ਕੰਗ ਦੀ ਜਿੱਤ ਤੇ ਖਿਜ਼ਰਾਬਾਦ ਵਿੱਚ ਵੰਡੇ ਲੱਡੂ
ਚੰਡੀਗੜ੍ਹ 4 ਜੂਨ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਲੋਕ ਸਭਾ ਦੀਆਂ ਚੋਣਾਂ ਦੀ ਗਿਣਤੀ ਮੌਕੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਜਿੱਤ ਪ੍ਰਾਪਤ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਲਵਿੰਦਰ ਸਿੰਘ ਕੰਗ ਨੇ ਵੀ ਜਿੱਤ ਪ੍ਰਾਪਤ ਕੀਤੀ ਹੈ। ਇਸ ਨੂੰ ਲੈ ਕੇ ਹਲਕੇ ਅੰਦਰ ਲੀਡਰਾਂ ਤੇ ਵਰਕਰਾਂ ਵਿੱਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ। ਕਸਬਾ ਨਵਾਂ ਪਿੰਡ ਖਿਜਰਾਬਾਦ ਵਿਖੇ ਸਰਪੰਚ ਗੁਰਿੰਦਰ ਸਿੰਘ ਨੇ ਵੀ ਪਿੰਡ ਵਾਸੀਆਂ ਨੂੰ ਲੱਡੂ ਖਵਾ ਕੇ ਕੰਗ ਦੇ ਜਿੱਤਣ ਦੀ ਖੁਸ਼ੀ ਸਾਂਝੀ ਕੀਤੀ ਹੈ। ਇਸ ਮੌਕੇ ਸਰਪੰਚ ਗੁਰਿੰਦਰ ਸਿੰਘ ਨੇ ਕਿਹਾ ਕਿ ਸਾਡੀ ਮਿਹਨਤ ਰੰਗ ਲਿਆਈ ਹੈ ਅਤੇ ਸਾਡੇ ਕੰਮਾਂ ਨੂੰ ਦੇਖਦੇ ਹੋਏ ਲੋਕਾਂ ਨੇ ਫਤਵਾ ਦਿੱਤਾ ਹੈ।
ਇਹਨਾਂ ਕਿਹਾ ਕਿ ਵਿਧਾਨ ਸਭਾ ਹਲਕਾ ਖਰੜ ਅੰਦਰ ਕੈਬਿਨਟ ਮੰਤਰੀ ਬੀਬੀ ਅਨਮੋਲ ਗਗਨ ਮਾਨ ਦੀ ਅਗਵਾਈ ਵਿੱਚ ਵਿਕਾਸ ਕਾਰਜ ਵੱਡੇ ਪੱਧਰ ਤੇ ਕਰਵਾਏ ਜਾ ਰਹੇ ਹਨ ਅਤੇ ਰਹਿੰਦੇ ਕੰਮ ਜਲਦੀ ਪੂਰੇ ਕੀਤੇ ਜਾਣਗੇ। ਇਹਨਾਂ ਕਿਹਾ ਕਿ ਪਹਿਲਾਂ ਸਾਡੀ ਆਵਾਜ਼ ਸਿਰਫ ਵਿਧਾਨ ਸਭਾ ਤੱਕ ਹੀ ਸੀਮਤ ਸੀ, ਪਰ ਹੁਣ ਮਲਵਿੰਦਰ ਸਿੰਘ ਕੰਗ ਦੇ ਜ਼ਰੀਏ ਸਾਡੀ ਆਵਾਜ਼ ਦਿੱਲੀ ਦਰਬਾਰ ਤੱਕ ਵੀ ਪੁੱਜੇਗੀ। ਇਸ ਮੌਕੇ ਯੂਥ ਆਗੂ ਰਾਣਾ ਕੁਸ਼ਲਪਾਲ ਨੇ ਵੀ ਕੰਗ ਦੀ ਜਿੱਤ ਲਈ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਹਰ ਸਮੇਂ ਇਲਾਕੇ ਦੇ ਲੋਕਾਂ ਨਾਲ ਖੜ੍ਹਨ ਦੀ ਗੱਲ ਕੀਤੀ। ਇਸ ਮੌਕੇ ਛਿੰਝ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਸੱਤਾ, ਪੰਚ ਸੁਖਦੇਵ ਸਿੰਘ ਸੈਣੀ ਸਮੇਤ, ਹੋਰ ਪਿੰਡ ਵਾਸੀ ਖੁਸ਼ੀ ਮਨਾਉਣ ਮੌਕੇ ਜੁੜੇ ਹੋਏ ਸਨ।

