ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਜੂਨ ਮਹੀਨੇ ਦੀ ਸਾਹਿਤਕ ਇਕੱਤਰਤਾ ਪ੍ਰਸਿੱਧ ਲੇਖਕ ਸੁਰਜੀਤ ਪਾਤਰ ਨੂੰ ਸਮਰਪਿਤ – ਰਚਨਾਵਾਂ ‘ਤੇ ਹੋਈ ਨਿੱਠ ਕੇ ਚਰਚਾ
ਰਾਮਪੁਰ (ਲੁਧਿਆਣਾ) (ਸੁਰ ਸਾਂਝ ਡਾਟ ਕਾਮ ਬਿਊਰੋ), 4 ਜੂਨ:


ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਮਾਸਿਕ ਮੀਟਿੰਗ ਸਭਾ ਦੀ ਲਾਇਬ੍ਰੇਰੀ ਦੇ ਸੈਮੀਨਾਰ ਹਾਲ ਵਿਚ, ਸਭਾ ਦੇ ਪ੍ਰਧਾਨ ਅਨਿਲ ਫ਼ਤਹਿਗੜ੍ਹ ਜੱਟਾਂ ਦੀ ਪ੍ਰਧਾਨਗੀ ਹੇਠ ਹੋਈ। ਇਕੱਤਰਤਾ ਦੇ ਆਰੰਭ ਵਿਚ ਸਭਾ ਦੇ ਪ੍ਰਧਾਨ ਅਨਿਲ ਫ਼ਤਹਿਗੜ੍ਹ ਜੱਟਾਂ ਨੇ ਆਏ ਲੇਖਕਾਂ ਦਾ ਸਵਾਗਤ ਕੀਤਾ। ਪਿਛਲੇ ਦਿਨੀਂ ਸਦਾ ਲਈ ਵਿਛੜੇ ਪ੍ਰਸਿੱਧ ਲੇਖਕ ਸੁਰਜੀਤ ਪਾਤਰ, ਸਾਹਿਤ ਅਕਾਦਮੀ ਦੇ ਜਨਰਲ ਸਕੱਤਰ ਗੁਲਜ਼ਾਰ ਪੰਧੇਰ ਦੇ ਭਰਾ ਗੁਰਚਰਨ ਸਿੰਘ ਪੰਧੇਰ, ਲੇਖ਼ਕ ਤੇਜਾ ਸਿੰਘ ਰੌਂਤਾ ਅਤੇ ਗ਼ਜ਼ਲਗੋ ਅਜਮੇਰ ਸਾਗਰ ਨੂੰ ਯਾਦ ਕਰਦਿਆਂ ਦੋ ਮਿੰਟ ਦਾ ਮੌਨ ਧਾਰਿਆ ਗਿਆ।
ਇਸ ਤੋਂ ਬਾਅਦ ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਬਲਵੰਤ ਮਾਂਗਟ ਦੇ ਮਨੁੱਖੀ ਚੇਤਨਾ ਨਾਲ ਸਬੰਧਿਤ ਲੇਖ ‘ਕਸਤੂਰੀ’ ਨਾਲ ਹੋਈ, ਜਿਸ ‘ਤੇ ਬਹੁਤ ਨਿੱਠ ਕੇ ਚਰਚਾ ਹੋਈ। ਇਸ ਤੋਂ ਬਾਅਦ ਗੁਰਸੇਵਕ ਢਿਲੋਂ ਨੇ ਗੀਤ ‘ਮੈਪ ਦਾ ਕਮਾਲ’ , ਕਰਨੈਲ ਸਿਵੀਆਂ ਨੇ ਗੀਤ ‘ਸਾਧ ਬਨਾਮ ਠੱਗ’, ਗੁਰਦੀਪ ਮਹੌਣ ਨੇ ਕਹਾਣੀ ‘ਅਮਾਨਤ’, ਕੰਵਲਜੀਤ ਨੀਲੋਂ ਨੇ ਕਾਵਿ ਕਹਾਣੀ ‘ਕਾਂ ਤੇ ਚਿੜੀ’, ਬਲਵੰਤ ਵਿਰਕ ਨੇ ਗੀਤ ‘ਮੱਕੀ ਦੀ ਰੋਟੀ ਸਾਗ ਸਰੋਂ ਦਾ’, ਤਰਨਜੀਤ ਕੌਰ ਗਰੇਵਾਲ ਨੇ ਬੈਂਤ ‘ਖ਼ਰਗੋਸ਼ ਤੇ ਕੱਛੂ’, ਸਿਮਰਨ ਅਹਿਲਾਵਤ ਨੇ ਕਵਿਤਾ ‘ਹਾਣੀ’, ਨੀਤੂ ਰਾਮਪੁਰ ਨੇ ਕਾਵਿਤਾ ‘ਮਾਂ ਨੇ ਆਖਿਆ’, ਪ੍ਰਭਜੋਤ ਰਾਮਪੁਰ ਨੇ ਕਾਵਿਤਾ ‘ਫਿਲਮ’, ਹਰਬੰਸ ਮਾਲਵਾ ਨੇ ਗੀਤ ‘ਦਰਦ ਤੇਰਾ ਤੇ ਮੇਰੀ ਲੋਅ’, ਸੁਖਜੀਵਨ ਰਾਮਪੁਰੀ ਨੇ ਕਵਿਤਾ ‘ਮੇਰਾ ਬਾਪੂ’, ਅਮਰਿੰਦਰ ਸੋਹਲ ਨੇ ਗ਼ਜ਼ਲ ‘ਮੇਰੇ ਅੰਬਰ ‘ਤੇ ਸੂਰਜ ਚੰਦ ਜਾਂ ਤਾਰਾ ਨਹੀਂ’, ਅਨਿਲ ਫ਼ਤਹਿਗੜ੍ਹ ਜੱਟਾਂ ਨੇ ਗੀਤ ‘ਪੈ ਗਿਆ ਖਿਲਾਰਾ’ ਸੁਣਾਇਆ।
ਮੀਟਿੰਗ ਵਿੱਚ ਸੁਰਿੰਦਰ ਰਾਮਪੁਰੀ, ਜਸਵੀਰ ਝੱਜ, ਤਰਨਵੀਰ ਤਰਨ ਅਤੇ ਪਰਮਿੰਦਰ ਸਿੰਘ ਨੇ ਸਰੋਤਿਆਂ ਦੇ ਤੌਰ ‘ਤੇ ਸ਼ਿਰਕਤ ਕੀਤੀ। ਅੰਤ ਵਿਚ ਸਭਾ ਦੇ ਪ੍ਰਧਾਨ ਅਨਿਲ ਫ਼ਤਹਿਗੜ੍ਹ ਜੱਟਾਂ ਨੇ ਮੀਟਿੰਗ ਵਿਚ ਸ਼ਾਮਿਲ ਸਾਰੇ ਸਾਹਿਤਕਾਰਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਸਭਾ ਦੀ ਕਾਰਵਾਈ ਸਭਾ ਦੇ ਜਨਰਲ ਸਕੱਤਰ ਬਲਵੰਤ ਮਾਂਗਟ ਦੁਆਰਾ ਬਹੁਤ ਭਾਵਪੂਰਨ ਤਰੀਕੇ ਨਾਲ ਨਿਭਾਈ ਗਈ। ਸਭਾ ਦੀ ਕਾਰਵਾਈ ਦੌਰਾਨ ਪ੍ਰਬੰਧਕੀ ਕੰਮਾਂ ਨੂੰ ਪ੍ਰਭਜੋਤ ਰਾਮਪੁਰ ਅਤੇ ਸਭਾ ਦੀ ਸਕੱਤਰ ਨੀਤੂ ਰਾਮਪੁਰ ਨੇ ਬਹੁਤ ਸੁਚੱਜੇ ਢੰਗ ਨਾਲ ਨਿਭਾਇਆ।
ਵੱਲੋਂ – ਬਲਵੰਤ ਮਾਂਗਟ, ਜਨਰਲ ਸਕੱਤਰ, ਲਿਖਾਰੀ ਸਭਾ ਰਾਮਪੁਰ।

