www.sursaanjh.com > ਅੰਤਰਰਾਸ਼ਟਰੀ > ਹੁਣੇ ਆਏਗਾ ਪੌੜੀਆਂ ਚੜ੍ਹਦਾ ਜਗਦੇਵ ਸਿੰਘ ਜੱਸੋਵਾਲ਼ – ਗੁਰਭਜਨ ਗਿੱਲ

ਹੁਣੇ ਆਏਗਾ ਪੌੜੀਆਂ ਚੜ੍ਹਦਾ ਜਗਦੇਵ ਸਿੰਘ ਜੱਸੋਵਾਲ਼ – ਗੁਰਭਜਨ ਗਿੱਲ

ਸ. ਜਗਦੇਵ ਸਿੰਘ ਜੱਸੋਵਾਲ ਜੀ ਦੇ ਜਨਮ ਦਿਨ ਤੇ
ਹੁਣੇ ਆਏਗਾ ਪੌੜੀਆਂ ਚੜ੍ਹਦਾ ਜਗਦੇਵ ਸਿੰਘ ਜੱਸੋਵਾਲ਼ – ਗੁਰਭਜਨ ਗਿੱਲ
ਹੁਣੇ ਆਏਗਾ ਸਾਡੇ ਘਰ ਦੀਆਂ ਪੌੜੀਆਂ ਚੜ੍ਹਦਾ।
ਨਾਲ ਹੋਣਗੇ ਦੁਨੀਆਂ ਭਰ ਦੇ ਫ਼ਿਕਰ।
ਹੱਥਾਂ ਨਾਲ
ਹਵਾ ’ਚ ਨਕਸ਼ੇ ਬਣਾਵੇਗਾ।
ਅਨੇਕਾਂ ਸ਼ਬਦ ਚਿਤਰ ਉਲੀਕੇਗਾ,
ਬਿਨ ਕਾਗ਼ਜ਼ਾਂ ਤੋਂ।
ਧਰਤੀ ’ਚ ਰੰਗ ਭਰੇਗਾ,
ਖਿੜੇਗਾ ਸੂਰਜਮੁਖੀ ਦੇ ਖੇਤ ਵਾਂਗ।
ਸੁਰ ਅਲਾਪੇਗਾ ਤੇ ਕਹੇਗਾ।
ਉੱਠ ਕੇ ਪਹਿਰ ਦੇ ਤੜਕੇ,
ਬਦਨਾਮੀ ਲੈ ਲਈ।
ਆਹੋ ਜੀ ਬਦਨਾਮੀ ਲੈ ਲਈ।
ਪਰ ਰੋਜ਼ ਤੜਕੇ ਉੱਠੇਗਾ ਤੇ ਕਹੇਗਾ।
ਚਲੋ ਬਈ ਚਲੋ,
ਨਿਰਮਲਾ, ਨਿੰਦਰਾ ਤੇ ਰਵਿੰਦਰਾ
ਚਲੋ ਬਟਾਲੇ
ਕੋਟਲਾ ਸ਼ਾਹੀਆ ਖੇਡਾਂ ਨੇ।
ਪਿਰਥੀਪਾਲ ਉਡੀਕਦੈ।
ਖਤਰਾਵੀਂ ਦਿਲਬਾਗ ਨਾਲ,
ਮੇਲੇ ਦੀ ਵਿਉਂਤ ਬਣਾਉਣੀ ਹੈ।
ਰਾਹ ’ਚ ਮਿਲਣਾ ਹੈ
ਜਥੇਦਾਰ ਕਰਮ ਸਿੰਘ ਜਾਗੀਰਦਾਰ ਨੂੰ
ਮੇਰਾ ਜੇਲ੍ਹ ਸਾਥੀ ਹੈ ਮੋਰਚਿਆਂ ਦਾ
ਕਾਮਰੇਡ ਜਗਜੀਤ ਸਿੰਘ ਆਨੰਦ ਵੀ ਢਿੱਲਾ ਮੱਠਾ ਹੈ।
ਬਾਬੇ ਬਕਾਲੇ ਜੋਗਾ ਸਿੰਘ ਜੋਗੀ ਉਡੀਕਦੈ।
ਬਰਕਤ ਸਿੱਧੂ ਵੀ ਬੀਮਾਰ ਹੈ ਮੋਗੇ।
ਚਲੋ! ਚਲੋ! ਚਲੋ! ਭਾਈ!
ਪਰ ਹੁਣ ਕੋਈ ਨਹੀਂ ਪੌੜੀਆਂ ਚੜ੍ਹਦਾ
ਮੇਰੇ ਘਰ ਦੀਆਂ
ਏਨੇ ਫ਼ਿਕਰਾਂ ਵਿੰਨ੍ਹੇ ਮੱਥੇ ਵਾਲਾ
ਹਸਪਤਾਲ ’ਚ ਪਿਆ ਵੀ ਜੋ ਕਹੇ!
ਚਰਨਜੀਤ ਅਟਵਾਲ!
ਮੇਰਾ ਬੀਬਾ ਵੀਰ
ਮੁਲਖਸਗੜ੍ਹ ਯਾਦਗਾਰ ਬਣਵਾ ਦੇ
ਬਾਬਾ ਬੰਦਾ ਸਿੰਘ ਬਹਾਦਰ ਦੀ ਰਾਜਧਾਨੀ।
ਬਸੀਆਂ ਕੋਠੀ ਤਾਂ ਬਣਵਾ ਲਈ
ਗੁਰਭਜਨ ਨੇ ਤੁਹਾਡੇ ਬਾਦਲ ਤੋਂ।
ਚੱਲ! ਕਾਕਾ ਹਰਭਜਨ ਮਾਨ
ਹੀਰ ਸੁਣਾ!
ਮਨ ਦਾ ਰਾਂਝਾ ਰਾਜ਼ੀ ਕਰੀਏ!
ਹੁਣ ਸਭ ਪਾਸੇ ਚੁੱਪ ਹੈ।
ਉਹ ਵੱਡੀ ਸਾਰੀ ਧਰਤੀ ਸੀ
ਕਿਸੇ ਲਈ ਨੀਲਾ ਆਸਮਾਨ
ਸਿਰ ਤੇ ਧਰਿਆ ਬਾਬਲ ਦਾ ਹੱਥ ਸੀ
ਕਿਸੇ ਵਾਸਤੇ ਸੁਪਨਿਆਂ ਦਾ ਥਾਲ
ਬਹੁਤਿਆਂ ਲਈ ਵੱਡੀ ਸਾਰੀ ਬੁੱਕਲ ਸੀ
ਅਨੇਕ ਰੱਖਣਿਆਂ ਵਾਲਾ ਬੈਂਕ ਲਾਕਰ
ਬੜਿਆਂ ਲਈ ਰੁਜ਼ਗਾਰ ਦੀ ਪੌੜੀ
ਪਰ ਵਿਰਲਿਆਂ ਲਈ
ਆਸਥਾ ਕੇਂਦਰ।
ਖ਼ਾਨਗਾਹੇ ਬਲਦਾ ਮੱਧਮ ਚਿਰਾਗ।
ਉਹ ਕਿਸੇ ਲਈ ਵੀ ਓਪਰਾ ਨਹੀਂ ਸੀ।
ਵੱਡੀ ਸਾਰੀ ਪੋਟਲੀ ’ਚੋਂ ਸੁਪਨੇ ਕੱਢਦਾ
ਤੇ ਪੂਰੇ ਕਰਨ ਲਈ
ਬਲ ਬੁੱਧ ਮੁਤਾਬਕ ਵੰਡਦਾ।
ਰਿਸ਼ਤਿਆਂ ਦੀਆਂ ਤੰਦਾਂ ਜੋੜਦਾ।
ਅਮਰੀਕਾ ’ਚ ’ਵਾਜ਼ ਮਾਰਦਾ
ਉਇ ਰਿਆੜ ਹਰਵਿੰਦਰਾ
ਜਗਦੇਆਂ ਵਾਲੇ ਕੁਲਦੀਪ ਸਿੰਹਾਂ
ਉਦਾਸੀ ਦੀਏ ਧੀਏ ਪ੍ਰਿਤਪਾਲ
ਮੈਂ ਤਾਂ ਹੁਣ ਨਦੀ ਕਿਨਾਰੇ ਰੁੱਖੜਾ
ਮੇਰਾ ਹੁਣ ਕੀ ਏ।
ਤੇ ਅਗਲੇ ਦਿਨ ਟਿਕਟ ਕਟਾ,
ਅਮਰੀਕਾ ਚੜ੍ਹ ਜਾਂਦਾ।
ਸਾਥੋਂ ਚੋਰੀ ਚੋਰੀ,
ਹਸਨਪੁਰੀਏ ਸੂਰਤ ਸਿੰਘ ਖ਼ਾਲਸਾ ਨਾਲ।
ਉੱਤਰਨ ਸਾਰ ਦੁੱਖ ਸੁੱਖ ਭੁਗਤਾਉਂਦਾ।
ਆਖ਼ਰੀ ਰਾਤਾਂ ਰਿਆੜ ਕੋਲੋਂ,
ਸੁੱਜੇ ਪੈਰੀਂ ਮਾਲਸ਼ਾਂ ਕਰਵਾਉਂਦਾ।
ਅਸੀਸਾਂ ਵੰਡਦਾ, ਫ਼ਤਹਿ ਬੁਲਾਉਂਦਾ।
ਵਤਨੀਂ ਪਰਤਦਾ।
ਆਉਂਦਿਆ ਹਸਪਤਾਲ ਦਾ ਮੰਜਾ ਸੀ।
ਉੱਥੋਂ ਹੀ ਗਾਉਂਦਾ ਵਜਾਉਂਦਾ,
ਰੇਤ ਵਾਂਗ ਹੱਥੋਂ ਕਿਰ ਗਿਆ।
ਲੋਕ ਸੰਗੀਤ ਦੀ ਪਨੀਰੀ ਬੀਜਦਾ,
ਲਗਾਤਾਰ ਜਲ ਤਰੌਂਕਦਾ,
ਉਡਾਰ ਕਰਦਾ ਤੇ ਫੁਰਰਰਰਰ ਆਖ,
ਅੰਬਰਾਂ ਨੂੰ ਸੌਂਪਦਾ।
ਪਾਰਸ ਛੋਹ ਬਖ਼ਸ਼ ਕੇ।
ਜਹਾਨੋਂ ਜਾਣ ਵੇਲੇ ਵੀ,
ਇਤਿਹਾਸ ਦੀ ਚਿੰਤਾ ਸੀ।
ਬੂਹਾ ਕਰ ਬੰਦ,
ਮੇਰਾ ਪੁੱਤਰ ਚੰਦ,
ਚੱਲ ਬਈ ਨਿੰਦਰਾ ਖੋਲ੍ਹ ਦੇ ਜਿੰਦਰਾ।
ਜੰਗਾਲੀਆਂ ਯਾਦਾਂ ਨੂੰ ਹਵਾ ਲੁਆਈਏ।

Leave a Reply

Your email address will not be published. Required fields are marked *