www.sursaanjh.com > ਅੰਤਰਰਾਸ਼ਟਰੀ > ਗਿਣਾਤਮਕ ਅਤੇ ਗੁਣਾਤਮਕ ਪੱਖੋਂ ਇਜ਼ਾਫਾ ਕਰਦਾ – ਸ਼ਾਇਰ ਜੀਵਨ ਸਿੰਘ ‘ਹਾਣੀ’ ਦਾ ਕਾਵਿ ਸੰਗ੍ਰਹਿ “ਆਪਣੇ ਹਿੱਸੇ ਦੀ ਚੁੱਪ” – ਜਸਵਿੰਦਰ ਸਿੰਘ ਕਾਈਨੌਰ

ਗਿਣਾਤਮਕ ਅਤੇ ਗੁਣਾਤਮਕ ਪੱਖੋਂ ਇਜ਼ਾਫਾ ਕਰਦਾ – ਸ਼ਾਇਰ ਜੀਵਨ ਸਿੰਘ ‘ਹਾਣੀ’ ਦਾ ਕਾਵਿ ਸੰਗ੍ਰਹਿ “ਆਪਣੇ ਹਿੱਸੇ ਦੀ ਚੁੱਪ” – ਜਸਵਿੰਦਰ ਸਿੰਘ ਕਾਈਨੌਰ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 28 ਅਪਰੈਲ:
ਪੁਸਤਕ ਰਿਵਿਊ
ਗਿਣਾਤਮਕ ਅਤੇ ਗੁਣਾਤਮਕ ਪੱਖੋਂ ਇਜ਼ਾਫਾ ਕਰਦਾ – ਸ਼ਾਇਰ ਜੀਵਨ ਸਿੰਘ ‘ਹਾਣੀ’ ਦਾ ਕਾਵਿ ਸੰਗ੍ਰਹਿ “ਆਪਣੇ ਹਿੱਸੇ ਦੀ ਚੁੱਪ” – ਜਸਵਿੰਦਰ ਸਿੰਘ ਕਾਈਨੌਰ
ਸ਼ਾਇਰ ਜੀਵਨ ਸਿੰਘ  ‘ਹਾਣੀ’ ਦੇ ਹਾਲ ਹੀ ’ਚ ਚੇਤਨਾ ਪ੍ਰਕਾਸ਼ਨ, ਲੁਧਿਆਣਾ ਵਲੋਂ ਛਾਪੇ 102 ਪੰਨਿਆਂ ਦੇ ਕਾਵਿ ਸੰਗ੍ਰਹਿ “ਆਪਣੇ ਹਿੱਸੇ ਦੀ ਚੁੱਪ”  ਵਿੱਚ ਕੁੱਲ 91 ਕਵਿਤਾਵਾਂ ਹਨ, ਜਿਨ੍ਹਾਂ ’ਚ ਉਸ ਨੇ ਸਮਾਜਿਕ ਜੀਵਨ ਦੇ ਚੌਗਿਰਦੇ ’ਚੋਂ ਖੱਟੇ-ਮਿੱਠੇ ਤਜ਼ਰਬਿਆਂ ’ਤੇ ਅਧਾਰਿਤ ਆਪਣੇ ਵਲਵਲਿਆਂ ਨੂੰ ਕਲਾਤਮਕ ਛੋਹਾਂ ਨਾਲ ਸਾਹਿਤ ਦੇ ਰੂਪ ’ਚ ਪਾਠਕਾਂ ਲਈ ਪੇਸ਼ ਕੀਤਾ ਹੈ।
ਸੱਭ ਤੋਂ ਪਹਿਲਾਂ ਪੁਸਤਕ ਦੇ ਸਿਰਲੇਖ ਬਾਰੇ ਹੀ ਗੱਲ ਕਰਦੇ ਹਾਂ ਕਿ ਇਸ ਦਾ ਸਿਰਲੇਖ “ਆਪਣੇ ਹਿੱਸੇ ਦੀ ਚੁੱਪ” ਬਹੁਤ ਹੀ ਢੁੱਕਵਾਂ ਹੋਣ ਕਰਕੇ ਵਧੀਆ ਹੈ। ਇਸ ਸ਼ਾਇਰ ਦੀਆਂ ਰਚਨਾਵਾਂ ਦਾ ਪਾਠ ਕਰਦਿਆਂ ਇੰਝ ਪ੍ਰਤੀਤ ਹੁੰਦਾ ਹੈ ਕਿ ਉਹ ਇੱਕ ਸੋਚ ਦੀ ਤਸਵੀਰ ਬਣਾਉਂਦਾ ਹੋਇਆ ਸਮਾਜਿਕ ਪ੍ਰਾਣੀ ਦੀ ਸੋਚ ਨੂੰ ਉਸਾਰੂ ਸੋਚ ’ਚ ਬਦਲਣ ਲਈ ਮੁਹਿੰਮ ਦੀ ਸ਼ੁਰੂਆਤ ਕਰਨ ਕਰਕੇ ਇੱਕ ਚੇਤੰਨ ਸ਼ਾਇਰ ਹੈ।
ਅੱਜ ਕੱਲ੍ਹ ਹਰ ਕੋਈ ਜਲਦੀ ਤੋਂ ਜਲਦੀ ਸਫਲ ਹੋਣ ਤੱਕ ਹੀ ਸfਮਿਤ ਨਹੀਂ ਰਹਿਣਾ ਚਾਹੁੰਦਾ, ਸਗੋਂ ਹਰ ਇੱਕ ਤੋਂ ਅੱਗੇ ਵੀ ਨਿਕਲਣਾ ਚਾਹੁੰਦਾ ਹੈ। ਇਸੇ ਸੰਦਰਭ ’ਚ ਸ਼ਾਇਰ ਦੀ ਪਹਿਲੀ ਰਚਨਾ ‘ਹਨੇ੍ਰੇ ਬੜੇ ਨੇ’ ਕੁੱਝ ਇਸ ਤਰ੍ਹਾਂ ਲਿਖਦੀ ਹੈ;
ਹਨੇਰੇ ਬੜੇ  ਨੇ  ਹਨੇ੍ਰੇ ਤੋਂ  ਅੱਗੇ,
ਕੁਝ ਹੋਰ ਕਰ ਹੁਣ ਜੇਰੇ ਤੋਂ ਅੱਗੇ।
ਪਤਾ ਨਹੀਂ ਕਿੱਥੇ ਏ ਮੁਕੇਗੀ  ਦੌੜ,
ਮੈਂ ਤੇਰੇ ਤੋਂ ਅੱਗੇ ਤੂੰ ਮੇਰੇ ਤੋਂ ਅੱਗੇ।
ਅੱਜ ਦੇ ਪਦਾਰਥਵਾਦੀ ਯੁੱਗ ’ਚ ਮਨੁੱਖ ਦੀ ਬਦਲਦੀ ਨਕਾਰਤਮਕ ਸੋਚ ਅਨੁਸਾਰ ਲੋਕਾਂ ਦੀ ਜ਼ਮੀਰ, ਇਖ਼ਲਾਕ ਅਤੇ ਪੈਸੇ ਦੀ ਹੋੜ ’ਚ ਹਰ ਇੱਕ ਚੀਜ਼ ਵਿਕਣ ਨੂੰ ਫਿਰਦੀ ਹੈ। ਇਸੇ ਨੂੰ ਮੁੱਖ ਰੱਖਦੇ ਹੋਏ ਸ਼ਾਇਰ ਨੇ ਅਗਲੀ ਕਵਿਤਾ  ‘ਭਾਲਦਾ ਹੰਸ ਨੂੰ’ ’ਚ ਲਿਖਿਆ ਹੈ ;
ਸਵੇਰ, ਸ਼ਾਮ, ਦੁਪਿਹਰ, ਰਾਤ ਏਥੇ ਵਿਕਾਊ ਹੋ ਗਈ,
ਬਚ ਕੇ  ਨਿਕਲ  ਜਾ ‘ਹਾਣੀ’ ਤੂੰ  ਇਸ ਬਜ਼ਾਰ ’ਚੋਂ।
ਆੳ, ਉਸਦੀ ਇਕ ਹੋਰ ਕਵਿਤਾ ‘ਬੇਰੁੱਖੀ’ ਦੀਆਂ ਕੁੱਝ ਲਾਇਨਾਂ ਦਾ ਪਾਠ ਕਰਦੇ ਹਾਂ ;
ਉਨ੍ਹਾਂ  ਦੇ  ਹਿੱਸੇ  ਦਾ ਟੁੱਕ ਵੀ ਕਾਂ  ਖਾ ਜਾਂਦੇ ਖੋਹ ਕੇ,
ਵੇਂਹਦੇ ਰਹਿੰਦੇ ਜੋ ਕਿਸਮਤ ਨੂੰ ਬਾਰ ਬਾਰ ਅਜ਼ਮਾ ਕੇ।
ਗਰਜ਼ਾਂ, ਮਰਜ਼ਾਂ, ਹਰਜ਼ਾਂ ਦੇ ਹੁਣ ਕਾਰੋਬਾਰ ਨੇ ਵਧਗੇ,
ਰਹਿੰਦੇ ਸਾਹਾਂ ਤੇ ਚੰਦ ਛਿਲੜਾਂ ਦੀ ਪੂੰਜੀ ਰੱਖ ਬਚਾ ਕੇ।
ਇਸ਼ਤਿਹਾਰੀ ਯੁੱਗ ’ਚ ਹਰ ਪਾਸੇ ਗੱਲਾਂ ਦਾ ਬੋਲ-ਬਾਲਾ ਹੈ। ਇਸ ਬਾਰੇ ‘ਗੱਲਾਂ’ ਦੇ ਸਿਰਲੇਖ ਹੇਠ ਬਣਾਈ ਕਵਿਤਾ ਵੀ ਵਧੀਆ ਹੈ ;
ਏਸੇ  ਲਈ  ਹੈ  ਖ਼ੂਬ ਗਰਮ  ਬਜ਼ਾਰ  ਗੱਲਾਂ  ਦਾ,
ਧਰਮ, ਸਿਆਸਤ ਵੀ ਹੁਣ ਕਰਨ ਵਪਾਰ ਗੱਲਾਂ ਦਾ।
ਮੌਜੂਦਾ ਸਮੇਂ ’ਚ ਸਿਆਸਤ  ਨੇ ਹਰ ਖੇਤਰ ’ਚ ਆਪਣਾ ਘਰ ਬਣਾ ਰੱਖਿਆ ਹੈ। ਸਾਹਿਤ ਸਭਾਵਾਂ ’ਚ ਵੀ ਇਸ ਦਾ ਅਸਰ ਦੇਖਣ ਨੂੰ ਮਿਲਦਾ ਹੈ। ਸ਼ਾਇਰ ਜੀਵਨ ਸਿੰਘ ‘ਹਾਣੀ’ ਨੇ ਸਾਹਿਤ ਸੰਸਥਾਵਾਂ ’ਤੇ ਚੋਟ ਕਰਦਿਆਂ ਕੁੱਝ ਇਉਂ ਲਿਖਿਆ ਹੈ ;
ਕੀਹਦੇ   ਲਈ  ਲਿਖੇਂਗਾ ਕਿਨੂੰ ਸੁਣਾਏਂਗਾ,
ਸਾਹਿਤ ਮੰਚ ਵੀ ਸਿਆਸਤ ਦੇ ਅਖਾੜੇ ਨਿਕਲੇ।
ਆੳ, ਇਸ ਸ਼ਾਇਰ ਦੀ ਇਕ ਹੋਰ ਕਵਿਤਾ ‘ਸ਼ਬਦ ਖ਼ੰਜ਼ਰ’ ’ਚੋ਼ ਕੁੱਝ ਲਾਇਨਾਂ ਦਾ ਆਨੰਦ ਮਾਣਦੇ ਹਾਂ ;
ਤਾਰਿਆਂ ਦਾ ਖ਼ਾਹਿਸ਼ਮੰਦ ਜਦ,
ਹਰੇਕ  ਬਸ਼ਰ  ਹੋ  ਗਿਆ।
ਏਸੇ  ਲਈ  ਧਰਤੀ  ਤੋਂ,
ਹੋ ਦੂਰ ਅੰਬਰ ਹੋ ਗਿਆ।
ਇਸ ਪੁਸਤਕ ਤੋਂ ਪਹਿਲਾਂ ਵੀ ਇਸ ਲੇਖਕ ਦਾ ਇੱਕ ਗਜ਼ਲ ਸੰਗ੍ਰਹਿ ‘ਆਪਣੇ ਹਿੱਸੇ ਦੀ ਧੁੱਪ’, ਇੱਕ ਸੰਪਾਦਨ ਕਾਵਿ ਸੰਗ੍ਰਹਿ ‘ਹਰਫਾਂ ਦੇ ਅੰਗ-ਸੰਗ’ ਅਤੇ ਤਿੰਨ ਸਾਂਝੇ ਕਾਵਿ ਸੰਗ੍ਰਹਿ ਛਪ ਚੁੱਕੇ ਹਨ। ਹਥਲੀ ਪੁਸਤਕ ’ਚ ਕਵੀ ਨੇ ਕਵਿਤਾ ਬਾਰੇ ਬਹੁਤ ਗਹਿਰਾਈ ਵਿਚ ਜਾ ਕੇ ਚਿੰਤਨ, ਮਨਨ ਕੀਤਾ ਹੈ। ਇਸੇ ਲਈ ਮੁੱਖ ਬੰਧ ’ਚ ਪ੍ਰੋ. ਜਸਪਾਲ ਘਈ ਨੇ ਠੀਕ ਲਿਖਿਆ ਹੈ ਕਿ ਕਵੀ ਨੇ ਪਾਬੰਦ ਨਜ਼ਮ ਦੀ ਸਿਨਫ ਸਿਰਜੀ ਹੈ ਜੋ ਗਜ਼ਲ ਦੇ ਨੇੜੇ-ਤੇੜੇ ਵਿਚਰਦੀ ਹੈ।
ਸ਼ਾਇਰ ਦੁਆਰਾ ਇਹ ਪੁਸਤਕ ਆਪਣੀ ਜੀਵਨ ਸਾਥਣ ਦਰਸ਼ਨਾ ਅਤੇ ਡਾ. ਜਸਪਾਲ ਸਿੰਘ ਸੰਧੂ ਨੂੰ ਸਮਰਪਿਤ ਕੀਤੀ ਗਈ ਹੈ। ਭਰਪੂਰ ਕਾਵਿ ਰਸ ਦਿੰਦੀ ਇਸ ਪੁਸਤਕ ਦੇ ਕਵੀ ਜੀਵਨ ਸਿੰਘ ਹਾਣੀ ਨੂੰ ਬਹੁਤ-ਬਹੁਤ ਮੁਬਾਰਕਵਾਦ। ਪੜ੍ਹਨਯੋਗ ਇਸ ਪੁਸਤਕ ਦਾ ਆਨੰਦ ਇਸ ਨੂੰ ਪੜ੍ਹਕੇ ਹੀ ਵਧੇਰੇ ਮਾਣਿਆ ਜਾ ਸਕਦਾ ਹੈ। ਮੈਂ ਪਾਠਕ, ਲੇਖਕ ਅਤੇ ਆਲੋਚਕ ਹੋਣ ਦੇ ਨਾਤੇ ਗਿਣਾਤਮਕ ਅਤੇ ਗੁਣਾਤਮਕ ਪੱਖੋਂ ਇਜ਼ਾਫਾ ਕਰਦੀ ਇਸ ਕਾਵਿ ਸੰਗ੍ਰਹਿ ਪੁਸਤਕ ਦਾ ਪੰਜਾਬੀ ਸਾਹਿਤ ਜਗਤ ’ਚ ਭਰਪੂਰ ਸਵਾਗਤ ਕਰਦਾ ਹਾਂ।
ਪੁਸਤਕ : ਆਪਣੇ ਹਿੱਸੇ ਦੀ ਚੁੱਪ (ਕਾਵਿ-ਸੰਗ੍ਰਹਿ)
ਲੇਖਕ: ਜੀਵਨ ਸਿੰਘ ‘ਹਾਣੀ’
ਪੰਨੇ: 102,  ਮੁੱਲ: 225 ਰੁਪਏ 
ਪ੍ਰਕਾਸ਼ਕ: ਚੇਤਨਾ ਪ੍ਰਕਾਸ਼ਨ, ਲੁਧਿਆਣਾ
ਰਿਵਿਊਕਾਰ: ਜਸਵਿੰਦਰ ਸਿੰਘ ਕਾਈਨੌਰ

Leave a Reply

Your email address will not be published. Required fields are marked *