ਨਿੰਮ ਦੇ ਦਰੱਖਤ ਸੁੱਕਣ ਨਾਲ ਕਿਤੇ ਜ਼ਿੰਦਗੀ ਨਾ ਸੁੱਕ ਜਾਵੇ : ਆਗੂ
ਚੰਡੀਗੜ੍ਹ 28 ਮਾਰਚ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਪਿਛਲੇ ਕਈ ਦਿਨਾਂ ਤੋਂ ਪੰਜਾਬ ਵਿੱਚ ਇੱਕ ਚਿੰਤਾ ਜਨਕ ਮਾਮਲਾ ਸਾਹਮਣੇ ਆ ਰਿਹਾ ਹੈ ਕਿ ਅੱਜ ਕੱਲ ਨਿੰਮ ਦੇ ਦਰੱਖਤ ਜੋ ਹਰੇ ਭਰੇ ਸਨ, ਉਹ ਸੁੱਕ ਰਹੇ ਹਨ। ਇਹ ਮਾਮਲਾ ਕੋਈ ਆਮ ਨਹੀਂ ਹੈ, ਸਗੋਂ ਬਹੁਤ ਹੀ ਜ਼ਿਆਦਾ ਗੰਭੀਰ ਹੈ ਕਿਉਂਕਿ ਜੇਕਰ ਇਸ ਤਰ੍ਹਾਂ ਕੁਦਰਤੀ ਦਰੱਖਤ ਸੁੱਕਣ ਲੱਗੇ ਤਾਂ ਕਿਤੇ ਜ਼ਿੰਦਗੀ ਹੀ ਸੁਖਣੇ ਨਾ ਪੈ ਜਾਵੇ।


ਇਸ ਸਬੰਧੀ ਸਮਾਜ ਸੇਵੀ ਤੇ ਸਿਆਸੀ ਆਗੂ ਜਿਨ੍ਹਾਂ ਵਿੱਚ ਪ੍ਰਿੰਸੀਪਲ ਸਤਨਾਮ ਸਿੰਘ ਸ਼ੋਕਰ, ਰਾਸ਼ਟਰਪਤੀ ਅਵਾਰਡ ਵਿਜੇਤਾ ਲੈਕਚਰਾਰ ਰਾਜਨ ਸ਼ਰਮਾ, ਭਾਜਪਾ ਆਗੂ ਚੌਧਰੀ ਜੈਮਲ ਸਿੰਘ ਮਾਜਰੀ, ਬਲਾਕ ਪ੍ਰਧਾਨ ਨੰਬਰਦਾਰ ਰਾਜਕੁਮਾਰ ਸਿਆਲਬਾ, ਸਮਾਜ ਸੇਵੀ ਅਮ੍ਰਿਤਪਾਲ ਸਿੰਘ ਲਾਡੀ ਢਕੋਰਾ, ਸਮਾਜ ਸੇਵੀ ਡਾਕਟਰ ਜਗਵਿੰਦਰ ਸਿੰਘ ਕੁੱਬਾਹੇੜੀ, ਐਡਵੋਕੇਟ ਨਰਿੰਦਰ ਸਿੰਘ ਖਰੜ ਅਤੇ ਅਕਾਲੀ ਯੂਥ ਆਗੂ ਜਸਪਾਲ ਸਿੰਘ ਲੱਕੀ ਮਾਵੀ ਵਜ਼ੀਦਪੁਰ ਨੇ ਕਿਹਾ ਕਿ ਬਸੰਤ ਤੋਂ ਬਾਅਦ ਜਿੱਥੇ ਦਰੱਖਤਾਂ ਨੇ ਹਰੇ ਹੋਣਾ ਹੁੰਦਾ ਹੈ, ਉਥੇ ਨਿੰਮ ਦਾ ਕੁਦਰਤੀ ਦਰੱਖਤ ਸੁੱਕਣ ਲੱਗ ਪਿਆ ਹੈ। ਇਹ ਵੀ ਨਹੀਂ ਕਿ ਇਹਨਾਂ ਵਿੱਚ ਪੁਰਾਣੇ ਅਤੇ ਬੁੱਢੇ ਦਰੱਖਤ ਹੀ ਸੁਕ ਰਹੇ ਹਨ, ਜਦ ਕਿ ਨਿੰਮ ਦੇ ਛੋਟੇ ਦਰੱਖਤ ਵੀ ਸੁੱਕ ਗਏ ਹਨ। ਇਸ ਪੱਤਰਕਾਰ ਦੁਆਰਾ ਵੀ ਇਲਾਕੇ ਦਾ ਦੌਰਾ ਕਰਦਿਆਂ ਦੇਖਿਆ ਗਿਆ ਕਿ ਹੋਰਾਂ ਦਰੱਖਤਾਂ ਨੂੰ ਛੱਡ ਕੇ ਨਿੰਮ ਦੇ ਦਰੱਖਤ ਨੂੰ ਹੀ ਸੋਕਾ ਪੈ ਗਿਆ ਹੈ।
ਉਪਰੋਕਤ ਆਗੂਆਂ ਨੇ ਕਿਹਾ ਕਿ ਸਰਕਾਰਾਂ ਤੇ ਖੇਤੀ ਮਾਹਰਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਸਾਡੇ ਕੋਲ ਕੁਝ ਕੁ ਕੁਦਰਤੀ ਦਰੱਖਤ ਹੀ ਬਚੇ ਹਨ, ਜਿਨ੍ਹਾਂ ਵਿੱਚ ਨਿੰਮ ਦਾ ਦਰੱਖਤ ਵੀ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਤਰਾਂ ਅੱਜ ਨਿੰਮ ਦਾ ਦਰੱਖਤ ਸੁੱਕਦਾ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਪਿੱਪਲ, ਬਰੋਟਾ ਅਤੇ ਹੋਰ ਦਰੱਖਤਾਂ ਨੂੰ ਵੀ ਮੁਸ਼ਕਿਲ ਹੋ ਸਕਦੀ ਹੈ। ਇਹਨਾਂ ਆਗੂਆਂ ਨੇ ਕਿਹਾ ਕਿ ਅਸੀਂ ਸਾਹ ਲੈਣ ਲਈ ਦਰੱਖਤਾਂ ‘ਤੇ ਹੀ ਨਿਰਭਰ ਹਾਂ, ਜੇ ਦਰੱਖਤ ਹੀ ਨਹੀਂ ਰਹਿਣਗੇ ਤਾਂ ਧਰਤੀ ‘ਤੇ ਵੱਸਦਾ ਜੀਵਨ ਹੀ ਖਤਮ ਹੋਵੇਗਾ ਇਹਨਾਂ ਖੇਤੀ ਮਹਿਰਾ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਨਿੰਮ ਦੇ ਦਰੱਖਤਾਂ ਨੂੰ ਪਈ ਇਸ ਮਾਰ ਤੋਂ ਬਚਾਇਆ ਜਾਵੇ ਅਤੇ ਇਸ ਦਾ ਕਾਰਨ ਲੱਭਿਆ ਜਾਵੇ ਕਿ ਆਖਰ ਨਿੰਮ ਦੇ ਦਰੱਖਤ ਹੀ ਕਿਉਂ ਸੁੱਕ ਰਹੇ ਹਨ?

