਆਂ ਦਾ ਕੋਈ ਪਾਰਾਵਾਰ ਨਹੀਂ।
ਪਿਤਾ ਰਾਜਵੰਤ ਸਿੰਘ ਆਪਣੇ ਦੋਵਾਂ ਪੁੱਤਰਾਂ ਜਗਦੇਵ ਸਿੰਘ ਤੇ ਦਲਜੀਤ ਸਿੰਘ ਵੱਡੇ ਕਾਰੋਬਾਰ ਵਿੱਚ ਸਮੇਂ ਦਾ ਹਾਣੀ ਬਣਾ ਕੇ ਵਿਚਰਨ ਦੀ ਜਾਚ ਸਿਖਾਈ ਜਿਸ ਦੇ ਚੱਲਦੇ “ ਰਿਵੇਰਾ ਰਿਜ਼ੌਰਟਸ “ ਅਤੇ “ਆਰਕੇਡੀਅਨ ਵਿਲਾ ਰਿਜ਼ੋਰਟ “ਤੇ ਹੋਰਨਾਂ ਕੰਮਾਂ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਸਮਾਜ ਵਿੱਚ ਵਿਚਰਨ ਲੱਗੇ।
ਜਗਦੇਵ ਸਿੰਘ ਗਰੇਵਾਲ ਦਾ ਜਿੱਥੇ ਹਰ ਵਿਅਕਤੀ ਨਾਲ ਪਿਆਰ ਮੁਹੱਬਤ ਤੇ ਦੋਸਤੀ ਦਾ ਮਜਬੂਤ ਤਾਣਾ ਪੇਟਾ ਸੀ, ਉੱਥੇ ਪਾਲਤੂ ਜਾਨਵਰਾਂ ਨਾਲ ਵੀ ਸਮਾਂ ਬਿਤਾਉਣ ਦਾ ਨਿਵੇਕਲਾ ਸ਼ੌਕ ਸੀ।
ਇਸ ਸ਼ੌਕ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਘੋੜੇ ਅਤੇ ਚੰਗੀ ਨਸਲ ਦੇ ਕੁੱਤੇ ਪਾਲੇ ਹੋਏ ਸਨ ਜਿਨ੍ਹਾਂ ਨੂੰ ਲੋਹੜੇ ਦਾ ਪਿਆਰ ਕਰਦਾ ਸੀ। ਉਸ ਦਾ ਨਿੱਕਾ ਵੀਰ ਦਲਜੀਤ ਦੱਸ ਰਿਹਾ ਸੀ ਕਿ ਵੀਰੇ ਦੇ ਪ੍ਰਾਣ ਪੰਖੇਰੂ ਹੋਣ ਉਪਰੰਤ ਕੈਨਲ ਵਿੱਚ ਚੁੱਪ ਚਾਂ ਹੈ। ਘੋੜੇ ਵੀ ਨਹੀਂ ਹਿਣਕਦੇ। ਮੱਝਾਂ ਵੀ ਨਹੀਂ ਰੰਭਦੀਆਂ, ਕੁੱਤੇ ਵੀ ਨਹੀਂ ਭੌਂਕਦੇ। ਕੰਡ ਤੇ ਹਰ ਰੋਜ਼ ਹੱਥ ਫੇਰਨ ਵਾਲੇ ਜਗਦੇਵ ਨੂੰ ਉਡੀਕਦੇ ਹਨ।
ਇਸ ਰੰਗਲੇ ਸਾਥੀ ਨੇ ਜਿੱਥੇ ਆਪਣੇ ਪੁੱਤਰ ਹਰਸ਼ਵੀਰ ਸਿੰਘ ਨੂੰ ਲਾਡ ਪਿਆਰ ਤੇ ਜ਼ਿੰਦਗੀ ਵਿੱਚ ਉੱਭਰਨ ਲਈ ਹੱਲਾਸ਼ੇਰੀ ਦਿੱਤੀ, ਉੱਥੇ ਆਪਣੇ ਭਤੀਜੇ ਸ. ਬਲਜੋਤ ਸਿੰਘ, ਤੇਜਵੀਰ ਸਿੰਘ ਨੂੰ ਆਪਣੇ ਪੁੱਤਰਾਂ ਵਾਂਗ ਸਮੇਂ ਦੀ ਜਾਚ ਸਿਖਾਈ ਤੇ ਘੋੜ ਸਵਾਰੀ, ਗੱਡੀਆਂ ਦੀ ਸਵਾਰੀ ਸਿਖਾਉਣ ਤੋਂ ਇਲਾਵਾ ਉਨ੍ਹਾਂ ਦੇ ਸਾਰੇ ਸ਼ੌਕ ਪੂਰੇ ਕੀਤੇ ਪਰ ਰੰਗਲਾ ਸੱਜਣ ਹਰ ਕਾਰਜ ਵਿੱਚ ਅਡੋਲ ਰਿਹਾ ਤੇ ਹਮੇਸ਼ਾ ਮੱਲਾਂ ਮਾਰਦਾ ਅੱਗੇ ਵਧਿਆ ਪਰ ਪਿਛਲੇ ਸਮੇਂ ਤੋਂ ਭਿਆਨਕ ਬੀਮਾਰੀ ਕਾਰਨ ਜੂਝਿਆ। ਉਸ ਰੋਗ ਤੋਂ ਮੁਕਤੀ ਪਾਈ ਪਰ ਹੁਣ ਉਹ ਕੁਝ ਢਿੱਲਾ ਹੋ ਗਿਆ ਤੇ ਪਤਾ ਲੱਗਾ ਕਿ ਨਿਮੂਨੀਆ ਵਿਗੜ ਗਿਆ। ਉਹੀ ਜਾਨ ਲੇਵਾ ਸਾਬਤ ਹੋਇਆ।
ਇਸ ਦੇ ਬਾਪ ਦੇ ਮਮੇਰੇ ਪੁੱਤਰ ਚਾਚਾ ਇੰਦਰਜੀਤ ਸਿੰਘ ਰਾਏ ਤੇ ਨਿੱਕੇ ਚਚੇਰੇ ਭਰਾ ਹਰਦੀਪ ਸਿੰਘ ਗਰੇਵਾਲ ਨੇ ਉਸ ਦਾ ਪੱਕਾ ਪਰਛਾਵਾਂ ਬਣ ਕੇ ਜਿੱਥੇ ਬੀਮਾਰੀ ਵੇਲੇ ਸਾਥ ਦਿੱਤਾ, ਉੱਥੇ ਪਿਤਾ ਰਾਜਵੰਤ ਸਿੰਘ ਤੇ ਛੋਟਾ ਭਰਾ ਦਲਜੀਤ ਸਿੰਘ ਤੇ ਮਿੱਤਰ ਪਿਆਰੇ ਵੀ ਕਿਸੇ ਗੱਲੋਂ ਪਿੱਛੇ ਨਹੀਂ ਰਹੇ। । ਆਖਰ ਬੀਮਾਰੀ ਨੇ ਇਸ ਰੰਗਲੇ ਸੱਜਣ ਨੂੰ ਐਸਾ ਘੇਰਾ ਪਾਇਆ ਕਿ ਮੌਤ ਜਿੱਤ ਗਈ ਤੇ ਜ਼ਿੰਦਗੀ ਹਾਰ ਗਈ।
ਪ੍ਰੋਃ ਮੋਹਨ ਸਿੰਘ ਦੇ ਲਿਖੇ ਬੋਲ ਯੀਦ ਆ ਰਹੇ ਨੇ, ਫੁੱਲ ਹਿੱਕ ਵਿੱਚ ਜੰਮੀ ਪਲੀ ਖ਼ੁਸ਼ਬੂ ਜਾਂ ਉੱਡ ਗਈ, ਅਹਿਸਾਸ ਹੋਇਆ ਫੁੱਲ ਨੂੰ ਰੰਗਾਂ ਦੇ ਭਾਰ ਦਾ।
ਘਰ ਬੈਠੀ ਇੱਕ ਸਦੀ ਦਾ ਹਾਣ ਬਜ਼ੁਰਗ ਦਾਦੀ ਗੁਰਦੇਵ ਕੌਰ, ਪਿਤਾ ਰਾਜਵੰਤ ਸਿੰਘ, ਮਾਂ ਸੁਖਜਿੰਦਰ ਕੌਰ ਤੇ ਸਮੁੱਚੇ ਗਰੇਵਾਲ ਪਰਿਵਾਰ ਅਤੇ ਆਪਣੀ ਜੀਵਨ ਸਾਥਣ ਤੇ ਸਮੁੱਚੇ ਗਰੇਵਾਲ ਨੂੰ ਰੋਂਦੇ ਕੁਰਲਾਉਂਦੇ ਜਗਦੇਵ ਛੱਡ ਗਿਆ। ਇਸ ਸੱਜਣ ਦੀਆਂ ਯਾਦਾਂ ਜੋ ਸਾਰੀ ਉਮਰ ਚੇਤੇ ਰਹਿਣਗੀਆਂ ਪਰ ਮੁੜ ਨਹੀਂ ਆਵੇਗਾ।
ਸੋ ਆਓ ਉਸ ਰੰਗਲੇ ਸੱਜਣ ਦੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਸਰਾਭਾ ਨਗਰ, ਲੁਧਿਆਣਾ ਵਿਖੇ 23 ਫਰਵਰੀ ਦੁਪਹਿਰ ਸਵਾ ਇੱਕ ਵਜੇ ਤੋਂ ਢਾਈ ਵਜੇ ਤੀਕ ਹੋ ਰਹੀ ਅਰਦਾਸ ਵਿੱਚ ਪੁੱਜ ਕੇ ਆਪਾਂ ਵੀ ਸ਼ਰਧਾ ਦੇ ਫੁੱਲ ਭੇਟ ਕਰਕੇ ਉਸ ਰੰਗਲੇ ਸੱਜਣ ਨੂੰ ਸ਼ਰਧਾਂਜਲੀ ਭੇਟ ਕਰੀਏ। ਭਾਈ ਜੋਗਿੰਦਰ ਸਿੰਘ ਰਿਆੜ ਇਸ ਮੌਕੇ ਵੈਰਾਗਮਈ ਕੀਰਤਨ ਕਰਕੇ ਟੱਬਰ ਨੂੰ ਗੁਰਬਾਣੀ ਦਾ ਉਪਦੇਸ਼ ਸੁਣਾਉਣਗੇ। ਸੰਗਤ ਰੂਪ ਵਿੱਚ ਤੁਸੀਂ ਜ਼ਰੂਰ ਆਉਣਾ।

