ਮਨੀਸ਼ ਤਿਵਾੜੀ ਨੇ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ
ਚੰਡੀਗੜ੍ਹ 27 ਅਪ੍ਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਚੰਡੀਗੜ੍ਹ ਲੋਕ ਸਭਾ ਸੀਟ ਤੋਂ ਇੰਡੀਆ ਗੱਠਜੋੜ ਦੇ ਸਾਂਝੇ ਉਮੀਦਵਾਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਬਲਾਕ ਮਾਜਰੀ ਦੇ ਸਰਪੰਚਾਂ ਦੀ ਮੀਟਿੰਗ ਵਿੱਚ ਸ਼ਿਰਕਤ ਕਰਕੇ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ, ਜਿੱਥੇ ਸਰਪੰਚਾਂ ਨੇ ਸੰਸਦ ਮੈਂਬਰ ਤਿਵਾੜੀ ਦਾ ਸਨਮਾਨ ਕੀਤਾ ਅਤੇ ਉਨ੍ਹਾਂ ਵੱਲੋਂ ਕੀਤੇ ਰਿਕਾਰਡ ਵਿਕਾਸ ਦੇ ਬਾਵਜੂਦ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਚੋਣ ਨਾ ਲੜਨ ’ਤੇ ਅਫਸੋਸ ਪ੍ਰਗਟ ਕੀਤਾ। ਇਸ ਮੌਕੇ ਸਰਪੰਚਾਂ ਦਾ ਕਹਿਣਾ ਸੀ ਕਿ ਪਹਿਲੀ ਵਾਰ ਕਿਸੇ ਸੰਸਦ ਮੈਂਬਰ ਨੇ ਉਨ੍ਹਾਂ ਦੇ ਪਿੰਡਾਂ ਵਿੱਚ ਜਾ ਕੇ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਆਮ ਵੋਟਰਾਂ ਨਾਲ ਰਾਬਤਾ ਕਾਇਮ ਕੀਤਾ ਸੀ। ਉਹ ਇਲਾਕੇ ਦੇ ਵਿਕਾਸ ਲਈ ਕਈ ਪ੍ਰੋਜੈਕਟ ਲੈ ਕੇ ਆਏ ਸਨ। ਉਹਨਾਂ ਦੀ ਕਮੀ ਮਹਿਸੂਸ ਕੀਤੀ ਜਾਵੇਗੀ।
ਤਿਵਾੜੀ ਨੇ ਹਾਲਾਂਕਿ ਪਾਰਟੀ ਵੱਲੋਂ ਸੌਂਪੀ ਗਈ ਨਵੀਂ ਜ਼ਿੰਮੇਵਾਰੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਤੋਂ ਚੁਣੇ ਜਾਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਸੀ। ਜਿੱਥੇ ਉਨ੍ਹਾਂ ਨੂੰ ਕਰੋਨਾ ਦੇ ਦੌਰ ਨੂੰ ਛੱਡ ਕੇ ਸਾਢੇ 3 ਸਾਲਾਂ ਵਿੱਚ ਹਲਕੇ ਦੇ 1115 ਦੇ ਕਰੀਬ ਪਿੰਡਾਂ ਦੇ ਲੋਕਾਂ ਨਾਲ ਜੁੜਨ ਅਤੇ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਵਿੱਚ ਉਨ੍ਹਾਂ ਦੀਆਂ ਸਮੱਸਿਆਵਾਂ ਪੇਸ਼ ਕਰਨ ਦਾ ਮੌਕਾ ਮਿਲਿਆ। ਸੰਸਦ ਮੈਂਬਰ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਦੇ ਲੋਕਾਂ ਨਾਲ ਉਨ੍ਹਾਂ ਦਾ ਰਿਸ਼ਤਾ ਖਤਮ ਨਹੀਂ ਹੋਵੇਗਾ। ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਹੋਣ ਦੇ ਬਾਵਜੂਦ ਉਹ ਲੁਧਿਆਣਾ ਦੇ ਵੋਟਰਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਦੇ ਸਨ, ਕਿਉਂਕਿ ਉਥੋਂ ਦੇ ਸੰਸਦ ਮੈਂਬਰ ਲੋਕਾਂ ਦਾ ਫੋਨ ਤੱਕ ਨਹੀਂ ਚੁੱਕਦੇ ਸਨ, ਜਿਹੜੇ ਹੁਣ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ।
ਇਸ ਦੌਰਾਨ ਉਨ੍ਹਾਂ ਸਮੂਹ ਸਰਪੰਚਾਂ ਅਤੇ ਸਥਾਨਕ ਲੋਕਾਂ ਦਾ ਪਿਛਲੇ ਪੰਜ ਸਾਲਾਂ ਦੌਰਾਨ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਨਿਊ ਚੰਡੀਗੜ੍ਹ ਵਿਖੇ ਇਕੋ ਸਿਟੀ-1 ਵਿੱਚ ਹੋਈ ਇਸ ਬੈਠਕ ਵਿੱਚ ਜਿੱਥੇ ਹੋਰਨਾਂ ਤੋਂ ਇਲਾਵਾ ਹਲਕਾ ਇੰਚਾਰਜ ਵਿਜੇ ਸ਼ਰਮਾ ਟਿੰਕੂ, ਬਲਾਕ ਪ੍ਰਧਾਨ ਮਾਜਰੀ ਮਦਨ ਸਿੰਘ ਮਾਣਕਪੁਰ ਸ਼ਰੀਫ਼ , ਸਾਬਕਾ ਪ੍ਰਧਾਨ ਅਜੀਤ ਸਿੰਘ ਭੜੋਜੀਆਂ, ਮੀਤ ਪ੍ਰਧਾਨ ਮੁਹਾਲੀ ਨਵੀਨ ਬਾਂਸਲ ਖਿਜ਼ਰਾਬਾਦ, ਸ਼ੂਗਰ ਮਿੱਲ ਮੋਰਿੰਡਾ ਦੇ ਡਾਇਰੈਕਟਰ ਨਰਦੇਵ ਸਿੰਘ, ਜਨਰਲ ਸਕੱਤਰ ਮੁਹਾਲੀ ਹਰਨੇਕ ਸਿੰਘ ਤਕੀਪੁਰ, ਗੁਰਵਿੰਦਰ ਸਿੰਘ ਬਿੱਟੂ ਪਡੌਲ, ਰਾਜਿੰਦਰ ਸਿੰਘ ਸਰਪੰਚ ਭਡੋਂਜੀਆਂ, ਸੰਦੀਪ ਸਰਪੰਚ ਸਿਸਵਾਂ, ਜਸਪ੍ਰੀਤ ਸਿੰਘ ਜੱਸਾ, ਕੁਲਦੀਪ ਸਿੰਘ ਸੈਣੀ ਐਡਵੋਕੇਟ, ਜਸਵੰਤ ਠਾਕੁਰ, ਸੰਤੋਸ਼ ਕੁਮਾਰ, ਜਸਪਾਲ ਸਿੰਘ, ਪਤਰਕਾਰ ਹੇਮੰਤ ਚੌਹਾਨ, ਜਗਦੀਸ ਪਠਾਨੀਆ, ਜਸਵੀਰ ਸਿੰਘ ਚਹਿਲ, ਨੀਲਮ ਠਾਕੁਰ, ਸਰੀਤਾ ਕਟੋਚ, ਡਾ: ਹਤਿੰਦਰ ਠਾਕੁਰ, ਨੀਤੀਕਾ ਚੰਦੇਲ ਆਦਿ ਹਾਜ਼ਰ ਸਨ|