ਆਓ ਅੱਗੇ, ਆਈਏ ਲੱਗੇ, ਰੁੱਖ ਬਚਾਈਏ : ਰਾਜਨ ਸ਼ਰਮਾ
ਚੰਡੀਗੜ੍ਹ 4 ਜੂਨ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਮੌਜੂਦਾ ਪ੍ਰਦੂਸ਼ਿਤ ਵਾਤਾਵਰਣ ਵਿਚ ਮਨੁੱਖ ਨੂੰ ਅਪਣੀਆਂ ਗਲਤੀਆਂ ਕਾਰਨ ਜ਼ਿੰਦਗੀ ਬਸਰ ਕਰਨੀ ਪੈ ਰਹੀ ਹੈ। ਅੱਜ ਜਿੱਥੇ ਲੱਗੇ ਹੋਏੇ ਰੁੱਖਾਂ ਨੂੰ ਅਸੀ ਤਰੱਕੀ ਦੀ ਲਾਲਸਾ ਕਰਕੇ ਕੱਟ ਰਹੇ ਹਾਂ, ਉੱਥੇ ਅਸੀਂ ਨਾ ਤਾਂ ਉਸ ਹਿਸਾਬ ਨਾਲ ਨਵੇਂ ਰੁੱਖ ਲਗਾ ਰਹੇ ਹਾਂ ਤੇ ਨਾ ਹੀ ਲੱਗੇ ਰੁੱਖਾਂ ਨੂੰ ਬਚਾ ਰਹੇ ਹਾਂ। ਸਾਨੂੰ ਲੱਗੇ ਰੁੱਖਾਂ ਨੂੰ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਇਨ੍ਹਾਂ ਸ਼ਬਦਾ ਪ੍ਰਗਟਾਵਾ ਵਾਤਾਵਰਣ ਨੂੰ ਬਚਾਉਣ ਦਾ ਹੌਕਾ ਦੇਣ ਵਾਲੇ ਸਮਾਜ ਸੇਵੀ ਲੈਕਚਰਾਰ ਰਾਜਨ ਸ਼ਰਮਾ ਸਟੇਟ ਅਵਾਰਡੀ ਨੇ ਵਿਸ਼ਵ ਵਾਤਾਵਰਣ ਦਿਵਸ ਨੂੰ ਸਮਰਪਿਤ ਇਕ ਗੱਲਬਾਤ ਕਰਦਿਆਂ ਕੀਤਾ ਹੈ।
ਸ੍ਰੀ ਸ਼ਰਮਾਂ ਨੇ ਕਿਹਾ ਕਿ ਬਹੁਤ ਜਾਗਰੂਕ ਲੋਕ ਰੁੱਖ ਲਗਾਉਂਦੇ ਹਨ, ਪਰ ਆਮ ਲੋਕ ਅਪਣੀ ਡਿਊਟੀ ਵਾਤਾਵਰਣ ਸੰਬੰਧੀ ਨਿਭਾਉਂਦੇ ਹੋਏ ਉਨ੍ਹਾਂ ਦੀ ਰੱਖਿਆ ਕਰਨ ਲਈ ਅੱਗੇ ਨਹੀਂ ਆਉਂਦੇ, ਜਦਕਿ ਸਭ ਨੂੰ ਮਿਲ ਕੇ ਹੰਭਲਾ ਮਾਰਨਾ ਚਾਹੀਦਾ ਹੈ। ਰਾਜਨ ਸ਼ਰਮਾ ਨੇ ਕਿਹਾ ਕਿ ਜੇਕਰ ਅਸੀਂ ਨਵੇਂ ਰੁੱਖ ਲਗਾ ਨਹੀਂ ਸਕਦੇ, ਤਾਂ ਸਾਨੂੰ ਲੱਗੇ ਰੁੱਖ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਨਿੱਜੀ ਜਾਂ ਮਿੱਤਰ ਗਰੁੱਪ ਬਣਾ ਕੇ ਰੁੱਖਾਂ ਦੀ ਸੇਵਾ ਅਤੇ ਸੁਰੱਖਿਆ ਲਈ ਅੱਗੇ ਆਉਣਾ ਪਵੇਗਾ ਤਾਂ ਕਿ ਰੁੱਖ ਬਚੇ ਰਹਿਣ ਤੇ ਵਾਤਾਵਰਣ ਸ਼ੁਧ ਰਹੇ। ਇਹਨਾਂ ਸ਼ਿਕਵਾ ਜ਼ਾਹਿਰ ਕੀਤਾ ਕਿ ਗਰਮੀਆਂ ਮੌਕੇ ਸਾਰੇ ਲੋਕ ਰੌਲਾ ਪਾਉਂਦੇ ਕਿ ਰੁੱਖ ਲਗਾਓ, ਰੁੱਖ ਲਗਾਓ, ਪਰ ਸਾਰਾ ਸਾਲ ਅਸੀਂ ਆਪਣੀ ਮੌਜ-ਮਸਤੀ ਵਿੱਚ ਹੀ ਕੱਢ ਦਿੰਦੇ ਹਾਂ। ਸ਼ਰਮਾਂ ਅਨੁਸਾਰ ਜਿਵੇਂ ਸਾਨੂੰ ਸਾਹ ਲਈ ਆਕਸੀਜਨ ਚਾਹੀਦੀ ਹੈ, ਉਸ ਤਰ੍ਹਾਂ ਹੀ ਰੁੱਖਾਂ ਦੀ ਚਿੰਤਾ ਵੀ ਸਾਰਾ ਸਾਲ ਕਰਨੀ ਬਣਦੀ ਹੈ।

