ਪੰਜਾਬ ਸਾਹਿਤ ਅਕਾਦਮੀ ਦਾ ‘ਯੁਵਾ ਸਾਹਿਤ ਉਤਸਵ’ ਦਿ ਰੌਇਲ ਗਰੁੱਪ ਆਫ ਕਾਲਜਿਜ਼ ਵਿਖੇ ਸ਼ੁਰੂ
ਬੋੜਾਵਾਲ਼ ਕਾਲਜ (ਮਾਨਸਾ) (ਸੁਰ ਸਾਂਝ ਡਾਟ ਕਾਮ ਬਿਊਰੋ), 01 ਅਪਰੈਲ:
ਦਿ ਰੌਇਲ ਗਰੁੱਪ ਆਫ ਕਾਲਜਿਜ਼, ਬੋੜਾਵਾਲ ਵਿਖੇ ‘ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ਼ ਸਰਬਜੀਤ ਕੌਰ ਸੋਹਲ ਦੀ ਅਗਵਾਈ ਅਧੀਨ, ਕੌਮੀ ਪੱਧਰ ਦਾ ਪ੍ਰੋਗਰਾਮ, ‘ਯੁਵਾ ਸਾਹਿਤ ਉਤਸਵ’ ਮਿਤੀ 30 ਮਾਰਚ, 2024 ਨੂੰ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋਇਆ। ਦੋ-ਰੋਜ਼ਾ ਪ੍ਰੋਗਰਾਮ ਦਾ ਪਹਿਲਾ ਦਿਨ ਉਦਘਾਟਨੀ ਸੈਸ਼ਨ ਵਿੱਚ ਸ਼ਮ੍ਹਾਂ ਰੌਸ਼ਨ ਕਰਨ ਦੀ ਰਸਮ ਨਾਲ ਸ਼ੁਰੂ ਹੋਇਆ, ਜਿਸਦੀ ਪ੍ਰਧਾਨਗੀ ਡਾ.ਅਮਰਜੀਤ ਗਰੇਵਾਲ ਨੇ ਕੀਤੀ। ਸਭ ਤੋਂ ਪਹਿਲਾਂ ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ ਨੇ ਆਏ ਹੋਏ ਮਹਿਮਾਨਾਂ ਤੇ ਵਿਦਵਾਨਾਂ ਦਾ ਸਵਾਗਤ ਕੀਤਾ। ਡਾ.ਰਵੇਲ ਸਿੰਘ ਨੇ ਪ੍ਰੋਗਰਾਮ ਦੀ ਰੂਪ-ਰੇਖਾ ਸਾਂਝੀ ਕਰਦਿਆਂ ਅਜਿਹੇ ਪ੍ਰੋਗਰਾਮਾਂ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ।


ਉਦਘਾਟਨੀ ਸ਼ਬਦ ਬੋਲਦਿਆਂ ਡਾ. ਸਰਬਜੀਤ ਕੌਰ ਸੋਹਲ ਨੇ ਜਿੱਥੇ ਨੌਜਵਾਨਾਂ ਨੂੰ ਸਾਹਿਤ ਨਾਲ ਜੁੜਨ ਲਈ ਪ੍ਰੇਰਿਆ, ਓਥੇ ਹੀ ਨੌਜਵਾਨੀ ਨੂੰ ਦਰਪੇਸ਼ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਪਰਵਾਸ ਦੀ ਸਮੱਸਿਆਂ ਦੀ ਉੱਘੜਵੇਂ ਰੂਪ ਵਿੱਚ ਗੱਲ ਕੀਤੀ। ਬਤੌਰ ਮੁੱਖ ਮਹਿਮਾਨ ਡਾ. ਸਰਬਜੀਤ ਸਿੰਘ, ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਨੇ ਜਿੱਥੇ ਪੰਜਾਬ ਸਾਹਿਤ ਅਕਾਦਮੀ ਨੂੰ ਅਜਿਹੇ ਪ੍ਰੋਗਰਾਮਾਂ ਨੂੰ ਉਲੀਕਣ ਲਈ ਵਧਾਈ ਦਿੱਤੀ ਓਥੇ ਹੀ ਨੌਜਵਾਨਾਂ ਨੂੰ ਵੱਧ ਤੋਂ ਵੱਧ ਕਿਤਾਬਾਂ ਨਾਲ ਜੁੜਨ ‘ਤੇ ਅਜੋਕੀ ਤਕਨੀਕ ਦਾ ਹਾਣੀ ਬਨਣ ਦੀ ਗੱਲ ਕੀਤੀ। ਡਾ.ਅਮਰਜੀਤ ਸਿੰਘ ਗਰੇਵਾਲ ਨੇ ਅਜਿਹੇ ਪ੍ਰੋਗਰਾਮਾਂ ਦੀ ਸਾਰਥਕਤਾ ਨੂੰ ਬਿਆਨ ਕਰਦਿਆਂ ਮਸ਼ਨੂਈ ਬੁੱਧੀ ਦੀ ਆਮਦ ਤੇ ਓਸਦੇ ਪੈਣ ਵਾਲੇ ਪ੍ਰਭਾਵਾਂ ਦੀ ਚਰਚਾ ਕਰਦਿਆਂ, ਨੌਜਵਾਨਾਂ ਨੂੰ ਅਜਿਹੇ ਸਾਧਨਾਂ ਦੀ ਸੁੱਚਜੀ ਵਰਤੋਂ ਲਈ ਪ੍ਰੇਰਿਆ। ਇਸ ਸ਼ੈਸ਼ਨ ਦੌਰਾਨ ਪ੍ਰਸਿੱਧ ਕਵੀ ਸਵਰਨਜੀਤ ਸਵੀ ਨੇ ਆਪਣੀਆਂ ਕਵਿਤਾਵਾਂ ਨਾਲ ਮਾਹੌਲ ਨੂੰ ਚਾਰ-ਚੰਨ ਲਾਏ।
ਪਹਿਲੇ ਦਿਨ ਦੇ ਦੂਜੇ ਸ਼ੈਸ਼ਨ ਯੁਵਾ ਗਲਪਕਾਰੀ ਵਿੱਚ ਸਿਮਰਨ ਧਾਲੀਵਾਲ, ਜਸਵਿੰਦਰ ਧਰਮਕੋਟ, ਕਮਲ ਸੇਖੋਂ, ਪ੍ਰੀਤ ਕੈਂਥ ਅਤੇ ਕੁਲਵਿੰਦਰ ਕੌਸ਼ਲ ਨੇ ਆਪਣੇ ਵਿਚਾਰ ਪੇਸ਼ ਕੀਤੇ ਇਸ ਸ਼ੈਸ਼ਨ ਦੀ ਪ੍ਰਧਾਨਗੀ ਪ੍ਰਸਿੱਧ ਕਹਾਣੀਕਾਰ ਦਰਸ਼ਨ ਜੋਗਾ ਨੇ ਕੀਤੀ ਤੇ ਬਤੌਰ ਟਿੱਪਣੀਕਾਰ ਕਹਾਣੀਕਾਰ ਜਸਪਾਲ ਮਾਨਖੇੜਾ ਸ਼ਾਮਲ ਹੋਏ। ਤੀਜੇ ਸ਼ੈਸ਼ਨ ਯੁਵਾ ਸਮੀਖਿਆ ਦਾ ਸੰਚਾਲਨ ਡਾ. ਹਰਵਿੰਦਰ ਸਿੰਘ ਨੇ ਕੀਤਾ ਅਤੇ ਵਿਚਾਰ-ਚਰਚਾ ਵਿੱਚ ਡਾ. ਬੀਰਬਲ ਸਿੰਘ, ਡਾ.ਅਮਰਜੀਤ ਸਿੰਘ ਤੇ ਡਾ. ਦਵਿੰਦਰ ਬੋਹਾ ਨੇ ਭਾਗ ਲਿਆ, ਇਸ ਸ਼ੈਸ਼ਨ ਦੀ ਪ੍ਰਧਾਨਗੀ ਪ੍ਰਸਿੱਧ ਆਲੋਚਕ ਤੇ ਲੇਖਕ ਡਾ. ਸੁਖਦੇਵ ਸਿੰਘ ਸਿਰਸਾ ਨੇ ਕੀਤੀ। ਡਾ.ਸਿਰਸਾ ਨੇ ਆਪਣੇ ਜਾਦੂਈ ਸ਼ਬਦਾਂ ਨਾਲ ਸਰੋਤਿਆਂ ਨੂੰ ਕੀਲ ਲਿਆ ਤੇ ਆਪਣੇ ਮਨਮੋਹਕ ਅੰਦਾਜ਼ ਵਿੱਚ ਅਜੋਕੇ ਸਮੇਂ ਵਿੱਚ ਲੇਖਕ ਤੇ ਆਲੋਚਕ ਦੇ ਰਿਸ਼ਤੇ ਨੂੰ ਬਿਆਨ ਕਰਦਿਆਂ, ਆਲੋਚਨਾ ਦੇ ਮਹੱਤਵ ਬਾਰੇ ਵਿਸਥਾਰ ਸਹਿਤ ਸਮਝਾਇਆ।
ਚੌਥੇ ਸ਼ੈਸ਼ਨ ਯੁਵਾ ਨਾਟਕ, ਰੰਗ-ਮੰਚ ਤੇ ਸਿਨੇਮਾ ਵਿੱਚ ਡਾ. ਕੁਲਦੀਪ ਸਿੰਘ ਦੀਪ ਨੇ ਸੰਚਾਲਕ ਵਜੋਂ ਭੂਮਿਕਾ ਨਿਭਾਈ। ਇਸ ਸ਼ੈਸ਼ਨ ਦੀ ਪ੍ਰਧਾਨਗੀ ਉੱਘੇ ਵਿਦਵਾਨ ਤੇ ਨਾਟਕਕਾਰ ਡਾ. ਸਤੀਸ਼ ਕੁਮਾਰ ਵਰਮਾ ਦੁਆਰਾ ਕੀਤੀ ਗਈ ਤੇ ਟਿੱਪਣੀਕਾਰ ਵਜੋਂ ਰਾਜੀਵ ਸ਼ਰਮਾ ਸ਼ਾਮਿਲ ਹੋਏ। ਡਾ.ਜਗਦੀਪ ਸੰਧੂ,ਡਾ.ਕੁਲਵੀਰ ਮਲਿਕ ਅਤੇ ਡਾ.ਗੁਰਜੀਤ ਕੌਰ ਨੇ ਵਿਚਾਰ ਵਟਾਂਦਰੇ ਵਿੱਚ ਭਾਗ ਲਿਆ। ਇਸ ਦਿਨ ਦੇ ਅੰਤ ‘ਤੇ ਨਾਟਕ ‘ਭਾਸ਼ਾ ਵਹਿੰਦਾ ਦਰਿਆ’, ਸਿਰਜਣਾ ਆਰਟ ਗਰੁੱਪ, ਰਾਏਕੋਟ ਵੱਲੋਂ ਨਿਰਦੇਸ਼ਕ ਡਾ. ਕੰਵਲ ਢਿੱਲੋਂ ਅਤੇ ਡਾ.ਸੋਮਪਾਲ ਹੀਰਾ ਦੁਆਰਾ ਪੇਸ਼ ਕੀਤਾ ਗਿਆ।ਇਸ ਉਤਸਵ ਦੇ ਪਹਿਲੇ ਦਿਨ ਵਿਸ਼ੇਸ਼ ਮਹਿਮਾਨ ਵਜੋਂ ਪ੍ਰਸਿੱਧ ਲੇਖਿਕਾ ਡਾ. ਗੁਰਮੇਲ ਕੌਰ ਜੋਸ਼ੀ,ਕਹਾਣੀਕਾਰ ਭਗਵੰਤ ਰਸੂਲਪੁਰੀ, ਲੇਖਕ ਤੇ ਆਲੋਚਕ ਨਿਰੰਜਨ ਬੋਹਾ ਤੇ ਨਾਵਲਕਾਰ ਪਰਗਟ ਸਤੌਜ ਸ਼ਾਮਲ ਹੋਏ। ਪ੍ਰੋਗਰਾਮ ਦਾ ਸੰਚਾਲਨ ਕਨਵੀਨਰ ਡਾ.ਕੁਲਦੀਪ ਸਿੰਘ ਦੀਪ ਤੇ ਕਾਲਜ ਕੋਆਰਡੀਨੇਟਰ ਡਾ਼ ਕੁਲਵਿੰਦਰ ਸਿੰਘ ਸਰਾਂ ਨੇ ਬਾਖ਼ੂਬੀ ਕੀਤੀ।ਸਭ ਮਹਿਮਾਨਾਂ ਤੇ ਅਦੀਬਾਂ ਨੂੰ ਅਕਾਦਮੀ ਵੱਲੋਂ ਯਾਦਗਾਰੀ ਚਿੰਨਾਂ ਦੇ ਨਾਲ-ਨਾਲ ਵਾਤਾਵਰਣ ਦੀ ਸ਼ੁੱਧਤਾ ਤੇ ਸੰਭਾਲ ਲਈ ਬੂਟੇ ਭੇਂਟ ਕੀਤੇ ਗਏ।ਕਾਲਜ ਚੇਅਰਮੈਨ ਸ.ਏਕਮਜੀਤ ਸਿੰਘ ਸੋਹਲ ਨੇ ਅਕਾਦਮੀ ਵੱਲੋਂ ਇਸ ਉਤਸਵ ਰੌਇਲ ਗਰੁੱਪ ਦੀ ਚੋਣ ਕਰਨ ਲਈ ਧੰਨਵਾਦ ਕੀਤਾ।

