ਸਾਇੰਸ ਸਿਟੀ ਵਲੋਂ ਨੌਜਵਾਨਾਂ ਨੂੰ ਨਸ਼ਿਆਂ ਦੀ ਲਤ ਤੋਂ ਬਚਾਉਣ ਦਾ ਹੋਕਾ
ਨੁੱਕੜ ਨਾਟਕਾਂ ਰਾਹੀਂ ਲੋਕਾਂ ਨੂੰ ਨਸ਼ਿਆਂ ਵਿਰੱਧ ਕੀਤਾ ਲਾਮਬੰਦ
ਕਪੂਰਥਲ਼ਾ (ਸੁਰ ਸਾਂਝ ਡਾਟ ਕਾਮ ਬਿਊਰੋ), 26 ਜੂਨ:


ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ‘ਤੇ ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ ਨਾਲ ਪੈਦਾ ਹੋਣ ਵਾਲੇ ਖਤਰਿਆਂ ਪ੍ਰਤੀ ਲੋਕਾਂ ਵਿਚ ਜਾਗੂਰਕਤਾ ਪੈਦਾ ਕਰਨ ਦੇ ਆਸ਼ੇ ਨਾਲ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ । ਇਸ ਵਾਰ ਨਸ਼ਾ ਵਿਰੋਧੀ ਦਿਵਸ ਮਨਾਉਣ ਦਾ ਥੀਮ “ਸਬੂਤ ਸਪਸ਼ਟ ਹਨ : ਨਸ਼ਿਆਂ ਦੀ ਰੋਕਥਾਮ ਵਿਚ ਨਿਵੇਸ਼ ਕਰੋ।” ਇਹ ਸਿਰਲੇਖ ਸਮਾਜ ਤੇ ਨੀਤੀਆਂ ਬਣਾਉਣ ਵਾਲਿਆਂ ਨੂੰ ਨਸ਼ਿਆਂ ਦੀ ਰੋਕਥਾਮ ਲਈ ਤੱਥਾਂ ਅਤੇ ਸਬੂਤਾਂ ਤੇ ਆਧਾਰਤ ਪਹੁੰਚ ਆਪਣਾਉਣ ਦਾ ਸੱਦਾ ਦਿੰਦਾ ਸੀ।
ਇਸ ਮੌਕੇ ਨਹਿੂਰ ਯੁਵਾ ਕੇਂਦਰ ਦੇ ਕਲਾਕਾਰਾਂ ਵਲੋਂ ਨੁੱਕੜ ਨਾਟਕਾਂ ਰਾਹੀਂ ਲੋਕਾਂ ਨੂੰ ਨਸ਼ਿਆ ਦੇ ਵਿਰੁੱਧ ਲਾਮਬੰਦ ਕੀਤਾ ਗਿਆ।ਨੁੱਕੜ ਨਾਟਕਾਂ ਨੇ ਇਸ ਚਿੰਤਾਜਨਕ ਵਿਸ਼ੇ ‘ਤੇ ਚਾਨਣਾ ਪਾਇਆ ਅਤੇ ਨਸ਼ਿਆ ਦੀ ਰੋਕਥਾਮ ਦੀ ਮਹਹੱਤਾ ‘ਤੇ ਜ਼ੋਰ ਦਿੱਤਾ। ਨੁੱਕੜ ਨਾਟਕਾਂ ਦਾ ਇਹ ਪ੍ਰੋਗਰਾਮ ਖਾਸ ਕਰਕੇ ਨੌਜਵਾਨਾਂ ਨੂੰ ਇਸ ਵਿਸ਼ੇ ਪ੍ਰਤੀ ਜਾਗਰੂਕ ਕਰਨ ਲਈ ਸ਼ਕਤੀਸ਼ਾਲੀ ਸੰਦੇਸ਼ ਹੋ ਨਿਬੜਿਆ ।
ਇਸ ਮੌਕੇ ਹਾਜ਼ਰ ਜ਼ਿਲਾ ਯੂਥ ਅਧਿਕਾਰੀ, ਕਪੂਰਥਲਾ ਡਾ. ਗਗਨਦੀਪ ਕੌਰ ਨੇ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਰਾਹੀਂ ਨੌਜਵਾਨਾਂ ਨੂੰ ਨਸ਼ਿਆ ਦੀ ਲੱਤ ਪ੍ਰਤੀ ਸਿੱਖਿਅਤ ਤੇ ਜਾਗਰੂਕ ਕੀਤਾ ਜਾ ਸਕਦਾ ਹੈ। ਉਹਨਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਅ ਕੇ ਰੱਖਣ ਦੇ ਨਾਲ-ਨਾਲ ਉਹਨਾਂ ਨੂੰ ਦੋਸਤਾਨਾਂ ਮਹੌਲ ਦਿਓ।
ਇਸ ਮੌਕੇ ਤੇ ਬੋਲਦਿਆਂ ਪ੍ਰੋਗਰਾਮ ਦੇ ਕੋਆਰਡੀਨੇਟਰ ਤੇ ਸਾਇੰਸ ਸਿਟੀ ਦੇ ਵਿਗਿਆਨੀ-ਡੀ ਡਾ. ਮੋਨੀਸ਼ ਸੋਇਨ ਨੇ ਜ਼ੋਰ ਦੇ ਕੇ ਕਿਹਾ ਕਿ ਨਸ਼ਾ ਤਸਕਰੀ ਅਤੇ ਨਸ਼ੀਲੇ ਪਾਦਰਥਾਂ ਦੀ ਦੁਰਵਰਤੋਂ ਨਾਲ ਨਜਿੱਠਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਪਰ ਸਮਾਜ ਵੀ ਇਸ ਵਿਚ ਵੱਡਾ ਯੋਗਦਾਨ ਪਾ ਸਕਦਾ ਹੈ।ਉਨ੍ਹਾਂ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾ ਸਿਰਫ਼ ਇਕ ਵਿਅਕਤੀ ਲਈ ਹੀ ਨੁਕਸਾਨ ਦੇਹ ਹੈ, ਸਗੋ੍ ਪਰਿਵਾਰ ਅਤੇ ਸਮਾਜ ਲਈ ਵੀ ਗੰਭੀਰ ਸਮਸਿਆ ਬਣੀ ਹੋਈ ਹੈ।

