ਗੋਲੂ ਦੇ ਅਖਾੜੇ ਦੇ ਪਹਿਲਵਾਨ ਦੀ ਹੋਈ ਏਸ਼ੀਆ ਚੈਂਪੀਅਨਸ਼ਿਪ ਲਈ ਚੋਣ
ਚੰਡੀਗੜ੍ਹ 9 ਜੂਨ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਅਖਾੜਾ ਮੁੱਲਾਪਰ ਗਰੀਬਦਾਸ ਹਮੇਸ਼ਾ ਸੁਰਖੀਆਂ ਵਿੱਚ ਰਿਹਾ ਹੈ, ਕਿਉਂਕਿ ਇਸ ਅਖਾੜੇ ਵਿੱਚ ਪੰਜਾਬ ਹਰਿਆਣਾ ਹਿਮਾਚਲ ਅਤੇ ਹੋਰ ਸਟੇਟਾਂ ਦੇ ਨਾਮੀ ਪਹਿਲਵਾਨ ਅਭਿਆਸ ਕਰਦੇ ਹਨ ਅਤੇ ਵਿਦੇਸ਼ ਤੋਂ ਆਏ ਕੋਚ ਇੱਥੋਂ ਦੇ ਪਹਿਲਵਾਨਾਂ ਨੂੰ ਸਿਖਲਾਈ ਦਿੰਦੇ ਹਨ। ਇਸੇ ਅਖਾੜੇ ਦੇ ਨਾਮੀ ਪਹਿਲਵਾਨ ਜਸਪੂਰਨ ਸਿੰਘ ਮੁੱਲਾਂਪੁਰ ਨੇ ਇੱਕ ਵਾਰ ਫਿਰ ਇਸ ਅਖਾੜੇ ਦਾ ਨਾਮ ਰੋਸ਼ਨ ਕੀਤਾ ਹੈ।


ਜਾਣਕਾਰੀ ਸਾਂਝੀ ਕਰਦਿਆ ਮੁੱਲਾਪੁਰ ਗਰੀਬਦਾਸ ਅਖਾੜੇ ਦੇ ਸੰਚਾਲਕ ਗੋਲੂ ਪਹਿਲਵਾਨ ਨੇ ਦੱਸਿਆ ਕਿ ਅੱਜ ਪੰਜਾਬ ਕੁਸ਼ਤੀ ਜਗਤ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਦੇ ਇਕ ਹੋਰ ਪਹਿਲਵਾਨ ਨੇ ਇੰਟਰਨੈਸ਼ਨਲ ਪਹਿਲਵਾਨਾਂ ਦੀ ਸੂਚੀ ਵਿਚ ਆਪਣਾ ਨਾਮ ਦਰਜ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਇਸ ਅਖਾੜੇ ਦੇ ਪਹਿਲਵਾਨ ਜਸਪੂਰਨ ਸਿੰਘ ਦੀ ਅੱਜ 110 ਕਿਲੋ ਭਾਰ ਵਰਗ ਫ੍ਰੀ ਸਟਾਇਲ ਅੰਡਰ 17 ਏਸ਼ੀਆ ਚੈਂਪੀਅਨਸ਼ਿਪ ਜੋ ਕਿ ਵਿਦੇਸ਼ ਦੀ ਧਰਤੀ ਵਿੱਚ ਜੌਰਡਨ ਵਿਖੇ 20 ਤੋਂ 30 ਜੂਨ ਤੱਕ ਹੋਣ ਜਾ ਰਹੀ ਹੈ, ਲਈ ਚੋਣ ਹੋ ਗਈ ਹੈ।
ਉਨ੍ਹਾਂ ਇਸ ਪਹਿਲਵਾਨ ਦੇ ਕੋਚ ਹਰੀ ਕ੍ਰਿਸ਼ਨ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਦਾਸ ਐਸੋਸੀਏਟ ਦੇ ਸੰਚਾਲਕ ਰਵੀ ਸ਼ਰਮਾ ਨੇ ਵੀ ਗੋਲੂ ਪਹਿਲਵਾਨ, ਕੁਲਤਾਰ ਪਹਿਲਵਾਨ ਅਤੇ ਜਸਪੂਰਨ ਪਹਿਲਵਾਨ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਇਸ ਪਹਿਲਵਾਨ ਨੇ ਹਮੇਸ਼ਾ ਕੁਝ ਨਾ ਕੁਝ ਨਵੀਂ ਪੁਲਾਂਘ ਪੁੱਟੀ ਹੈ। ਇਸ ਤੋਂ ਪਹਿਲਾਂ ਵੀ ਉਹ ਰੋਮ ਇਟਲੀ ਵਿੱਚ ਹੋਈ ਰੈਸਲਿਗ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਦੇਸ ਦੀ ਝੋਲੀ ਪਾ ਚੁੱਕਾ ਹੈ। ਇਸ ਤੋਂ ਇਲਾਵਾ ਹੁਣ ਤੱਕ ਬਹੁਤ ਸਾਰੇ ਖਿਤਾਬ ਆਪਣੇ ਨਾਮ ਕਰ ਚੁੱਕਾ ਹੈ।
ਇਸ ਮੌਕੇ ਜਸਪੂਰਨ ਪਹਿਲਵਾਨ ਨੇ ਕਿਹਾ ਕਿ ਗੋਲੂ ਪਹਿਲਵਾਨ, ਰਵੀ ਪਹਿਲਵਾਨ, ਪਿਤਾ ਕੁਲਤਾਰ ਪਹਿਲਵਾਨ ਅਤੇ ਮਾਤਾ ਅਤੇ ਉਸਤਾਦ ਦੀਆਂ ਦੁਆਵਾਂ ਰਹੀਆਂ ਤਾਂ ਇਸ ਚੈਂਪੀਅਨਸ਼ਿਪ ਵਿੱਚ ਇਸ ਅਖਾੜੇ ਦੇ ਝੰਡੇ ਜ਼ਰੂਰ ਗੱਡਾਗਾਂ। ਇਸ ਮੌਕੇ ਮੌਕੇ ਉਨ੍ਹਾਂ ਤੋਂ ਇਲਾਵਾ ਰੇਜਾ ਕੋਚ, ਮਿਰਜ਼ਾ ਪਹਿਲਵਾਨ, ਹੈਪੀ ਪਹਿਲਵਾਨ, ਸ੍ਰੀ ਅਰਵਿੰਦ ਪੁਰੀ, ਧਰਮਿੰਦਰ ਸਿੰਘ ਮੁੱਲਾਂਪੁਰ, ਸ਼ੇਰ ਸਿੰਘ ਮੱਲ, ਜਗਤਾਰ ਸੋਹੀ, ਕਾਲਾ ਪੰਚ ਅਤੇ ਅਖਾੜੇ ਦੇ ਪਹਿਲਵਾਨਾਂ ਨੇ ਵੀ ਜਸਪੂਰਨ ਪਹਿਲਵਾਨ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

