ਗੋਲੂ ਪਹਿਲਵਾਨ ਦੇ ਅਖਾੜੇ ਦੇ ਜਸਪੂਰਨ ਸਿੰਘ ਪਹਿਲਵਾਨ ਨੇ ਜਿੱਤਿਆ ਇੱਕ ਵਾਰ ਫਿਰ ਪੰਜਾਬ ਕੇਸਰੀ ਦਾ ਖਿਤਾਬ
ਚੰਡੀਗੜ੍ਹ 27 ਮਾਰਚ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਗੋਲੂ ਪਹਿਲਵਾਨ ਦੇ ਅਖਾੜਾ ਮੁੱਲਾਂਪੁਰ ਗਰੀਬਦਾਸ ਦਾ ਪਹਿਲਵਾਨ ਜਸਪੂਰਨ ਸਿੰਘ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਛਾਇਆ ਹੋਇਆ ਹੈ। ਉਸ ਨੇ ਇੱਕ ਵਾਰ ਫਿਰ ਪੰਜਾਬ ਕੇਸਰੀ ਦਾ ਖਿਤਾਬ ਜਿੱਤ ਕੇ ਮੁੱਲਾਪੁਰ ਗਰੀਬਦਾਸ ਅਖਾੜੇ ਦਾ ਨਾਮ ਰੌਸ਼ਨ ਕੀਤਾ ਹੈ। ਜਾਣਕਾਰੀ ਸਾਂਝੀ ਕਰਦਿਆਂ ਅਖਾੜਾ ਮੁੱਲਾਂਪੁਰ ਗਰੀਬਦਾਸ ਦੇ ਸੰਚਾਲਕ ਗੋਲੂ ਪਹਿਲਵਾਨ ਨੇ ਦੱਸਿਆ ਕਿ ਬੀਤੇ ਦਿਨੀ ਸ੍ਰੀ ਅਨੰਦਪੁਰ ਸਾਹਿਬ ਸਪੋਰਟਸ ਅਤੇ ਕਲਚਰ ਕਲੱਬ ਯੂਕੇ ਵੱਲੋਂ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ 9ਵਾਂ ਹੋਲਾ ਮਹੱਲਾ ਗੱਤਕਾ ਕੁਸਤੀਆਂ ਤੇ ਕਬੱਡੀ ਕੱਪ ਸ੍ਰੀ ਗੁਰੂ ਤੇਗ ਬਹਾਦਰ ਜੀ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਇਆ ਗਿਆ, ਜਿਸ ਵਿੱਚ ਜਸਪੂਰਨ ਸਿੰਘ ਪਹਿਲਵਾਨ ਨੇ 85+ ਕਿਲੋ ਵਰਗ ਦੇ ਕੁਸ਼ਤੀ ਮੁਕਾਬਲਿਆਂ ਦੇ ਵਿੱਚ ਆਪਣੇ ਵਿਰੋਧੀ ਪਹਿਲਵਾਨ ਨੂੰ ਚਿੱਤ ਕਰਕੇ ਭਾਰਤ ਕੇਸਰੀ ਪੰਜਾਬ ਕੇਸਰੀ ਦਾ ਖਿਤਾਬ ਜਿੱਤਿਆ ਹੈ। ਇਸ ਮੌਕੇ ਉਸ ਨੂੰ ਪ੍ਰਬੰਧਕਾਂ ਵੱਲੋਂ ਇੱਕ ਗੁਰਜ ਅਤੇ ਇਕ ਲੱਖ ਰੁਪਏ ਇਨਾਮ ਰਾਸ਼ੀ ਵਜੋਂ ਦੇ ਕੇ ਸਨਮਾਨਿਤ ਕੀਤਾ ਗਿਆ।
ਅਖਾੜੇ ਵਿਖੇ ਪਹੁੰਚਣ ਤੇ ਸਾਰੇ ਪਹਿਲਵਾਨਾਂ ਵੱਲੋਂ ਇਸ ਜਿੱਤ ਦੇ ਜਸ਼ਨ ਮਨਾਏ ਗਏ। ਇਸ ਮੌਕੇ ਦਾਸ ਐਸੋਸੀਏਟ ਦੇ ਸੰਚਾਲਕ ਰਵੀ ਸ਼ਰਮਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਸਪੂਰਨ ਸਿੰਘ ਤੋਂ ਸਾਨੂੰ ਅਤੇ ਉਸ ਦੇ ਮਾਪਿਆਂ ਨੂੰ ਬਹੁਤ ਉਮੀਦਾਂ ਹਨ। ਪਹਿਲਾਂ ਵੀ ਜਸਪੂਰਨ ਨੇ ਬਹੁਤ ਸਾਰੇ ਖਿਤਾਬ ਜਿੱਤ ਕੇ ਅਖਾੜਾ ਮੁੱਲਾਂਪੁਰ ਗਰੀਬ ਦਾਸ ਦਾ ਨਾਮ ਰੌਸ਼ਨ ਕੀਤਾ ਹੈ। ਕੁਝ ਦਿਨ ਪਹਿਲਾਂ ਜਸਪੂਰਨ ਪਹਿਲਵਾਨ ਵੱਲੋਂ ਭਾਰਤ ਕੇਸਰੀ ਅਤੇ ਕੁਮਾਰ ਕੇਸਰੀ ਦੇ ਖਿਤਾਬ, ਇੱਕੋ ਦਿਨ, ਇੱਕੋ ਮੈਦਾਨ ਵਿੱਚ ਜਿੱਤੇ ਗਏ ਸਨ। ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਇੱਕ ਪਹਿਲਵਾਨ ਨੇ ਇੱਕੋ ਦਿਨ ਦੋ ਖਿਤਾਬ ਆਪਣੇ ਨਾਂਮ ਕੀਤੇ ਹੋਣ।
ਇਸ ਤੋਂ ਇਲਾਵਾ ਉਹ ਭਾਰਤ ਵੱਲੋਂ ਘੁਲ਼ਦਿਆਂ ਰੋਮ, ਇਟਲੀ ਵਿੱਚ ਬਰਾਊਜ਼ ਮੈਡਲ ਜਿੱਤ ਚੁੱਕਿਆ ਹੈ। ਉਹਨਾਂ ਕਿਹਾ ਕਿ ਓਲੰਪਿਕ ਵਿੱਚ ਗੋਲਡ ਮੈਡਲ ਜਿੱਤਣ ਦਾ ਸੁਫਨਾ ਸਕਾਰ ਹੁੰਦਾ ਵਿਖਾਈ ਦੇ ਰਿਹਾ ਹੈ, ਕਿਉਂਕਿ ਜਸਪੂਰਨ ਸਿੰਘ, ਇਸ ਉਪਲਬਧੀ ਤੱਕ ਪਹੁੰਚਣ ਲਈ ਸਖਤ ਅਭਿਆਸ ਕਰਦਾ ਆ ਰਿਹਾ ਹੈ। ਉਹਨਾਂ ਕਿਹਾ ਕਿ ਅਖਾੜਾ ਮੁੱਲਾਂਪੁਰ ਗਰੀਬਦਾਸ ਵਿਖੇ 100 ਤੋਂ ਉੱਪਰ ਇਲਾਕੇ ਦੇ ਬੱਚੇ ਅਭਿਆਸ ਕਰਨ ਲਈ ਆਉਂਦੇ ਹਨ, ਜਿੱਥੇ ਉਹਨਾਂ ਨੂੰ ਵਿਦੇਸ਼ੀ ਕੋਚਾਂ ਅਤੇ ਸਰਕਾਰੀ ਕੋਚਾਂ ਦੁਆਰਾ ਗੋਲੂ ਪਹਿਲਵਾਨ ਦੀ ਦੇਖ-ਰੇਖ ਹੇਠ ਸਿਖਲਾਈ ਦਿੱਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਇਸ ਦਾ ਸਿੱਟਾ ਸਭ ਨੂੰ ਸਾਫ ਨਜ਼ਰ ਆ ਰਿਹਾ ਹੈ ਕਿ ਜਸਪੂਰਨ ਸਿੰਘ ਜੋ ਇਸੇ ਅਖਾੜੇ ਦਾ ਨਾਮਵਾਰ ਪਹਿਲਵਾਨ ਹੈ, ਅੱਜ ਪੂਰੀ ਦੁਨੀਆਂ ਦੇ ਵਿੱਚ ਛਾਇਆ ਹੋਇਆ ਹੈ। ਇਸ ਸਮੇਂ ਜਸਪੂਰਨ ਸਿੰਘ ਦੇ ਪਿਤਾ ਕੁਲਤਾਰ ਸਿੰਘ ਅਤੇ ਗੋਲੂ ਪਹਿਲਵਾਨ ਨੂੰ ਵਧਾਈਆਂ ਦੇਣ ਲਈ ਇਲਾਕੇ ਦੇ ਸਮਾਜਸੇਵੀ ਅਤੇ ਮੁਹਤਰਬ ਸੱਜਣ ਅਖਾੜੇ ਵਿੱਚ ਪਹੁੰਚੇ। ਇਸ ਮੌਕੇ ਸਮਾਜ ਸੇਵੀ ਸ੍ਰੀ ਅਰਵਿੰਦਪੁਰੀ, ਚੇਅਰਮੈਨ ਪੁਰੀ ਟਰਸਟ, ਸ਼ਿੰਗਾਰਾ ਸਿੰਘ ਰਤਵਾੜਾ, ਸ਼ੇਰ ਸਿੰਘ ਮੱਲ ਮੁੱਲਾਂਪੁਰ, ਧਰਵਿੰਦਰ ਸਿੰਘ, ਅਬਦੁਲ ਸਤਾਰ, ਮਨਦੀਪ ਗੁਪਤਾ, ਜਸਵੀਰ ਸਿੱਧੂ ਅਤੇ ਰੋਬਿਨ ਵੱਲੋਂ ਵੀ ਗੋਲੂ ਅਤੇ ਰਵੀ ਪਹਿਲਵਾਨ, ਕੁਲਤਾਰ ਪਹਿਲਵਾਨ ਨੂੰ ਜਸਪੂਰਨ ਦੇ ਇਸ ਖਿਤਾਬ ਜਿੱਤਣ ‘ਤੇ ਵਧਾਈਆਂ ਦਿੱਤੀਆਂ ਗਈਆਂ।

