ਸਮਾਜ ਦੀ ਖੁਸ਼ਹਾਲੀ ਅਤੇ ਸਿਰਜਣਾਤਮਿਕਤਾ ਲਈ ਬੌਧਿਕ ਸੰਪਦਾ ਦਾ ਅਧਿਕਾਰ
ਕਪੂਰਥਲ਼ਾ (ਸੁਰ ਸਾਂਝ ਡਾਟ ਕਾਮ ਬਿਊਰੋ), 26 ਅਪਰੈਲ:
ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਕੌਮਾਂਤਰੀ ਬੌਧਿਕ ਸੰਪਦਾ ਅਧਿਕਾਰ ਦਿਵਸ ਦੇ ਮੌਕੇ “ਨਵੀਨਤਾ ਤੇ ਸਿਰਜਣਾਤਮਿਕਤਾ ਦੇ ਭਵਿੱਖ ਦੀ ਉਸਾਰੀ ਲਈ ਬੌਧਿਕ ਸੰਪਦਾ ਅਤੇ ਸਥਾਈ ਵਿਕਾਸ ਦੇ ਟੀਚੇ” ਦੇ ਵਿਸ਼ੇ ਤੇ ਇਕ ਸੈਮੀਨਾਰ ਆਯੋਜਨ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਪੰਜਾਬ ਦੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੇ 200 ਦੇ ਕਰੀਬ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ।
ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ.ਰਾਜੇਸ਼ ਗਰੋਵਰ ਨੇ ਆਪਣੇ ਸੰਬੋਧਨ ਵਿਚ ਅੱਜ ਦੇ ਵਿਸ਼ਵ ਪੱਧਰੀ ਅਰਥਚਾਰੇ ਵਿਚ ਵਿਚਾਰਾਂ, ਯੁਗਤਾਂ ਅਤੇ ਰਚਨਾਵਾਂ ਦੀ ਸੁਰੱਖਿਆ ਦੇ ਵਿਸ਼ੇ ਉਪਰ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਬੌਧਿਕ ਸੰਪਦਾ ਦਾ ਅਧਿਕਾਰ ਇਕ ਅਜਿਹਾ ਅਧਿਕਾਰ ਹੈ, ਜਿਸ ਅਨੁਸਾਰ ਆਗਿਆ ਤੋਂ ਬਿਨ੍ਹਾਂ ਕੋਈ ਵੀ ਵਿਅਕਤੀ ਤੁਹਾਡੀ ਸੰਪਤੀ ਦੀ ਵਰਤੋਂ ਨਹੀਂ ਕਰ ਸਕਦਾ। ਇਸ ਮੌਕੇ ਉਨ੍ਹਾਂ ਨੇ ਟਰੇਡ ਮਾਰਕ,ਕਾਪੀ ਰਾਈਟ, ਪੇਟੈਂਟ ਅਤੇ ਵਪਾਰ ਆਦਿ ਵਿਚ ਬੌਧਿਕ ਸੰਪਦਾ ਦੇ ਅਧਿਕਾਰ ਦੀ ਅਹਿਮੀਅਤ ਤੇ ਚਾਨਣਾ ਪਾਇਆ। ਉਨ੍ਹਾਂ ਬੌਧਿਕ ਸੰਪਦਾ ਅਧਿਕਾਰ ਦੇ ਵੱਖ-ਵੱਖ ਰੂਪਾਂ ਬਾਰੇ ਨੌਜਵਾਨ ਵਿਦਿਆਰਥੀਆਂ ਨੂੰ ਜਾਗਰੂਕ ਰਹਿਣ ਦੀ ਅਪੀਲ ਕਰਦਿਆਂ ਦੱਸਿਆ ਕਿ ਇਹ ਬਹੁਤ ਜ਼ਰੂਰੀ ਹੈ ਕਿ ਭਵਿੱਖ ਦੇ ਵਿਕਾਸ ਲਈ ਇਕ ਅਜਿਹਾ ਮਾਹੌਲ ਬਣਾਇਆ ਜਾਵੇ, ਜਿੱਥੇ ਨੌਜਵਾਨ ਖੋਜਕਾਰਾਂ ਦੇ ਵਿਚਾਰ ਅਤੇ ਮੂਲ ਯੁਕਤਾਂ ਵਿਕਸਿਤ ਹੋਣ ਦੇ ਨਾਲ -ਨਾਲ ਸੁਰੱਖਿਅਤ ਰਹਿਣ। ਉਨ੍ਹਾਂ ਕਿਹਾ ਕਿ ਭਵਿੱਖ ਦੇ ਵਿਕਾਸ ਲਈ ਸਥਾਈ ਵਿਕਾਸ ਦੇ ਟੀਚਿਆਂ ਦੀ ਪ੍ਰਾਪਤੀ ਲਈ ਸਾਨੂੰ ਹਮੇਸ਼ਾਂ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ।
ਇਸ ਮੌਕੇ ਨੈਸ਼ਨਲ ਇੱਸਟੀਚਿਊਟ ਆਫ਼ ਟੈਕਨੀਕਲ ਟੀਚਰਜ਼ ਟਰੇਨਿੰਗ ਤੇ ਰਿਸਰਚ ਦੇ ਸਹਾਇਕ ਪ੍ਰੋਫ਼ੈਸਰ ਇੰਜੀ ਅਮਰਦੇਵ ਸਿੰਘ ਮੁੱਖ ਬੁਲਾਰੇ ਵਜੋਂ ਹਾਜ਼ਰ ਹੋਏ ਅਤੇ “ਨਵਾਂ ਉਤਪਾਦ ਅਤੇ ਵਿਕਾਸ ਪ੍ਰੀਕ੍ਰਿਆ ਲਈ ਸਥਾਈ ਵਿਕਾਸ ਦੇ ਟੀਚਿਆਂ ਦੇ ਅਨਕੂਲ ਆਭਿਆਸਾਂ” ਦੇ ਵਿਸ਼ੇ ਤੇ ਨੌਜਵਾਨ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਬੌਧਿਕ ਸੰਪਦਾ ਦਾ ਅਧਿਕਾਰ ਸਾਡੇ ਭਵਿੱਖ ਦੀ ਉਸਾਰੀ ਲਈ ਨਵੀਨਤਮ ਅਤੇ ਸਿਰਜਣਾਤਮਿਕ ਹੱਲਾਂ ਨੂੰ ਉਤਸ਼ਾਹਿਤ ਕਰਦਾ ਹੈ। ਇਸ ਮੌਕੇ ਇੰਜੀ ਅਮਰਦੇਵ ਨੇ ਆਰਥਿਕਤਾ, ਸਮਾਜਿਕ ਤੇ ਵਾਤਾਵਰਣ ਸੰਤੁਲਨ ਦੀ ਸਥਿਰਤਾ ਲਈ ਉਸਾਰੂ ਯਤਨਾਂ ਦੀ ਲੋੜ ਤੇ ਜ਼ੋਰ ਦਿੰਦਿਆ ਕਿਹਾ ਕਿ ਸਥਾਈ ਵਿਕਾਸ ਦੇ ਟੀਚੇ ਜਿਥੇ ਖੁਸ਼ਹਾਲ ਸਮਾਜ ਅਤੇ ਸ਼ਾਂਤੀ ਨੂੰ ਉਤਸ਼ਾਹ ਦਿੰਦੇ ਹਨ, ਉੱਥੇ ਧਰਤੀ ਨੂੰ ਸੁਰੱਖਿਅਤ ਰੱਖਣ ਦੀ ਦਿਸ਼ਾ ਵਿਚ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਬੌਧਿਕ ਸੰਪਦਾ ਦਿਵਸ ਤੇ ਇਹ ਸਮਝਣ ਦੀ ਲੋੜ ਹੈ ਕਿ ਸਾਡੇ ਸਾਰਿਆਂ ਦੇ ਭਵਿੱਖ ਲਈ ਬੌਧਿਕ ਸੰਪਦਾ ਦਾ ਅਧਿਕਾਰ ਨਵੀਨਤਾ ਅਤੇ ਰਚਨਾਤਮਿਕ ਹੱਲਾਂ ਨੂੰ ਕਿਸ ਤਰ੍ਹਾਂ ਉਤਸ਼ਾਹਿਤ ਕਰਦਾ ਹੈ।