ਜਲਵਾਯੂ ਪਰਿਵਰਤਨ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਜਲ ਸਰੋਤਾਂ ਸੰਭਾਲ ਅਤਿ ਜ਼ਰੂਰੀ
ਸਾਇੰਸ ਸਿਟੀ ਵਿਖੇ ਵਿਸ਼ਵ ਜਲ ਦਿਵਸ ਮਨਾਇਆ ਗਿਆ
ਕਪੂਰਥਲ਼ਾ (ਸੁਰ ਸਾਂਝ ਡਾਟ ਕਾਮ ਬਿਊਰੋ), 22 ਮਾਰਚ:
ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਪੰਜਾਬ ਸਟੇਟ ਕੌਂਸਲ ਫ਼ਾਰ ਵਿਗਿਆਨ ਤੇ ਤਕਨਾਲੌਜੀ ਦੇ ਸਹਿਯੋਗ ਨਾਲ਼ ਵਿਸ਼ਵ ਜਲ ਦਿਵਸ ਤੇ “ਵਿਸ਼ਵ ਸ਼ਾਂਤੀ ਲਈ ਜਲ” ਦੇ ਵਿਸ਼ੇ ਤੇ ਕੇਂਦਰਿਤ ਇਕ ਪ੍ਰੇਰਨਾਦਾਇਕ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਪੰਜਾਬ ਭਰ ਤੋਂ 200 ਦੇ ਕਰੀਬ ਸਕੂਲੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ। ਇਸ ਸਮਾਗਮ ਦਾ ਉਦੇਸ਼ ਵਿਸ਼ਵ ਸਥਿਰਤਾ ਅਤੇ ਖੁਸ਼ਹਾਲੀ ਨੂੰ ਬਣਾਈ ਰੱਖਣ ਲਈ ਜਲ ਦੀ ਅਹਿਮ ਭੂਮਿਕਾ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਇਸ ਦੌਰਾਨ ਜਲ ਸੁਰੱਖਿਆ ਨਾਲ ਸਬੰਧਤ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਲਈ ਵਿਦਿਆਰਥੀਆਂ ਵਲੋਂ ਨੁੱਕੜ ਨਾਟਕਾਂ ਅਤੇ ਰਹਿੰਦ-ਖੂੰਹਦ ਤੋਂ ਕੁਝ ਵਧੀਆ ਕਰਨ ਦੇ ਮੁਕਾਬਲਿਆਂ ਰਾਹੀਂ ਰਚਨਾਤਮਿਕਤਾ ਦਾ ਪ੍ਰਦਰਸ਼ਨ ਕੀਤਾ ਗਿਆ।


ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਸਾਡੀ ਜ਼ਿੰਦਗੀ ਵਿਚ ਜਲ ਦੀ ਮਹੱਹਤਾ ਦੇ ਨਾਲ ਨਾਲ ਜਲ ਸਰੋਤਾਂ ਉਪਰ ਪੈ ਰਹੇ ਜਲਵਾਯੂ ਪਰਿਵਤਰਨ ਦੇ ਪ੍ਰਭਾਵਾਂ ਨੂੰ ਘੱਟ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਤਾਂ ਜੋ ਪਾਣੀ ਦੀ ਘਾਟ ਤੋਂ ਪੈਦਾ ਹੋਣ ਵਾਲੇ ਖਤਰਿਆਂ ਨੂੰ ਟਾਲ਼ਿਆ ਜਾ ਸਕੇ। ਉਨ੍ਹਾਂ ਨੇ ਸਾਰਿਆਂ ਲਈ ਜਲ ਨੂੰ ਸੁਰੱਖਿਅਤ ਕਰਨ ਵਾਸਤੇ ਪਾਣੀ ਦੀ ਸਾਂਭ—ਸੰਭਾਲ ਅਤੇ ਸਥਾਈ ਖੇਤੀਬਾੜੀ ਵਰਗੇ ਉਚਿੱਤ ਮਾਪਦੰਡਾਂ ਨੂੰ ਲਾਗੂ ਕਰਨ ਦੀ ਪ੍ਰੋੜਤਾ ਕੀਤੀ । ਇਸ ਮੌਕੇ ਡਾ. ਗਰੋਵਰ ਨੇ ਬੱਚਿਆਂ ਨੂੰ ਰੋਜ਼ਮਰ੍ਹਾਂ ਦੀ ਜ਼ਿੰਦਗੀ ਵਿਚ ਪਾਣੀ ਦੀ ਸਾਂਭ—ਸੰਭਾਲ ਵੱਲ ਛੋਟੇ—ਛੋਟੇ ਕਦਮ ਚੁੱਕਣ ਲਈ ਪ੍ਰੇਰਿਤ ਕੀਤਾ ਤਾਂ ਜੋ ਸਾਰਿਆਂ ਲਈ ਭਵਿੱਖ ਵਿਚ ਪਾਣੀ ਦੀ ਸਥਿਰਤਾ ਨੂੰ ਯਕੀਨੀ ਬਣਾਇਆ ਜਾ ਸਕੇ ।
ਇੰਡੀਅਨ ਇੰਸਟੀਚਿਊਟ ਆਫ਼ ਸਾਇੰਟਫ਼ਿਕ ਐਜੂਕੇਸ਼ਨ ਰਿਸਰਚ ਮੋਹਾਲੀ ਦੇ ਡਾ.ਅਰਵਿੰਦ ਸ਼ਾਕਿਆ ਨੇ ਇਸ ਮੌਕੇ “ਗੰਦਲੇ ਪਾਣੀ ਦੇ ਪ੍ਰਬੰਧ ਅਤੇ ਵਰਤਾਅ (ਟਰੀਟ) ਲਈ ਜੈਵਿਕ ਤਕਨੀਕਾਂ” ਦੇ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਿੱਤਾ ਗਿਆ। ਆਪਣੇ ਲੈਕਚਰ ਦੌਰਾਨ ਉਨ੍ਹਾਂ ਦੱਸਿਆ ਕਿ ਜੈਵਿਕ ਤਕਨੀਕਾਂ ਪਾਣੀ ਵਿਚੋਂ ਗੰਦਗੀ ਨੂੰ ਕੱਢਣ ਅਤੇ ਪਾਣੀ ਨੂੰ ਸ਼ੁੱਧ ਕਰਨ ਲਈ ਜੀਵ—ਜੰਤੂਆਂ ਦੀ ਅੰਦਰੂਨੀ ਸਮਰੱਥਾ ਦਾ ਲਾਭ ਉਠਾਉਂਦੀਆਂ ਹਨ। ਉਨ੍ਹਾਂ ਦੱਸਿਆ ਕਿ ਆਧੁਨਿਕ ਤਕਨੀਕਾਂ ਦੇ ਨਾਲ ਕੁਦਰਤੀ ਪ੍ਰੀਕ੍ਰਿਆਵਾਂ ਦਾ ਏਕੀਕਰਣ, ਇਹ ਤਕਨੀਕਾਂ ਪਾਣੀ ਦੀਆਂ ਰਵਾਇਤੀ ਵਰਤਾਅ ਵਿਧੀਆਂ ਦਾ ਇਕ ਸਥਾਈ ਬਦਲ ਹਨ ਜੋ ਕਿ ਰਸਾਇਣਾਂ ਅਤੇ ਤੇਜ਼ ਪ੍ਰੀਕ੍ਰਿਆਵਾਂ ਉਪਰ ਵਧੇਰੇ ਨਿਰਭਰ ਹਨ। ਉਨ੍ਹਾਂ ਕਿਹਾ ਕਿ ਜੈਵਿਕ ਤਕਨੀਕਾਂ ਨਾਲ ਜ਼ਮੀਨ ਹੇਠਲੇ ਪਾਣੀ ਨੂੰ ਮਿਆਰੀ ਬਣਾਉਣ ਲਈ ਆਰਸੈਨਿਕ, ਤੇਜ਼ਾਬ ਅਤੇ ਲੋਹ ਧਾਤੂ ਆਦਿ ਦੇ ਸਫ਼ਲਤਾ ਪੂਰਵਕ ਪ੍ਰੇਖਣ ਕੀਤੇ ਜਾ ਚੁੱਕੇ ਹਨ।
ਇਸ ਮੌਕੇ ਤੇ ਕਰਵਾਏ ਗਏ ਨੁੱਕੜ ਨਾਟਕ ਮੁਕਾਬਲੇ ਵਿਚ ਕਮਲਾ ਨਹਿਰੂ ਪਬਲਿਕ ਸਕੂਲ ਫ਼ਗਵਾੜਾ ਦੀ ਟੀਮ ਨੇ ਪਹਿਲਾ, ਐਮ.ਜੀ.ਐਨ ਪਬਲਿਕ ਸਕੂਲ ਜਲੰਧਰ ਦੀ ਟੀਮ ਨੇ ਦੂਜਾ ਇਨਾਮ ਜਿੱਤਿਆ ਜਦੋਂ ਕਿ ਦਇਆ ਨੰਦ ਮਾਡਲ ਸਕੂਲ ਜਲੰਧਰ ਦੀ ਟੀਮ ਤੀਜੇ ਸਥਾਨ ਤੇ ਰਹੀ। ਇਸੇ ਤਰ੍ਹਾਂ ਰਹਿੰਦ—ਖੂੰਹਦ ਤੋਂ ਚੰਗੀਆਂ ਚੀਜ਼ ਬਣਾਉਣ ਦੀ ਪ੍ਰਦਰਸ਼ਨੀ ਵਿਚ ਮੰਡੀ ਹਾਰਡਿੰਗ ਗੰਜ ਹਾਈ ਸਕੂਲ ਕਪੂਰਥਲਾ ਦੀ ਟੀਮ ਪਹਿਲੇ ਸਥਾਨ ਤੇ ਰਹੀ ਜਦੋਂ ਕਿ ਡੀ.ਏ.ਵੀ ਮਾਡਲ ਸਕੂਲ ਕਪੂਰਥਲਾ ਦੀ ਟੀਮ ਨੇ ਦੂਜਾ ਅਤੇ ਐਮ.ਜੀ.ਐਨ ਸਕੂਲ ਜਲੰਧਰ ਨੇ ਤੀਜਾ ਇਨਾਮ ਜਿੱਤਿਆ।
ਕੈਪਸ਼ਨ : ਨੁਕੱੜ ਨਾਟਕ ਮੁਕਾਬਲੇ ਵਿਚ ਪਹਿਲੇ ਸਥਾਨ ਤੇ ਰਹੀ ਕਮਲਾ ਨਹਿੂਰ ਪਬਲਿਕ ਸਕੂਲ ਫ਼ਾਗਵਾੜਾ ਦੀ ਟੀਮ ਇਨਾਮ ਪ੍ਰਾਪਤ ਕਰਦੀ ਹੋਈ।

