ਤਲਵਿੰਦਰ ਸਿੰਘ ਸੂਖਮ ਦੀ ਕਿਤਾਬ ਲੋਕ-ਅਰਪਣ
ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਹੋਏ ਪ੍ਰਸਿੱਧ ਗ਼ਜ਼ਲਗੋ ਸੁਲੱਖਣ ਸਰਹੱਦੀ, ਜੇ.ਐੱਸ. ਖੁਸ਼ਦਿਲ (ਸਾਬਕਾ ਸੈਸ਼ਨਜ਼ ਜੱਜ), ਉਸਤਾਦ ਗ਼ਜ਼ਲਗੋ ਸਿਰੀ ਰਾਮ ਅਰਸ਼, ਜਗਦੀਸ਼ ਰਾਣਾ (ਲੋਕ-ਸ਼ਾਇਰ), ਲੇਖਕ ਤਲਵਿੰਦਰ ਸਿੰਘ ਸੂਖਮ, ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਅਤੇ ਦਵਿੰਦਰ ਕੌਰ ਢਿੱਲੋਂ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 5 ਜੂਨ:


ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਵਿਸ਼ੇਸ਼ ਇਕੱਤਰਤਾ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਹੋਈ, ਜਿਸ ਦੇ ਪ੍ਰਧਾਨਗੀ ਮੰਡਲ ਵਿਚ ਪ੍ਰਸਿੱਧ ਗ਼ਜ਼ਲਗੋ ਸੁਲੱਖਣ ਸਰਹੱਦੀ, ਜੇ.ਐੱਸ. ਖੁਸ਼ਦਿਲ (ਸਾਬਕਾ ਸੈਸ਼ਨਜ਼ ਜੱਜ), ਉਸਤਾਦ ਗ਼ਜ਼ਲਗੋ ਸਿਰੀ ਰਾਮ ਅਰਸ਼, ਜਗਦੀਸ਼ ਰਾਣਾ (ਲੋਕ-ਸ਼ਾਇਰ), ਲੇਖਕ ਤਲਵਿੰਦਰ ਸਿੰਘ ਸੂਖਮ, ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ, ਦਵਿੰਦਰ ਕੌਰ ਢਿੱਲੋਂ ਸ਼ਾਮਲ ਸਨ।
ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਮਹਿਮਾਨਾਂ ਅਤੇ ਸਰੋਤਿਆਂ ਨੂੰ ਜੀ ਆਇਆਂ ਕਿਹਾ ਅਤੇ ਅੱਜ ਦੇ ਪ੍ਰੋਗਰਾਮ ਦੀ ਰੂਪ-ਰੇਖਾ ਬਾਰੇ ਦੱਸਿਆ। ਪ੍ਰਧਾਨਗੀ ਮੰਡਲ ਵਲੋਂ ਪੁਸਤਕ ਲੋਕ-ਅਰਪਣ ਕੀਤੀ ਗਈ। ਬਲਵਿੰਦਰ ਸਿੰਘ ਢਿਲੋਂ ਨੇ ਇਸ ਕਿਤਾਬ ਵਿਚੋਂ ਇਕ ਗ਼ਜ਼ਲ ਤਰੰਨਮ ਵਿਚ ਸੁਣਾਈ। ਪਰਮਜੀਤ ਪਰਮ ਨੇ ਪਰਚਾ ਪੜ੍ਹਦੇ ਹੋਏ ਕਿਹਾ ਕਿ ਇਸ ਕਿਤਾਬ ਦੀਆਂ ਗ਼ਜ਼ਲਾਂ ਹਰ ਪੱਖ ਤੋੰ ਸੰਪੂਰਨ ਹਨ। ਇਹਨਾਂ ਦੇ ਲਿਖੇ ਗੀਤ ਪਰਿਵਾਰ ਵਿਚ ਬੈਠ ਕੇ ਗਾਏ ਜਾ ਸਕਦੇ ਹਨ।
ਜਸਪਾਲ ਸਿੰਘ ਦੇਸੂਵੀ ਨੇ ਵੀ ਕਿਤਾਬ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰਧਾਨਗੀ ਭਾਸ਼ਣ ਵਿਚ ਸੁਲੱਖਣ ਸਰਹੱਦੀ ਨੇ ਕਿਹਾ ਕਿ ਲੇਖਕ ਨੇ ਸਮਾਜਿਕ, ਪਰਿਵਾਰਕ ਅਤੇ ਚੰਡੀਗੜ੍ਹ ਦੇ ਲੋਕਲ ਇਲਾਕੇ ਬਾਰੇ ਵਧੀਆ ਗੀਤ ਅਤੇ ਗ਼ਜ਼ਲਾਂ ਲਿਖੀਆਂ ਹਨ। ਸੂਖਮਭਾਵੀ ਲੇਖਕ ਦੀ ਹਰ ਰਚਨਾ ਵਿਚ ਸਮਾਜ ਨੂੰ ਚੰਗਾ ਬਨਾਉਣ ਦਾ ਸੁਨੇਹਾ ਹੈ।
ਕਿਤਾਬ ਬਾਰੇ ਜੇ. ਐੱਸ. ਖੁਸ਼ਦਿਲ, ਸਿਰੀ ਰਾਮ ਅਰਸ਼, ਜਗਦੀਸ਼ ਰਾਣਾ ਅਤੇ ਰਮਨਦੀਪ ਕੌਰ ਨੇ ਵੀ ਵਿਚਾਰ ਸਾਂਝੇ ਕੀਤੇ। ਦਵਿੰਦਰ ਕੌਰ ਢਿੱਲੋਂ, ਦਰਸ਼ਨ ਤਿਉਣਾ, ਸੁਰਜੀਤ ਸਿੰਘ ਧੀਰ, ਰਾਹੀ ਨੇ ਗੀਤ ਗਾ ਕੇ ਮਾਹੌਲ ਰੰਗੀਨ ਬਣਾਈ ਰੱਖਿਆ। ਪ੍ਰਧਾਨਗੀ ਮੰਡਲ ਅਤੇ ਕੁਝ ਹੋਰ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦਿੱਤੇ ਗਏ। ਮੰਚ ਸੰਚਾਲਨ ਦਵਿੰਦਰ ਕੌਰ ਢਿੱਲੋਂ ਨੇ ਖੂਬਸੂਰਤ ਢੰਗ ਨਾਲ ਕੀਤਾ। ਗੁਰਦਰਸ਼ਨ ਸਿੰਘ ਮਾਵੀ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਚੰਡੀਗੜ੍ਹ ਮੋਹਾਲੀ, ਪਿੰਜੌਰ, ਪੰਚਕੂਲਾ, ਮੋਰਿੰਡਾ ਅਤੇ ਕੁਰਾਲੀ ਤੋਂ ਵੱਡੀ ਗਿਣਤੀ ਵਿਚ ਕਵੀ, ਲੇਖਕ, ਰੰਗ-ਕਰਮੀ ਅਤੇ ਪਤਵੰਤੇ ਸੱਜਣ ਹਾਜ਼ਰ ਸਨ।
ਦਵਿੰਦਰ ਕੌਰ ਢਿਲੋਂ, ਜਨਰਲ ਸਕੱਤਰ, ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ – 98765 79761

