ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਪੋਲਿੰਗ ਸਟਾਫ ਦੀ ਸਹੂਲਤ ਵਾਸਤੇ ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਕਦਮ ਚੁੱਕਣ ਦੀ ਹਦਾਇਤ
ਸਟਾਫ਼ ਲਈ ਪੀਣ ਵਾਲਾ ਪਾਣੀ, ਛਾਂ, ਵੇਟਿੰਗ ਏਰੀਆ ਅਤੇ ਸਾਫ਼-ਸੁਥਰੇ ਪਖਾਨਿਆਂ ਦਾ ਪ੍ਰਬੰਧ ਕਰਨ ਦੇ ਨਿਰਦੇਸ਼
ਪੋਲਿੰਗ ਸਟਾਫ਼ ਨੂੰ ਸਮੇਂ-ਸਿਰ ਦਿੱਤਾ ਜਾਵੇ ਮਾਣ ਭੱਤਾ: ਸਿਬਿਨ ਸੀ
ਮਹਿਲਾਵਾਂ ਅਤੇ ਦਿਵਿਆਂਗ ਸਟਾਫ਼ ਦੀ ਤਾਇਨਾਤੀ ਭਾਰਤੀ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਕਰਨ ਲਈ ਕਿਹਾ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 29 ਅਪ੍ਰੈਲ:
ਪੰਜਾਬ ਵਿੱਚ ਲੋਕ ਸਭਾ ਚੋਣਾਂ 2024 ਦੌਰਾਨ ਮੌਸਮ ਵਿਭਾਗ ਵੱਲੋਂ ਵੋਟਾਂ ਵਾਲੇ ਦਿਨ ਭਾਵ 1 ਜੂਨ ਨੂੰ ਜ਼ਿਆਦਾ ਗਰਮੀ ਹੋਣ ਸਬੰਧੀ ਕੀਤੀ ਗਈ ਭਵਿੱਖਬਾਣੀ ਦੇ ਮੱਦੇਨਜ਼ਰ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਸਾਰੇ ਡਿਪਟੀ ਕਮਿਸ਼ਨਰਾਂ-ਕਮ-ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ ਗਰਮੀ ਤੋਂ ਬਚਾਅ ਲਈ ਪੋਲਿੰਗ ਸਟਾਫ ਦੀ ਸਹੂਲਤ ਵਾਸਤੇ ਢੁੱਕਵੇਂ ਕਦਮ ਚੁੱਕਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਬਿਨ ਸੀ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਨੂੰ ਚੋਣ ਪ੍ਰਕਿਰਿਆ ਦੌਰਾਨ ਪੋਲਿੰਗ ਸਟਾਫ਼ ਦੀ ਭਲਾਈ ਅਤੇ ਸਹੂਲਤ ਲਈ ਢੁੱਕਵੇਂ ਪ੍ਰਬੰਧ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਪੰਜਾਬ ਵਿੱਚ 1 ਜੂਨ, 2024 ਨੂੰ ਵੋਟਾਂ ਪੈਣੀਆਂ ਹਨ ਅਤੇ ਇਨ੍ਹਾਂ ਦਿਨਾਂ ਦੌਰਾਨ ਗਰਮੀ ਸਿਖ਼ਰ ‘ਤੇ ਹੋਵੇਗੀ। ਇਸ ਲਈ ਪੋਲਿੰਗ ਸਟਾਫ਼ ਨੂੰ ਗਰਮੀ ਤੋਂ ਬਚਾਉਣ ਲਈ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪੋਲਿੰਗ ਸਟੇਸ਼ਨਾਂ ਅਤੇ ਚੋਣਾਂ ਨਾਲ ਸਬੰਧਤ ਹੋਰ ਸੈਂਟਰਾਂ ਉੱਤੇ ਢੁੱਕਵੇਂ ਪ੍ਰਬੰਧ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ, ਜਿੱਥੇ ਛਾਂ, ਪੀਣ ਵਾਲਾ ਪਾਣੀ, ਵੇਟਿੰਗ ਏਰੀਆ, ਪੁਰਸ਼ਾਂ ਅਤੇ ਮਹਿਲਾਵਾਂ ਲਈ ਸਾਫ਼-ਸੁਥਰੇ ਪਖਨਿਆਂ ਦੇ ਸੁਚਾਰੂ ਪ੍ਰਬੰਧ ਹੋਣ।
ਉਨ੍ਹਾਂ ਅੱਗੇ ਕਿਹਾ ਕਿ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਕੀਤੇ ਪੱਤਰ ਵਿੱਚ ਅਧਿਕਾਰੀਆਂ ਨੂੰ ਸਾਰੇ ਸਿਖਲਾਈ ਸਥਾਨਾਂ, ਡਿਸਪਰਸਲ ਤੇ ਕੁਲੈਕਸ਼ਨ ਸੈਂਟਰਾਂ, ਪੋਲਿੰਗ ਸਟੇਸ਼ਨਾਂ ‘ਤੇ ਲੋੜੀਂਦੀਆਂ ਦਵਾਈਆਂ (ਓ.ਆਰ.ਐਸ. ਘੋਲ ਆਦਿ) ਅਤੇ ਪੈਰਾ ਮੈਡੀਕਲ ਸਟਾਫ ਦੀ ਤਾਇਨਾਤੀ ਕਰਨ ਲਈ ਕਿਹਾ ਹੈ। ਇਹ ਨਿਰਦੇਸ਼ ਵੀ ਦਿੱਤੇ ਗਏ ਹਨ ਸਟਾਫ਼ ਲਈ ਕੂਲਰ, ਰਿਫਰੈਸ਼ਮੈਂਟ ਆਦਿ ਦੇ ਪ੍ਰਬੰਧਾਂ ਤੋਂ ਇਲਾਵਾ ਜਨਤਕ ਸ਼ਿਕਾਇਤ ਨਿਵਾਰਣ ਪ੍ਰਣਾਲੀ, ਗਰਮੀ ਤੋਂ ਰਾਹਤ ਲਈ ਟੈਟਾਂ ਦਾ ਢੁਕਵਾਂ ਪ੍ਰਬੰਧ, ਸੰਕੇਤਕ ਚਿੰਨ੍ਹਾਂ ਦੀ ਵਿਵਸਥਾ ਅਤੇ ਪੋਲਿੰਗ ਪਾਰਟੀ ਦੇ ਕੁਲੈਕਸ਼ਨ ਸੈਂਟਰਾਂ ‘ਤੇ ਪਹੁੰਚਣ ਅਤੇ ਪੋਲਿੰਗ ਸਮੱਗਰੀ ਸੌਂਪਣ ਤੋਂ ਬਾਅਦ ਪੋਲਿੰਗ ਸਟਾਫ਼ ਨੂੰ ਘਰ ਛੱਡਣ ਲਈ ਆਵਾਜਾਈ ਦੀਆਂ ਸਹੂਲਤਾਂ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।
ਮੁੱਖ ਚੋਣ ਅਧਿਕਾਰੀ ਨੇ ਚੋਣ ਸਮੱਗਰੀ ਜਮ੍ਹਾਂ ਕਰਵਾਉਣ ਸਬੰਧੀ ਡਿਪਟੀ ਕਮਿਸ਼ਨਰਾਂ ਨੂੰ ਸਪੱਸ਼ਟ ਹਦਾਇਤਾਂ ਵੀ ਜਾਰੀ ਕੀਤੀਆਂ ਹਨ। ਇਸ ਦੇ ਨਾਲ ਹੀ ਪੋਲਿੰਗ ਸਟੇਸ਼ਨ ‘ਤੇ ਪੋਲਿੰਗ ਸਟਾਫ਼, ਮਾਈਕਰੋ ਆਬਜ਼ਰਵਰਾਂ ਅਤੇ ਸੁਰੱਖਿਆ ਸਟਾਫ਼ (ਪੁਲਿਸ ਅਤੇ ਸੀ.ਏ.ਪੀ.ਐਫ. ਦੋਵੇਂ) ਲਈ ਬਿਸਤਰਿਆਂ, ਰਿਫਰੈਸ਼ਮੈਂਟ, ਸਾਫ਼-ਸੁਥਰੇ ਪਖਾਨੇ ਅਤੇ ਮੈਡੀਕਲ ਸੁਵਿਧਾਵਾਂ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।
ਜਿੱਥੇ ਪੋਲਿੰਗ ਸਟੇਸ਼ਨ ਸਕੂਲਾਂ ਤੋਂ ਇਲਾਵਾ ਕਿਸੇ ਹੋਰ ਜਗ੍ਹਾ ਸਥਿਤ ਹਨ, ਵਿੱਚ ਅਧਿਕਾਰੀਆਂ ਨੂੰ ਪੋਲਿੰਗ ਪਾਰਟੀਆਂ ਦੇ ਖਾਣੇ ਦਾ ਢੁਕਵਾਂ ਪ੍ਰਬੰਧ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ । ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਮੌਸਮ ਵਿਭਾਗ ਵੱਲੋਂ ਵੋਟਾਂ ਵਾਲੇ ਦਿਨ ਗਰਮੀ ਸਬੰਧੀ ਚੇਤਾਵਨੀ ਦੇ ਮੱਦੇਨਜ਼ਰ ਵੋਟਰ ਪੋਲਿੰਗ ਸਟੇਸ਼ਨਾਂ ‘ਤੇ ਦੇਰੀ ਨਾਲ ਪਹੁੰਚ ਸਕਦੇ ਹਨ ਅਤੇ ਸ਼ਾਮ 6.00 ਵਜੇ ਤੋਂ ਬਾਅਦ ਵੀ ਵੋਟਿੰਗ ਲਈ ਕਤਾਰ ਲੱਗਣ ਦੀ ਸੰਭਾਵਨਾ ਹੈ, ਜਿਸ ਕਰਕੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪੋਲਿੰਗ ਸਟੇਸ਼ਨਾਂ ‘ਤੇ ਰੋਸ਼ਨੀ ਲਈ ਬਿਜਲੀ ਦੇ ਪੁਖਤਾ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ।
ਪੋਲਿੰਗ ਸਟਾਫ ਦੀ ਤਾਇਨਾਤੀ ਦੌਰਾਨ ਅਧਿਕਾਰੀਆਂ ਨੂੰ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਛੋਟ ਵਾਲੀਆਂ ਸ਼੍ਰੇਣੀਆਂ ਨੂੰ ਧਿਆਨ ਵਿੱਚ ਰੱਖ ਕੇ ਫੈਸਲਾ ਲੈਣ ਲਈ ਕਿਹਾ ਗਿਆ ਹੈ। ਦੱਸਣਯੋਗ ਹੈ ਕਿ ਮਹਿਲਾ ਸਟਾਫ਼ ਦੀ ਤਾਇਨਾਤੀ ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤੀ ਜਾਣੀ ਹੈ। ਮੁੱਖ ਚੋਣ ਅਧਿਕਾਰੀ ਨੇ ਪੱਤਰ ਵਿੱਚ ਕਿਹਾ ਕਿ ਜਿੱਥੇ ਛੋਟੇ ਬੱਚੇ ਤੇ ਬਜ਼ੁਰਗ ਅਤੇ ਹੋਰ ਵਿਅਕਤੀ ਜਿਨ੍ਹਾਂ ਨੂੰ ਦੇਖਭਾਲ ਦੀ ਲੋੜ ਹੈ, ਦੀ ਡਿਊਟੀ ਸਬੰਧੀ ਮਾਮਲਿਆਂ ਨੂੰ ਹਮਦਰਦੀ ਨਾਲ ਵਿਚਾਰਿਆ ਜਾਵੇ।
ਸਿਬਿਨ ਸੀ ਨੇ ਅੱਗੇ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਡਿਊਟੀ ਸਟਾਫ਼ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ। ਚੋਣ ਡਿਊਟੀ ‘ਤੇ ਤਾਇਨਾਤ ਸਾਰੇ ਚੋਣ ਅਮਲੇ ਨੂੰ ਈ.ਡੀ.ਸੀ. (ਇਲੈਕਸ਼ਨ ਡਿਊਟੀ ਸਰਟੀਫਿਕੇਟ) ਅਤੇ ਪੀ.ਬੀ (ਪੋਸਟਲ ਬੈਲਟ) ਵਾਸਤੇ ਫਾਰਮ ਮੁਹੱਈਆ ਕਰਵਾਏ ਜਾਣ ਅਤੇ ਵੋਟਰ ਸੁਵਿਧਾ ਕੇਂਦਰਾਂ ਰਾਹੀਂ ਉਨ੍ਹਾਂ ਦੀ ਸਮੇਂ ਸਿਰ ਵੋਟਿੰਗ ਕਰਵਾਈ ਜਾਵੇ।