ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਵੱਲੋਂ ਛਾਪੀ ਪੁਸਤਕ “ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗਰੰਥ ਸਾਹਿਬ ਸਰਬ ਸਾਂਝੀ ਗੁਰਬਾਣੀ” ਡਾ. ਵਰਿਆਮ ਸਿੰਘ ਸੰਧੂ ਤੇ ਡਾ. ਲਖਵਿੰਦਰ ਸਿੰਘ ਜੌਹਲ ਨੂੰ ਭੇਂਟ
ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ) 30 ਮਾਰਚ:
ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਵੱਲੋਂ ਛਾਪੀ ਤੇ ਡਾ. ਅਨੁਰਾਗ ਸਿੰਘ ਵੱਲੋਂ ਅੰਗਰੇਜ਼ੀ, ਪੰਜਾਬੀ ਤੇ ਹਿੰਦੀ ਵਿੱਚ ਲਿਖੀ ਪੁਸਤਕ “ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗਰੰਥ ਸਾਹਿਬ ਸਰਬ ਸਾਂਝੀ ਗੁਰਬਾਣੀ” ਡਾ. ਵਰਿਆਮ ਸਿੰਘ ਸੰਧੂ ਤੇ ਡਾ. ਲਖਵਿੰਦਰ ਸਿੰਘ ਜੌਹਲ ਨੂੰ ਫਾਉਂਡੇਸ਼ਨ ਦੇ ਚੇਅਰਮੈਨ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਤੇ ਸਰਪ੍ਰਸਤ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਸਤੀਸ਼ ਗੁਲਾਟੀ ਦੀ ਬੇਟੀ ਦੀ ਸ਼ਾਦੀ ਮੌਕੇ ਬੀਤੀ ਸ਼ਾਮ ਹਾਜ਼ਰ ਲੇਖਕਾਂ ਦੇ ਵਿਸ਼ਾਲ ਇਕੱਠ ਵਿੱਚ ਭੇਂਟ ਕੀਤੀ।
ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਨੇ ਲੇਖਕਾਂ ਨੂੰ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਕਬਾ (ਨੇੜੇ ਮੁੱਲਾਂਪੁਰ ਦਾਖਾ) ਵਿੱਚ ਸਥਾਪਤ ਬੰਦਾ ਸਿੰਘ ਬਹਾਦਰ ਭਵਨ ਸਥਿਤ ਸ਼ਬਦ ਪ੍ਰਕਾਸ਼ ਅਜਾਇਬ ਘਰ ਤੇ ਆਧਾਰਿਤ ਇਸ ਪੁਸਤਕ ਰਾਹੀਂ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਕੀਰਤੀ ਪੂਰੇ ਵਿਸ਼ਵ ਵਿੱਚ ਪਹੁੰਚਾਉਣਾ ਹੈ। ਇਸ ਸ਼ਬਦ ਪ੍ਰਕਾਸ਼ ਅਜਾਇਬਘਰ ਦੀ ਇਮਾਰਤ ਦੀ ਉਸਾਰੀ ਸਰਦਾਰ ਸ ਪ ਸ ਓਬਰਾਏ ਜੀ ਵੱਲੋਂ ਸਥਾਪਿਤ ਸਰਬੱਤ ਦਾ ਭਲਾ ਟਰਸਟ ਵੱਲੋਂ ਜਸਵੰਤ ਸਿੰਘ ਛਾਪਾ ਦੀ ਪ੍ਰੇਰਨਾ ਨਾਲ ਕਰਵਾਈ ਗਈ ਸੀ।
ਇਸ ਵਿੱਚ ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਬਣਾਈ ਕਮੇਟੀ ਨੇ ਵਿਸ਼ਵ ਪ੍ਰਸਿੱਧ ਚਿਤਰਕਾਰ ਸ. ਆਰ ਐੱਮ ਸਿੰਘ ਪਾਸੋਂ ਸ਼੍ਰੀ ਗੁਰੂ ਗਰੰਥ ਸਾਹਿਬ ਵਿੱਚ ਸੁਸ਼ੋਭਿਤ ਗੁਰੂ ਸਾਹਿਬਾਨ ਤੇ ਹੋਰ ਬਾਣੀਕਾਰਾਂ ਦੇ ਚਿੱਤਰ ਸਰੂਪ ਤਿਆਰ ਕਰਵਾ ਕੇ ਇਸ ਅਜਾਇਬ ਘਰ ਵਿੱਚ ਸੁਭਾਇਮਾਨ ਕੀਤੇ ਗਏ ਹਨ। ਇਨ੍ਹਾਂ ਬਾਣੀਕਾਰਾਂ ਦੇ ਜੀਵਨ ਤੇ ਰਚਨਾ ਬਾਰੇ ਇਹ ਕੌਫੀ ਟੇਬਲ ਕਿਤਾਬ ਤਿਆਰ ਕਰਵਾਈ ਗਈ ਹੈ। ਇਸ ਪ੍ਰਾਜੈਕਟ ਵਿੱਚ ਉੱਘੇ ਵਿਦਵਾਨਾਂ ਦਾ ਪੈਨਲ ਬਣਾ ਕੇ ਸ. ਤੇਜਪ੍ਰਤਾਪ ਸਿੰਘ ਸੰਧੂ ਤੇ ਰਣਜੋਧ ਸਿੰਘ ਦੀ ਦੇਖ ਰੇਖ ਹੇਠ ਪਰਿੰਟਵੈੱਲ ਅੰਮ੍ਰਿਤਸਰ ਤੋਂ ਛਪਵਾਇਆ ਹੈ।
ਇਸ ਮੌਕੇ ਬੋਲਦਿਆਂ ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਦੇ ਸਰਪ੍ਰਸਤ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਇਹ ਪੁਸਤਕ ਦੋ ਵੱਡੇ ਲੇਖਕਾਂ ਨੂੰ ਭੇਂਟ ਕਰਨ ਦਾ ਮਨੋਰਥ ਬਾਕੀ ਲੇਖਕ ਭਾਈਚਾਰੇ ਤੀਕ ਇਹ ਸੁਨੇਹਾ ਪਹੁੰਚਾਉਣਾ ਹੈ ਕਿ ਇਹ ਕਾਰਜ ਸਮਾਜ ਦੇ ਸਭ ਵਰਗਾਂ ਨੂੰ ਰਲ਼ ਮਿਲ ਕਰਨੇ ਚਾਹੀਦੇ ਹਨ, ਕਿਉਂਕਿ ਸਾਹਿੱਤ ਸਿਰਜਣਾ ਦੇ ਨਾਲ ਨਾਲ ਬਾਕੀ ਸਰੋਕਾਰ ਸਮਝਣੇ ਤੇ ਸਮਝਾਉਣੇ ਬਹੁਤ ਜ਼ਰੂਰੀ ਹਨ। ਇਸ ਮੁੱਲਵਾਨ ਪੁਸਤਕ ਦੇ ਲੇਖਕ ਅਨੁਰਾਗ ਸਿੰਘ ਤੇ ਚਿਤਰਕਾਰ ਆਰ ਐੱਮ ਸਿੰਘ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਪੁਸਤਕ ਰਾਹੀਂ ਗੁਰਬਾਣੀ ਆਧਾਰਿਤ ਸਾਹਿੱਤ ਨੂੰ ਨਵੀਂ ਸਮਰੱਥ ਦਿਸ਼ਾ ਮਿਲੀ ਹੈ।
ਡਾ. ਵਰਿਆਮ ਸਿੰਘ ਸੰਧੂ ਤੇ ਡਾ. ਲਖਵਿੰਦਰ ਸਿੰਘ ਜੌਹਲ ਨੇ ਇਹ ਪੁਸਤਕ ਪ੍ਰਾਪਤ ਕਰਨ ਉਪਰੰਤ ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਦੀਪਕ ਮਨਮੋਹਨ ਸਿੰਘ, ਪ੍ਰੋ. ਰਵਿੰਦਰ ਭੱਠਲ, ਸਤੀਸ਼ ਗੁਲਾਟੀ, ਖ਼ੁਸ਼ਵੰਤ ਬਰਗਾੜੀ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਗੁਰਇਕਬਾਲ ਸਿੰਘ, ਡਾ. ਸ਼ਿੰਦਰਪਾਲ ਸਿੰਘ, ਡਾ. ਸੁਰਜੀਤ ਸਿੰਘ, ਤ੍ਰੈਲੋਚਨ ਲੋਚੀ, ਜਸਪਾਲ ਮਾਨਖੇੜਾ, ਬਲਵਿੰਦਰ ਗਰੇਵਾਲ, ਫ਼ਿਲਮ ਸਾਜ਼ ਡੀ ਪੀ ਅਰਸ਼ੀ, ਰਾਜਦੀਪ ਸਿੰਘ ਤੂਰ, ਪ੍ਰਭਜੋਤ ਸਿੰਘ ਸੋਹੀ, ਮੀਤ ਅਨਮੋਲ ਤੇ ਕੁਝ ਹੋਰ ਲੇਖਕ ਹਾਜ਼ਰ ਸਨ।