ਲੱਕੜ ਮਾਮਲੇ ਵਿੱਚ ਵਣ ਗਾਰਡ ਮੁੱਲਾਂਪੁਰ ਸਸਪੈਂਡ
ਚੰਡੀਗੜ੍ਹ 31 ਮਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਬੀਤੇ ਦਿਨੀ ਨਿਊ ਚੰਡੀਗੜ੍ਹ ਦੇ ਮੁੱਲਾਂਪੁਰ ਗਰੀਬਦਾਸ ਦੇ ਜੰਗਲਾਂ ਵਿੱਚੋਂ ਖੈਰ ਦੀ ਲੱਕੜ ਨਜਾਇਜ਼ ਤੌਰ ਤੇ ਕੱਟਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਵਿੱਚ ਡੀਐਫਓ ਚਰਨਜੀਤ ਸਿੰਘ ਨੇ ਤੁਰੰਤ ਕਾਰਵਾਈ ਕਰਦਿਆਂ ਮੁੱਲਾਂਪੁਰ ਵਣ ਗਾਰਡ ਨੂੰ ਸਸਪੈਂਡ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਿਊ ਚੰਡੀਗੜ੍ਹ ਦੇ ਆਈਪੀਐਸ ਕਲੋਨੀ ਦੇ ਨੇੜੇ ਜੰਗਲ ਵਿੱਚੋਂ ਖੈਰ ਦੀ ਮਹਿੰਗੀ ਲੱਕੜ ਕੱਟੀ ਗਈ ਸੀ, ਜਿਸ ਨੂੰ ਲੈ ਕੇ ਲੋਕਾਂ ਨੇ ਡੀਐਫਓ ਨੂੰ ਸ਼ਿਕਾਇਤ ਕੀਤੀ ਸੀ ਅਤੇ ਡੀਐਫਓ ਨੇ ਮੌਕਾ ਦੇਖਣ ਉਪਰੰਤ ਮੁੱਲਾਂਪੁਰ ਦੀ ਵਣ ਗਾਰਡ ਨਵਦੀਪ ਕੌਰ ਨੂੰ ਸਸਪੈਂਡ ਕਰ ਦਿੱਤਾ ਹੈ।
ਦੱਸ ਦਈਏ ਕਿ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਖੂਬਸੂਰਤ ਜੰਗਲਾਂ ਵਿੱਚੋਂ ਅਕਸਰ ਹੀ ਨਜਾਇਜ਼ ਤੌਰ ਤੇ ਲੱਕੜ ਕੱਟਣ ਦਾ ਮਾਮਲਾ ਸਾਹਮਣੇ ਆਉਂਦਾ ਹੈ, ਜਿਸ ਨੂੰ ਲੈ ਕੇ ਕਈ ਜੰਗਲਾਤ ਦੇ ਅਧਿਕਾਰੀ ਗੰਭੀਰ ਨਹੀਂ ਦਿਖਾਈ ਦਿੰਦੇ ਹਨ। ਸਾਰੇ ਨਹੀਂ ਤਾਂ ਕੁਝ ਅਫਸਰਾਂ ਤੇ ਮੁਲਾਜ਼ਮਾਂ ਦੀ ਮਿਲੀ ਭੁਗਤ ਨਾਲ ਜੰਗਲ ਵਿੱਚੋਂ ਕੀਮਤੀ ਲੱਕੜ ਕੱਟੀ ਜਾਂਦੀ ਹੈ। ਮੁੱਲਾਪੁਰ ਖੇਤਰ ਵਿੱਚ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆਏ ਹਨ, ਜਿਸ ਵਿੱਚ ਗਾਰਡ ਨਵਦੀਪ ਕੌਰ ਦੀ ਮਿਲੀ ਭੁਗਤ ਸਾਹਮਣੇ ਆਈ ਹੈ।
ਬੇਸ਼ੱਕ ਡੀਐਫਓ ਚਰਨਜੀਤ ਸਿੰਘ ਅਤੇ ਸਬੰਧਤ ਮਹਿਕਮੇ ਨੇ ਆਪਣੇ ਅਫਸਰ ਤੇ ਕਾਰਵਾਈ ਕਰਦਿਆਂ ਉਸ ਨੂੰ ਸਸਪੈਂਡ ਕਰ ਦਿੱਤਾ ਹੈ, ਪਰ ਇਸ ਚੋਰ ਬਾਜ਼ਾਰੀ ਵਿੱਚ ਇਕੱਲੀ ਇਹ ਗਾਰਡ ਸ਼ਾਮਿਲ ਨਹੀਂ ਹੈ, ਮਹਿਕਮੇ ਵਿੱਚ ਹੋਰ ਵੀ ਕਾਲੀਆਂ ਭੇਡਾਂ ਹਨ ਜੋ ਲੱਕੜ ਮਾਫੀਆ ਨਾਲ ਮਿਲ ਕੇ ਜੰਗਲ ਚੋਂ ਲੱਕੜ ਅਤੇ ਨਜ਼ਾਇਜ ਮਾਈਨਿੰਗ ਕਰਵਾ ਰਹੇ ਹਨ। ਜਦ ਜਦ ਵੀ ਇਲਾਕੇ ਦੇ ਜੰਗਲ ਵਿੱਚੋਂ ਲੱਕੜ ਚੋਰੀ ਹੋਈ ਤਾਂ ਦੇਸ਼ ਸੇਵਕ ਵੱਲੋਂ ਪਹਿਲ ਦੇ ਅਧਾਰ ਤੇ ਖਬਰ ਪ੍ਰਕਾਸ਼ਿਤ ਕੀਤੀ ਗਈ ਹੈ।
ਬੀਤੇ ਦਿਨੀ ਵੀ ਨਜਾਇਜ਼ ਕੱਟੀ ਲੱਕੜ ਬਾਰੇ ਖਬਰ ਸਾਡੇ ਅਖਬਾਰ ਵਿੱਚ ਪ੍ਰਕਾਸ਼ਿਤ ਹੋਈ ਸੀ। ਮਹਿਕਮੇ ਨੂੰ ਚਾਹੀਦਾ ਤਾਂ ਇਹ ਹੈ ਕਿ ਜਿੱਥੇ ਭ੍ਰਿਸ਼ਟ ਅਫਸਰਾਂ ਤੇ ਕਾਰਵਾਈ ਹੋਵੇ, ਉਥੇ ਹੀ ਲੱਕੜ ਚੋਰਾਂ ਨੂੰ ਫੜ ਕੇ ਸਲਾਖਾਂ ਪਿੱਛੇ ਕਰਨਾ ਚਾਹੀਦਾ ਹੈ। ਡੀਐਫਓ ਚਰਨਜੀਤ ਸਿੰਘ ਨੇ ਵਿਸ਼ਵਾਸ ਦਵਾਇਆ ਹੈ ਕਿ ਬੀਤੇ ਸਮਿਆਂ ਵਿੱਚ ਜੋ ਵੀ ਹੋਇਆ, ਪਰ ਆਉਣ ਵਾਲੇ ਸਮੇਂ ਵਿੱਚ ਕੋਸ਼ਿਸ਼ ਹੋਵੇਗੀ ਕਿ ਅਜਿਹਾ ਕੁਝ ਨਾ ਵਾਪਰ ਸਕੇ।
ਦੱਸ ਦਈਏ ਕਿ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ ਵਸੇ ਖੇਤਰ ਵਿੱਚ ਵੱਡਾ ਜੰਗਲ ਦਾ ਰਕਬਾ ਹੈ, ਜਿੱਥੇ ਖੈਰ ਦੀ ਮਹਿੰਗੀ ਲੱਕੜ ਹੈ। ਇਸ ਨੂੰ ਮਹਿਕਮੇ ਦੇ ਕੁਝ ਮੁਲਾਜ਼ਮਾਂ ਦੀ ਮਿਲੀ ਭੁਗਤ ਨਾਲ ਕੱਟਿਆ ਜਾਂਦਾ ਹੈ। ਜੇਕਰ ਬਾਹਰ ਪਤਾ ਲਗਦਾ ਤਾਂ ਕਾਗਜ਼ੀ ਕਾਰਵਾਈ ਦੇ ਨਾਂ ਤੇ ਖਾਨਾ ਪੂਰਤੀ ਕੀਤੀ ਜਾਂਦੀ ਹੈ ਅਤੇ ਮਹਿਕਮੇ ਦੇ ਮੁਲਾਜ਼ਮਾਂ ਵੱਲੋਂ ਜੁਰਮਾਨੇ ਦੇ ਨਾਂ ਤੇ ਮੋਟੀ ਰਿਸ਼ਵਤ ਵੀ ਲਈ ਜਾਂਦੀ ਹੈ। ਆਉਣ ਵਾਲੇ ਦਿਨਾਂ ਵਿੱਚ ਅਸੀਂ ਲੱਕੜ ਚੋਰੀ ਦਾ ਵੱਡਾ ਖੁਲਾਸਾ ਕਰਾਂਗੇ ਕਿ ਕਿਵੇਂ ਮਹਿਕਮੇ ਦੇ ਅਫਸਰਾਂ ਅਤੇ ਮੁਲਾਜ਼ਮਾਂ ਦੀ ਸਹਿਮਤੀ ਨਾਲ ਹਰੇ ਭਰੇ ਜੰਗਲ ਨੂੰ ਕੌਡੀਆਂ ਦੇ ਭਾਅ ਲੁਟਾਇਆ ਜਾ ਰਿਹਾ ਹੈ। ਦੱਸ ਦਈਏ ਕਿ ਇਲਾਕੇ ਵਿਚ ਖੈਰ ਲੱਕੜ ਦੇ ਡਿੱਪੂ ਵੀ ਨਜਾਇਜ਼ ਢੰਗ ਨਾਲ ਚੱਲ ਰਹੇ ਹਨ।