www.sursaanjh.com > ਅੰਤਰਰਾਸ਼ਟਰੀ > ਭਟਕਣ ਉਸ ਦਾ ਸ਼ੌਕ ਨਹੀਂ ਮਜ਼ਬੂਰੀ ਹੈ/ ਸ਼ਾਇਦ ਉਸ ਦੀ ਨਾਭੀ ਵਿੱਚ ਕਸਤੂਰੀ ਹੈ – ਐਸ. ਨਸੀਮ

ਭਟਕਣ ਉਸ ਦਾ ਸ਼ੌਕ ਨਹੀਂ ਮਜ਼ਬੂਰੀ ਹੈ/ ਸ਼ਾਇਦ ਉਸ ਦੀ ਨਾਭੀ ਵਿੱਚ ਕਸਤੂਰੀ ਹੈ – ਐਸ. ਨਸੀਮ

ਪ੍ਰਸਿੱਧ ਸ਼ਾਇਰ ਐਸ. ਨਸੀਮ ਵੱਲੋਂ ਜਸਵਿੰਦਰ ਸਚਦੇਵਾ ਦੇ ਜਨਮ ਦਿਨ ਮੌਕੇ ਚਰਚਿਤ ਗ਼ਜ਼ਲਾਂ ਦਾ ਕੀਤਾ ਪਾਠ

ਨਰਿੰਜਣ ਸੂਖਮ, ਟੀ. ਲੋਚਨ, ਅਮਰਿੰਦਰ ਸੋਹਲ, ਬਲਵੰਤ ਮਾਂਗਟ , ਐਡਵੋਕੇਟ ਤਜਿੰਦਰ ਕੌਰ, ਸੁਰਜੀਤ ਸੁਮਨ ਅਤੇ ਧਿਆਨ ਸਿੰਘ ਕਾਹਲ਼ੋਂ ਨੇ ਵੀ ਆਪਣੀਆਂ ਰਚਨਾਵਾਂ ਪੜ੍ਹੀਆਂ

ਐਸ. ਨਸੀਮ ਵੱਲੋਂ ਲਿਪੀਅੰਤਰ ਪਾਕਿਸਤਾਨੀ ਸ਼ਾਇਰ ਰਊਫ ਸ਼ੇਖ ਦਾ ਗ਼ਜ਼ਲ ਸੰਗ੍ਰਹਿ ”ਚੁੱਪ ਦਾ ਜ਼ਹਿਰ” ਹੋਇਆ ਲੋਕ ਅਰਪਨ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 29 ਮਈ:

ਐਤਵਾਰ ਦੀ ਸਵੇਰ। ਸ਼ਾਇਰ ਪੱਤਰਕਾਰ ਮਿੱਤਰ ਜਸਵਿੰਦਰ ਸਚਦੇਵਾ ਦਾ ਫੋਨ ਵੱਜਿਆ। ਟੁਣਕਵੀਂ ਆਵਾਜ਼। ਹਾਸੇ ਦੀਆਂ ਫੁੱਲਝੜੀਆਂ ਬਿਖੇਰਦਾ ਉਹ ਬੋਲ ਰਿਹਾ ਸੀ ‘ਸੁਮਨ ਜੀ, ਅੱਜ ਆਪਣੇ ਕੋਲ਼ ਐਸ. ਨਸੀਬ ਜੀ ਪੂਰੀ ਮਿੱਤਰ ਮੰਡਲੀ ਸਮੇਤ ਆ ਰਹੇ ਨੇ। ਸ਼ਾਮੀਂ ਆਪਾਂ ਸ਼ਾਇਰਾਂ ਰਲ਼-ਮਿਲ਼ ਮਹਿਫ਼ਲਾਂ ਸਜਾਉਣੀਂ ਏ।’

ਵਾਹ !’ ਮੇਰੇ ਮੂੰਹੋਂ ਨਿਕਲ਼ਿਆ। ਅਸੀਂ ਕਿੰਨੀ ਵਾਰ ਮਾਛੀਵਾੜਾ ਸਾਹਿਤ ਸਭਾ ਦੇ ਇਨ੍ਹਾਂ ਅਦੀਬਾਂ ਨੁੰ ਚੇਤੇ ਕਰਦਿਆਂ ਮਤਾ ਪਕਾਇਆ ਸੀ ਕਿ ਕਿਸੇ ਦਿਨ ਇੱਕ ਦੂਜੇ ਨੂੰ ਸੁਣਿਆਂ ਜਾਵੇ।

ਐਡਵੋਕੇਟ ਤੇਜਿੰਦਰ ਕੌਰ ਨੇ ਦੱਸਿਆ, ”ਅਦੀਬਾਂ ਦੀ ਇਹ ਮਹਿਫਲ ਮੇਰੇ ਛੋਟੇ ਵੀਰ ਜਸਵਿੰਦਰ ਸਚਦੇਵਾ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਕਰਵਾਈ ਜਾ ਰਹੀ ਹੈ।” ਮਨ ਵਿੱਚ ਬਹੁਤ ਖੁਸ਼ੀ ਹੋਈ। ਘੱਟੋ ਘੱਟ ਸ਼ਾਇਰਾਂ ਨੂੰ ਤਾਂ ਆਪਣੇ ਜਨਮ ਦਿਨ ਇੰਝ ਹੀ ਮਨਾਉਣੇ ਚਾਹੀਦੇ ਹਨ।

ਜਸਵਿੰਦਰ ਸਚਦੇਵਾ ਜੀ ਕੁਝ ਹੋਰ ਸ਼ਾਇਰ ਮਿੱਤਰਾਂ ਨੂੰ ਵੀ ਬੁਲਾਉਣਾ ਚਾਹੁੰਦੇ ਸੀ, ਪਰ ਥੋੜ੍ਹੇ ਸਮੇਂ ਦੀ ਸੂਚਨਾ ਨੇ ਕੰਮ ਗਾਲ਼ ਦਿੱਤਾ। ਗਰਮੀ ਦਾ ਕਹਿਰ। ਹਰ ਕੋਈ ਰੁਝਿਆ ਹੋਇਆ। ਵੋਟਾਂ ਦਾ ਵਕਤ। ਸ਼ਾਇਰ ਪੱਤਰਕਾਰ ਤੇ ਸਮਾਜਿਕ ਕਾਰਕੁਨ ਹਰਨਾਮ ਸਿੰਘ ਡੱਲਾ ਜੀ ਨੇ ਆਉਣਾ ਸੀ। ਉਨ੍ਹਾਂ ਦੀ ਮਸ਼ਰੂਫੀਅਤ ਉਨ੍ਹਾਂ ਨੂੰ ਅਣਥੱਕ ਯੋਧੇ ਦਾ ਰੂਪ ਦਿੰਦੀ ਹੈ। ਸਮਾਜ ਦਾ ਦਰਦ ਉਨ੍ਹਾਂ ਦੇ ਪੋਟੇ ਪੋਟੇ ਵਿੱਚ ਹੈ। ਉਹ ਰਸਤੇ ਵਿੱਚ ਹੀ ਕਿਧਰੇ ਅਟਕ ਗਏ। ਇਹ ਦਰਦ ਸ਼ਾਇਰਾਂ ਦੇ ਸ਼ਬਦਾਂ ਵਿੱਚ ਵੀ ਦੇਖਿਆ/ ਮਹਿਸੂਸਿਆ ਜਾ ਸਕਦਾ ਹੈ।

ਇਸ ਮੌਕੇ ਉੱਘੇ ਸ਼ਾਇਰ ਨਰਿੰਜਣ ਸੂਖਮ, ਟੀ. ਲੋਚਨ, ਅਮਰਿੰਦਰ ਸੋਹਲ, ਬਲਵੰਤ ਮਾਂਗਟ , ਐਡਵੋਕੇਟ ਤਜਿੰਦਰ ਕੌਰ, ਸੁਰਜੀਤ ਸੁਮਨ ਅਤੇ ਧਿਆਨ ਸਿੰਘ ਕਾਹਲ਼ੋਂ ਨੇ ਆਪਣੀਆਂ ਆਪਣੀਆਂ ਰਚਨਾਵਾਂ ਪੜ੍ਹੀਆਂ।

ਫਿਰ ਵਾਰੀ ਆਈ ਐਸ. ਨਸੀਮ ਨੂੰ ਸੁਣਨ ਦੀ। ਐਸ.ਨਸੀਮ ਗ਼ਜ਼ਲ ਕਹਿ ਰਹੇ ਸਨ, ”ਭਟਕਣ ਉਸ ਦਾ ਸ਼ੌਕ ਨਹੀਂ ਮਜ਼ਬੂਰੀ ਹੈ/ ਸ਼ਾਇਦ ਉਸ ਦੀ ਨਾਭੀ ਵਿੱਚ ਕਸਤੂਰੀ ਹੈ/ ਮੁਰਦਾ ਏਂ ਤਾਂ ਸੀਸ ਨਿਵਾ ਕੇ ਤੁਰਿਆ ਚੱਲ/ ਜ਼ਿੰਦਾ ਏਂ ਤਾਂ ਜ਼ਿੰਦਾਬਾਦ ਜ਼ਰੂਰੀ ਹੈ।”

ਉਨ੍ਹਾਂ ਅਗਲੀ ਗ਼ਜ਼ਲ ਛੋਹੀ,  ”ਮੇਰੇ ਘਰ ਦੇ ਤਿੰਨ ਪਤੇ ਨੇ ਦਰਦ, ਸਫ਼ਰ ਤੇ ਤਨਹਾਈ, ਮੈਂ ਦਰਵਾਜ਼ੇ ਤੇ ਲਿਖੇ ਨੇ ਦਰਦ, ਸਫ਼ਰ ਤੇ ਤਨਹਾਈ/ ਮੈਨੂੰ ਆਪਣੇ ਹੀ ਲਗਦੇ ਨੇ ਦਰਦ, ਸਫ਼ਰ ਤੇ ਤਨਹਾਈ।” ਫਿਰ ਚੱਲ ਸੋ ਚੱਲ। ਸਰੋਤਿਆਂ ਨੇ ਐਸ.ਨਸੀਮ ਦੀਆਂ ਬਹੁਤ ਸਾਰੀਆਂ ਰਚਨਾਵਾਂ ਨੂੰ ਨਿੱਠ ਕੇ ਮਾਣਿਆਂ।

ਇਸ ਮੌਕੇ ਪਾਕਿਸਤਾਨੀ ਸ਼ਾਇਰ ਰਊਫ ਸ਼ੇਖ ਦੇ ਗ਼ਜ਼ਲ ਸੰਗ੍ਰਹਿ ”ਚੁੱਪ ਦਾ ਜ਼ਹਿਰ” ਲੋਕ ਅਰਪਨ ਕੀਤਾ ਗਿਆ। ਇਹ ਗ਼ਜ਼ਲ ਸੰਗ੍ਰਹਿ ਐਸ.ਨਸੀਮ ਵੱਲੋਂ ਪੰਜਾਬੀ ਵਿੱਚ ਅਨੁਵਾਦ ਕੀਤਾ ਗਿਆ ਹੈ ਅਤੇ ਇਸ ਨੂੰ ਸਪਰੈੱਡ ਪਬਲੀਕੇਸ਼ਨ ਵੱਲੋਂ ਛਾਪਿਆਗਿਆ ਹੈ।

ਸਚਦੇਵਾ ਐਂਡ ਐਸੋਸੀਏਟਸ਼ ਵੱਲੋਂ ਰਾਜ ਕੰਪਲੈਕਸ, ਸਨੀ ਐਨਕਲੇਵ ਖਰੜ ਵਿਖੇ ਕਰਵਾਏ ਇਸ ਅੰਦਾਜ਼-ਏ-ਬਯਾਂ ਸਮਾਗਮ ਵਿੱਚ ਸ਼ਾਮਿਲ ਸ਼਼ਾਇਰਾਂ ਤੋਂ ਇਲਾਵਾ ਗੁਰਨਾਮ ਸਿੰਘ ਸੈਣੀ, ਹਰਮਨਦੀਪ ਕੌਰ, ਸ਼ਵਿੰਦਰ ਸਿੰਘ, ਰਾਜ ਸਚਦੇਵਾ, ਪ੍ਰਭਜੋਤ ਸਿੰਘ, ਪੁਨੀਤ ਕੌਰ, ਐਡਵੋਕੇਟ ਜਾਨਸ਼ੀਨ ਸਚਦੇਵਾ, ਪ੍ਰਭਪ੍ਰੀਤ ਸਚਦੇਵਾ ਵੱਲੋਂ ਵੀ ਮੇਜ਼ਬਾਨੀ ਦੇ ਨਾਲ਼ ਨਾਲ਼ ਸ਼ਾਇਰੀ ਦਾ ਆਨੰਦ ਮਾਣਿਆਂ ਗਿਆ।

ਉੱਘੇ ਕਹਾਣੀਕਾਰ ਇੰਦਰਜੀਤ ਪ੍ਰੇਮੀ ਨੇ ਆਏ ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਅਜਿਹੇ ਸਮਾਗਮ ਕਰਵਾਉਂਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਇੱਕ ਵਾਰ ਫਿਰ ਮੇਜ਼ਬਾਨ ਜਸਵਿੰਦਰ ਸਚਦੇਵਾ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਪੇਸ਼ ਕੀਤੀਆਂ। ਮੰਚ ਸੰਚਾਲਨ ਜਸਵਿੰਦਰ ਸਚਦੇਵਾ ਨੇ ਬਾਖੂਬੀ ਨਿਭਾਇਆ। 

Leave a Reply

Your email address will not be published. Required fields are marked *