ਨਿਊ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 28 ਮਾਰਚ:
ਬਹੁ ਕਲਾਵਾਂ ਦਾ ਸੁਮੇਲ – ਚਰਨ ਪੁਆਧੀ/ ਅਵਤਾਰ ਨਗਲ਼ੀਆ
ਸੰਸਾਰ ਵਿੱਚ ਬਹੁਤ ਸਾਰੇ ਅਜਿਹੇ ਲੋਕ ਹਨ, ਜੋ ਆਲਸੀ ਹੁੰਦੇ ਹਨ ਅਤੇ ਆਪਣੀ ਕਿਸਮਤ ਦੇ ਸਹਾਰੇ ਖੜ੍ਹੇ ਹੁੰਦੇ ਹਨ। ਪਰ ਚੰਦ ਕੁ ਲੋਕ ਅਜਿਹੇ ਵੀ ਹੁੰਦੇ ਹਨ, ਜੋ ਘੋਰ ਤੰਗੀਆਂ-ਤੁਰਸ਼ੀਆਂ ਦੇ ਬਾਵਜੂਦ ਵੀ ਸਖਤ ਮਿਹਨਤ ਨਾਲ ਆਪਣੇ ਖੇਤਰ ਵਿੱਚ ਨਾਮ ਕਮਾਉਂਦੇ ਹਨ। ਅਜਿਹੀ ਹੀ ਇੱਕ ਅਜ਼ੀਮ ਸ਼ਖ਼ਸੀਅਤ ਦਾ ਨਾਂ ਹੈ-ਚਰਨ ਪੁਆਧੀ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਜਿੱਥੇ ਉਹ ਇੱਕ ਵਧੀਆ ਲੇਖਕ ਹੈ, ਉੱਥੇ ਹੀ ਉਹ ਇੱਕ ਵਧੀਆ ਚਿੱਤਰਕਾਰ, ਗੀਤਕਾਰ, ਗਾਇਕ, ਕਹਾਣੀਕਾਰ, ਅਦਾਕਾਰ ਅਤੇ ਹੋਰ ਵੀ ਬਹੁਤ ਕੁੱਝ ਹੈ।


ਚਰਨ ਪੁਆਧੀ ਦਾ ਜਨਮ 9 ਜਨਵਰੀ 1967 ਨੂੰ ਮਾਤਾ ਸ੍ਰੀਮਤੀ ਦਲਬੀਰ ਕੌਰ ਅਤੇ ਪਿਤਾ ਸ. ਜੁਗਿੰਦਰ ਸਿੰਘ ਦੇ ਘਰ ਭਵਾਨੀਗੜ੍ਹ-ਸੰਗਰੂਰ ਵਿੱਚ ਹੋਇਆ, ਪਰ ਅੱਜ-ਕੱਲ੍ਹ ਚਰਨ ਪੁਆਧੀ ਆਪਣੀ ਮਾਤਾ, ਘਰਵਾਲੀ-ਮਨਜੀਤ ਕੌਰ ਅਤੇ ਦੋ ਬੱਚਿਆਂ ਸੁਖਮਣੀ ਅਤੇ ਇਸ਼ਮੀਤ ਸਮੇਤ, ਅਰਨੌਲੀ ਭਾਈ ਜੀ ਕੀ ਕੈਥਲ਼ ਹਰਿਆਣਾ ਵਿਖੇ ਰਹਿ ਰਿਹਾ ਹੈ। ਚਰਨ ਪੁਆਧੀ ਨੂੰ ਲਿਖ਼ਣ ਦੀ ਚੇਟਕ ਸਕੂਲ (ਪੰਜੌਲਾ) ਪੜ੍ਹਦਿਆਂ (1982-83) ਤੋਂ ਹੀ ਲੱਗ ਗਈ ਸੀ, ਕਿਉਂਕਿ ਉਨ੍ਹਾਂ ਦਿਨਾਂ ਵਿੱਚ ਦੋਗਾਣਾ ਗਾਇਕੀ ਦਾ ਦੌਰ ਪੂਰੇ ਜ਼ੋਰਾਂ ‘ਤੇ ਸੀ। ਚਰਨ ਪੁਆਧੀ (ਚਰਨ ਪਪਰਾਲੇ ਵਾਲਾ) ਦੋਗਾਣਾ ਗੀਤ ਲਿਖਦਾ-ਲਿਖਦਾ ਲੋਕ ਤੱਥ, ਮਸਤੀ ਗੀਤ, ਰਮਤਾ ਟਾਈਪ, ਕਵੀਸ਼ਰੀ ਆਦਿ ਲਿਖਦਾ ਹੋਇਆ ਸ਼ਾਇਰੀ ਵੱਲ ਹੋ ਗਿਆ। ਉੱਤਮ ਦਰਜੇ ਦੀ ਸ਼ਾਇਰੀ ਵਿੱਚ ਇਸਨੇ ਚਰਨ ਪਪਰਾਲਵੀ ਦੇ ਨਾਂ ਹੇਠ ਕੋਈ ਸੱਤ ਕਿਤਾਬਾਂ (ਰੁਮਾਂਟਿਕ ਸ਼ਾਇਰੀ, ਮੁੰਡੇ ਕੁੜੀਆਂ ਦੀ ਸ਼ਾਇਰੀ, ਮਸਤਾਨੀ ਸ਼ਾਇਰੀ, ਹੁਸਨੋ-ਸ਼ਬਾਬ ਦੀ ਸ਼ਾਇਰੀ, ਆਸ਼ਕ-ਮਾਸ਼ੂਕਾਂ ਦੀ ਸ਼ਾਇਰੀ, ਸੀਨ ਸੋਹਣਿਆਂ ਦੀ ਸ਼ਾਇਰੀ ਆਦਿ) ਛਪਵਾਈਆਂ ਜੋ ਰੋਮਾਂਸ ਦੇ ਖਿੱਤੇ (ਲਵ ਲੈਟਰਾਂ) ਵਿੱਚ ਬਹੁਤ ਕਾਮਯਾਬ ਹੋ ਨਿਬੜੀਆਂ। ਕਈਆਂ ਦੀਆਂ ਤਾਂ ਦਸ-ਦਸ ਐਡੀਸਨਾਂ ਵੀ ਛਪੀਆਂ।
ਇਸ ਦੇ ਨਾਲ ਨਾਲ ਉਸਨੇ ਦੋ ਪੁਸਤਕਾਂ (ਗਿੱਧੇ-ਭੰਗੜੇ ਦੀ ਬਹਾਰ ਅਤੇ ਬੋਲੀਆਂ ਦੀ ਰੇਲ ਭਰਾਂ) ਬੋਲੀਆਂ ਦੀਆਂ, ਤਿੰਨ ਰੁਮਾਂਟਿਕ ਨਾਵਲ ਚਸਕਾ, ਛੜੇ ਮਲੰਗ, ਮੈਡਮ ਸੰਗੀਤਾ ਕਲਾਮ ਸੰਗ੍ਰਹਿ ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ ਕਾਦਰ ਯਾਰ, ਸੱਤ ਗੀਤ ਸੰਗ੍ਰਹਿ, ਦੁੱਖ ਵਿੱਛੜੇ ਨਨਕਾਣੇ ਦਾ, ਪੰਜੇਬਾਂ ਸੁਪਰ ਹਿੱਟ ਪੰਜਾਬੀ ਗੀਤ, ਸੁਰਜੀਤ ਬਿੰਦਰਖੀਆ ਦੇ ਹਿੱਟ ਗੀਤ, ਪੰਜਾਬੀ ਫ਼ਿਲਮਾਂ ਦੇ ਹਿੱਟ ਗੀਤ, ਮਿੱਤਰਾਂ ਦੀ ਛਤਰੀ ਤੋਂ ਉਡ ਗਈ ਆਦਿ ਛਪਵਾਏ। ਇਸ ਦੇ ਨਾਲ ਹੀ ਦੋ ਪੁਸਤਕਾਂ ਚੁਟਕਲਿਆਂ ਦੀਆਂ ਨਸ਼ੀਲੇ ਜੌਕਸ, ਰੰਗ ਬਿਰੰਗੇ ਜੌਕਸ ਤੇ ਇੱਕ ਰੁਮਾਂਟਿਕ ਪ੍ਰੇਮ-ਪੱਤਰ ਛਪੀਆਂ। ਸਕੂਲੋਂ ਹਟਣ ਸਾਰ ਹੀ ਚਰਨ ਨੇ ਅਪਣੀ ਗੀਤਕਾਰੀ ਤੇ ਗਾਇਕੀ ਦੇ ਭੁੱਸ ਨੂੰ ਪੂਰਾ ਕਰਨ ਲਈ ਕਈ ਕਲਾਕਾਰਾਂ ਦੀ ਸ਼ਾਗਿਰਦੀ ਵੀ ਕੀਤੀ। ਉਹ ਕਈ ਕਲਾਕਾਰ ਜੋੜੀਆਂ ਦੀ ਹੂਬਹੂ ਔਰਤ-ਮਰਦਾਨਾ ਆਵਾਜ਼ ਕੱਢ ਲੈਂਦਾ ਸੀ ਤੇ ਮੂੰਹ ਨਾਲ਼ ਹੀ ਸ਼ਾਨਦਾਰ ਤੂੰਬੀ ਵਜਾ ਲੈਂਦਾ ਸੀ। ਪਰ ਅਧ-ਕਚਰੇ ਉਸਤਾਦਾਂ ਦੇ ਤਸ਼ੱਦਦਾਂ ਅੱਗੇ ਹਾਰ ਮੰਨ ਕੇ ਉਹ ਪੱਲੇਦਾਰੀ ਕਰਨ ਲੱਗ ਪਿਆ।
ਫਿਰ ਉਸਿ ਇੱਕ ਕੰਬਾਈਨ ਮਿੱਲ ਵਿੱਚ ਵੈਲਡਿੰਗ ਖਰਾਦ ਦਾ ਕੰਮ ਸਿੱਖਣਾ ਸ਼ੁਰੂ ਕੀਤਾ। ਡੇਢ ਸਾਲ ਤੱਕ ਉਸਦੇ ਕੁਝ ਵੀ ਅੱਲੇ-ਪੱਲੇ ਨਾ ਪਿਆ। ਉੱਥੋਂ ਹੀ ਉਸਨੇ ਦੋ ਸੀਜ਼ਨ ਕੰਬਾਈਨ ਤੇ ਹੈਲਪਰੀ ਦੇ ਲਾਏ। ਛੇ ਮਹੀਨੇ ਟਰੱਕਾਂ ਦੀ ਕੰਡੈਕਟਰੀ ਕੀਤੀ। ਚਾਰ ਕੁ ਮਹੀਨੇ ਇੱਕ ਫੈਕਟਰੀ ਪਟਿਆਲਾ ਵਿੱਚ ਜੈਨਰੇਟਰ ਓਪਰੇਟਰੀ ਕੀਤੀ। 1988 ਵਿੱਚ ਘਰ ਆ ਕੇ ਪਿੰਡ ਵਿੱਚ ਦਿਹਾੜੀ-ਦੱਪਾ ਕੀਤਾ। ਗੀਤਕਾਰੀ ਦਾ ਸੁਆਦ, ਸ਼ਰਾਬੀ ਬਾਪ ਦਾ ਕਾਟੋ-ਕਲੇਸ਼, ਬਿਨਾ ਕਸੂਰ ਦੇ ਕੁੱਟਮਾਰ ਨੇ ਘਰੋਂ ਲੋਹਾ ਨਗਰੀ (ਮੰਡੀ ਗੋਬਿੰਦਗੜ੍ਹ) ਵੱਲ ਭਜਾ ਦਿੱਤਾ। ਕੋਈ ਤਿੰਨ ਸਾਲ ਉੱਥੇ ਗੁੰਮਸ਼ੁਦਗੀ ਦੀ ਹਾਲਤ ਵਿੱਚ ਰਿਹਾ। ਸਾਲ 1992 ਤੋਂ 97 ਤੱਕ ਦੋ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਇਆ, ਜਿੱਥੋਂ ਬਾਲ ਸਾਹਿਤ ਲਿਖਣ ਦੀ ਚੇਟਕ ਲੱਗੀ। ਬਹੁਤ ਸਾਰੇ ਹਿੰਦੀ ਪੰਜਾਬੀ ਅਤੇ ਹੋਰ ਭਾਸ਼ਾਵਾਂ ਦੇ (ਪਿਆਰੀ ਬਹਿਨਾ ਉੜੀਸਾ, ਚੰਦਾ ਮਾਮਾ ਚੈਨੇਈ, ਹੰਸਤੀ ਦੁਨੀਆਂ ਮੁੰਬਈ, ਬਾਲ ਪ੍ਰੀਤ ਅਲਮੋੜਾ, ਅੱਕੜ-ਬੱਕੜ ਕੋਜੀਕੋਡੇ ਕੇਰਲਾ ਆਦਿ) ਕੋਈ ਤੀਹ-ਚਾਲੀ ਬਾਲ ਮੈਗਜ਼ੀਨਾਂ ਦਾ ਸਲਾਨਾ ਤੇ ਜੀਵਨ ਮੈਂਬਰ ਬਣਿਆਂ। ਇੱਥੋਂ ਹੀ ਉਸਨੇ ਬਾਲ ਕਵਿਤਾਵਾਂ ਰਚਣ ਦਾ ਕੰਮ ਸ਼ੁਰੂ ਕੀਤਾ। ਨਵੀਆਂ ਨਵੀਆਂ ਵਿਧਾਵਾਂ ਵਿਚ ਸਰਲ ਤੇ ਸਰਸ ਬਾਲ ਰਚਨਾਵਾਂ (ਨਰਸਰੀ ਗੀਤ ਬਾਲ ਗ਼ਜ਼ਲਾਂ, ਹਾਸਰਸ ਗੀਤ, ਗੁਲਦਸਤੇ, ਚਾਰ ਭਾਸ਼ਾਵਾਂ ਵਿੱਚ ਅੱਠ ਕਾਇਦੇ, ਫੁੱਲਾਂ-ਫ਼ਲਾਂ, ਪਸ਼ੂ-ਪੰਛੀਆਂ, ਦਾਲਾਂ, ਮਸਾਲਿਆਂ, ਵਿਆਕਰਨ ਲਗਾਂ-ਮਾਤਰਾ ਆਦਿ ਤੇ ਢੇਰ ਸਾਰੀਆਂ ਨਰਸਰੀ ਬਾਲ ਰਚਨਾਵਾਂ ਰਚੀਆਂ। ਪਹਿਲੀ ਪੁਸਤਕ ਮੋਘੇ ਵਿਚਲੀ ਚਿੜੀ, ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਪੰਚਕੂਲਾ ਦੇ ਸਹਿਯੋਗ ਨਾਲ਼ ਛਪੀ, ਜੋ ਪੰਜਾਬ ਦੀਆਂ ਲਾਇਬਰੇਰੀਆਂ ਦਾ ਸ਼ਿੰਗਾਰ ਬਣੀ।
ਇਸ ਤੋਂ ਬਾਅਦ ਚੱਲ ਸੋ ਚੱਲ। ਆਓ ਪੰਜਾਬੀ ਸਿੱਖੀਏ, ਰੇਲੂ ਰਾਮ ਦੀ ਬੱਸ, ਕੌਡੀ ਬਾਡੀ ਦੀ ਗੁਲੇਲ, ਪੰਜਾਬੀ ਕੈਦਾ, ਪੈਂਤੀ ਅੱਖਰੀ, ਊਰਦੂ ਦਾ ਕਾਫ ਜਿਰਾਫ ਆਦਿ ਨੌ ਬਾਲ ਪੁਸਤਕਾਂ ਛਪੀਆਂ। ਪ੍ਰਾਈਵੇਟ ਸਕੂਲਾਂ ਦਾ ਕੋਝਾ ਸਿਸਟਮ ਉਸ ਦੇ ਮੁਆਫਿਕ ਨਹੀਂ ਸੀ, ਸੋ ਉਸ ਤਿਲਾਂਜਲੀ ਦਿੰਦਿਆਂ ਇੱਕ ਕੈਮਰਾ ਖਰੀਦ ਕੇ ਕਾਫੀ ਦੇਰ ਸਫਲ ਚਲਦੀ ਫਿਰਦੀ ਫੋਟੋਗ੍ਰਾਫਰੀ ਕੀਤੀ ਤੇ ਨਾਲ ਹੀ ਘਰ ਵਿੱਚ ਬੈਠ ਕੇ ਹੀ ਪੇਂਟਿੰਗ ਦਾ ਅਭਿਆਸ ਵੀ ਕੀਤਾ, ਜੋ ਕਾਫੀ ਪਸੰਦ ਕੀਤਾ ਗਿਆ। ਬਹੁਤ ਸਾਰੇ ਸਕੂਲਾਂ ਵਿੱਚ ਹਰਿਆਣਾ ਭਾਰਤ ਜਿਲ੍ਹਾ ਕੈਥਲ਼ ਸੰਸਾਰ ਹਲਕਾ ਗੂਹਲਾ ਆਦਿ ਦੇ ਨਕਸ਼ੇ ਬਣਾਏ। ਕੰਧਾਂ ਉੱਤੇ ਕੁਟੇਸਨਾਂ ਚਾਰਟ ਆਦਿ ਤਿਆਰ ਕੀਤੇ। ਦੁਕਾਨਾਂ ਦੇ ਬੋਰਡ ਤਿਆਰ ਕਰਦਿਆਂ 1997 ਵਿੱਚ ਕਿਤਾਬਾਂ ‘ਤੇ ਪੇਂਟਰੀ ਦਾ ਸਾਂਝਾ ਜਿਹਾ ਦੁਕਾਨਦਾਰ ਬਣ ਕੇ ਬੈਠ ਗਿਆ। ਪਪਰਾਲਾ ਪੁਸਤਕ ਭੰਡਾਰ ਅਰਨੌਲੀ ਦੇ ਨਾਂ ਹੇਠ ਇਸ ਨਿਵੇਕਲੀ ਦੁਕਾਨ ਨੇ ਬਹੁਤ ਪ੍ਰਸਿਧੀ ਖੱਟੀ।
ਕਿਤਾਬਾਂ ਦੀ ਸਸਤੀ ਤੇ ਮਜ਼ਬੂਤ ਬਾਈਂਡਿੰਗ, ਉੱਪਰ ਮੁਫਤ ਦੀ ਪੇਂਟਿੰਗ, ਬਹੁਤ ਸਾਰੇ ਸਟਿੱਕਰ (ਪਿੰਡਾਂ, ਪਲਾਟਾਂ ਮਾਜਰਿਆਂ ਦੇ ਨਾਮ ਦੇ ਪ੍ਰਚੱਲਿਤ ਜ਼ੁਬਾਨ ‘ਤੇ ਚੜ੍ਹਨ ਵਾਲ਼ੇ) ਆਪ ਤਿਆਰ ਕਰ ਕਰ ਕੇ ਵੇਚੇ। ਚਰਨ ਪੁਆਧੀ ਹੁਣ ਤੱਕ ਬੱਤੀ ਕਿਤਾਬਾਂ ਲਿਖ ਚੁੱਕਿਆ ਹੈ ਤੇ ਪੰਜਾਹ ਤੋਂ ਵੱਧ ਛਪਣ ਲਈ ਤਿਆਰ ਪਈਆਂ ਹਨ। ਘੱਗਰ ਕੇ ਢਾਹੇ ਢਾਹੇ ਪੁਆਧੀ ਦੀ ਨਵੀਂ ਕਿਤਾਬ ਹੈ। ਹਜ਼ਾਰ ਦੇ ਕਰੀਬ ਇਸ ਨੇ ਦੋਗਾਣੇ ਲਿਖੇ ਹਨ। ਇਸਦੇ ਨਾਲ ਹੀ ਚਰਨ ਕੱਚ ਦੀ ਬੋਤਲ ਵਿੱਚ ਤਸਵੀਰ ਬਣਾ ਲੈਂਦਾ ਹੈ। ਇਹ ਚੋਕ ਨੂੰ ਤਰਾਸ ਕੇ ਮੂਰਤੀ ਬਣਾ ਸਕਦਾ ਹੈ। ਚਰਨ ਪੁਆਧੀ ਵਿਚ ਹੋਰ ਵੀ ਕਈ ਗੁਣ ਹਨ, ਪਰ ਅਫ਼ਸੋਸ ਕਿ ਅੱਜ ਤੱਕ ਉਸ ਨੂੰ ਉਹ ਮੁਕਾਮ ਹਾਸਲ ਨਹੀਂ ਹੋਇਆ ਜੋ ਹੋਣਾ ਚਾਹੀਦਾ ਸੀ। ਅੱਜ ਚਰਨ ਪੁਆਧੀ ਪਰਿਵਾਰ ਸਮੇਤ ਗਰੀਬੀ ਦੇ ਆਲਮ ਵਿੱਚ ਦਿਨ-ਕੱਟੀ ਕਰ ਰਿਹਾ ਹੈ। ਲੋੜ ਹੈ ਅਜਿਹੇ ਹੀਰੇ ਨੂੰ ਸਾਂਭਣ ਦੀ ਤਾਂ ਜੋ ਸੰਸਾਰ ਨੂੰ ਆਪਣੀ ਕਲਾ ਰਾਹੀਂ ਹੋਰ ਬਹੁਤ ਕੁਝ ਦੇ ਸਕੇ।
ਸਮੇਤ ਫੋਟੋ : ਵੱਲੋਂ ਅਵਤਾਰ ਨਗਲੀਆਂ , ਕੁਰਾਲੀ (ਮੁਹਾਲੀ)-86997 66501

