ਮੈਡਲ ਵਿਜੇਤਾ ਜਸਪੂਰਨ ਪਹਿਲਵਾਨ ਦਾ ਕੀਤਾ ਭਰਵਾਂ ਸਵਾਗਤ
ਚੰਡੀਗੜ੍ਹ 28 ਜੂਨ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਮੋਹਾਲੀ ਜ਼ਿਲ੍ਹਾ ਦੇ ਕਸਬਾ ਮੁੱਲਾਂਪੁਰ ਗਰੀਬਦਾਸ ਵਿਖੇ ਸਥਿਤ ਅਖਾੜਾ ਮੁੱਲਾਂਪੁਰ ਗਰੀਬਦਾਸ ਦੇ ਪਹਿਲਵਾਨ ਜਸਪੂਰਨ ਸਿੰਘ ਨੇ ਦੇਸ਼ ਲਈ ਤਿੰਨ ਮੈਡਲ ਜਿੱਤ ਕੇ ਦੇਸ ਦੀ ਝੋਲੀ ਪਾਏ ਹਨ, ਪਰ ਸਰਕਾਰ ਵੱਲੋਂ ਇਸ ਅਖਾੜੇ ਨੂੰ ਅਣਗੌਲਿਆਂ ਕੀਤਾ ਗਿਆ ਹੈ। ਇਸ ਗੱਲ ਦਾ ਪ੍ਰਗਟਾਵਾ ਅਖਾੜਾ ਮੁੱਲਾਂਪੁਰ ਗਰੀਬਦਾਸ ਦੇ ਸੰਚਾਲਕਾਂ ਵੱਲੋਂ ਅੱਜ ਉਸ ਵੇਲੇ ਕੀਤਾ ਗਿਆ, ਜਦੋਂ ਜੋਰਡਨ ਏਸੀਅਨ ਰੈਸਲਿੰਗ ਚੈਂਪੀਅਨਸ਼ਿਪ 2024 ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਪਹਿਲਵਾਨ ਜਸਪੂਰਨ ਸਿੰਘ ਦਾ ਮੋਹਾਲੀ ਏਅਰਪੋਰਟ ਤੇ ਭਰਵਾਂ ਸਵਾਗਤ ਕੀਤਾ ਗਿਆ।
ਅੱਜ ਜਸਪੂਰਨ ਪਹਿਲਵਾਨ ਦੇ ਪੰਜਾਬ ਪੁੱਜਣ ‘ਤੇ ਉਸ ਦੇ ਮਾਤਾ ਪਿਤਾ ਅਤੇ ਅਖਾੜੇ ਦੇ ਸੰਚਾਲਕ ਗੋਲੂ ਪਹਿਲਵਾਨ ਅਤੇ ਦਾਸ ਐਸੋਸੀਏਟ ਦੇ ਸੰਚਾਲਕ ਰਵੀ ਸ਼ਰਮਾ ਵੱਲੋਂ ਮੋਹਾਲੀ ਵਿਖੇ ਢੋਲ-ਢਮੱਕਿਆਂ ਨਾਲ ਜਸਪੂਰਨ ਦਾ ਸਵਾਗਤ ਕੀਤਾ ਗਿਆ। ਜਾਣਕਾਰੀ ਸਾਂਝੀ ਕਰਦਿਆਂ ਅਖਾੜਾ ਮੁੱਲਾਪੁਰ ਗਰੀਬਦਾਸ ਸੰਚਾਲਕ ਗੋਲੂ ਪਹਿਲਵਾਨ ਨੇ ਦੱਸਿਆ ਕਿ ਬੀਤੇ ਦਿਨੀਂ ਜੋਰਡਨ ਏਸ਼ੀਆ ਰੈਸਲਿੰਗ ਚੈਂਪੀਅਨਸ਼ਿਪ ਵਿੱਚ ਜਸਪੂਰਨ ਪਹਿਲਵਾਨ ਨੇ 110 ਕਿਲੋਗ੍ਰਾਮ ਫ੍ਰੀ ਸਟਾਇਲ ਅੰਡਰ 17 ਵਿੱਚ ਪਹਿਲਾਂ ਜਪਾਨ ਦੇ ਪਹਿਲਵਾਨ ਨੂੰ ਹਰਾ ਕੇ ਫਾਈਨਲ ਵਿੱਚ ਪੁੱਜ ਕੇ ਇਰਾਨ ਦੇ ਪਹਿਲਵਾਨ ਮੁਹੰਮਦ ਅਬੂਲਫਜਲ ਨੂੰ 0-4 ਦੇ ਵੱਡੇ ਫਰਕ ਨਾਲ ਹਰਾ ਕੇ ਇਹ ਮੈਡਮ ਜਿਤਿਆ ਹੈ।
ਪਹਿਲਾਂ ਏਅਰਪੋਰਟ ਉੱਤੇ ਅਤੇ ਫਿਰ ਅਖਾੜਾ ਮੁੱਲਾਂਪੁਰ ਪੁੱਜਣ ‘ਤੇ ਪਹਿਲਵਾਨਾਂ ਅਤੇ ਪਿੰਡ ਮੁੱਲਾਂਪੁਰ ਦੇ ਵਸਨੀਕਾਂ ਵੱਲੋਂ ਉਸ ਦਾ ਸਵਾਗਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜਸਪੂਰਨ ਪਹਿਲਵਾਨ ਚਿਤਕਾਰਾ ਯੂਨੀਵਰਸਿਟੀ ਰਾਜਪੁਰਾ ਦਾ ਵਿਦਿਆਰਥੀ ਹੈ, ਜਿੱਥੇ ਪ੍ਰੋ ਚਾਂਸਲਰ ਸ੍ਰੀਮਤੀ ਮਧੂ ਚਿਤਕਾਰਾ ਅਤੇ ਉਥੋਂ ਦੇ ਸਮੂਹ ਸਟਾਫ ਤੋਂ ਇਲਾਵਾ ਸਪੋਰਟਸ ਡਿਪਾਰਮੈਟ ਚਿਤਕਾਰਾ ਵੱਲੋਂ ਵੀ ਉਸ ਨੂੰ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ। ਅੱਜ ਏਅਰ ‘ਤੇ ਵੀ ਹਰਿੰਦਰ ਪਾਲ ਸਿੰਘ ਡਾਇਰੈਕਟਰ ਚਿਤਕਾਰਾ ਯੂਨੀਵਰਸਿਟੀ ਰਾਜਪੁਰਾ ਤੋਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਉਨ੍ਹਾਂ ਵੀ ਦੱਸਿਆ ਕਿ ਸਮੇਂ ਸਮੇਂ ‘ਤੇ ਹੋਣ ਵਾਲੀਆਂ ਖੇਡਾਂ ਵਿੱਚ ਅਤੇ ਹੋਰ ਗਤੀਵਿਧੀਆਂ ਰਾਹੀਂ ਜਸਪੂਰਨ ਪਹਿਲਵਾਨ ਦੀ ਪੂਰੀ ਮਦਦ ਕੀਤੀ ਜਾਂਦੀ ਹੈ। ਇਹ ਇਕੱਲਾ ਹੀ ਪੂਰੀ ਯੂਨੀਵਰਸਿਟੀ ਵਿੱਚ ਪਹਿਲਵਾਨੀ ਖੇਤਰ ਨਾਲ ਜੁੜਿਆ ਹੋਇਆ ਵਿਦਿਆਰਥੀ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਸਾਨੂੰ ਆਸ ਹੈ ਕਿ ਇਸ ਦੀ ਲਗਨ ਅਤੇ ਉਪਲਬਧੀ ਨੂੰ ਦੇਖਦਿਆਂ ਹੋਰ ਨੌਜਵਾਨ ਵੀ ਇਸ ਖੇਡ ਨਾਲ ਜੁੜਨਗੇ।
ਇਸ ਮੌਕੇ ਰਵੀ ਸ਼ਰਮਾ ਵੱਲੋਂ ਗੋਲੂ ਪਹਿਲਵਾਨ ਤੇ ਜਸਪੂਰਨ ਪਹਿਲਵਾਨ ਨੂੰ ਵਧਾਈਆਂ ਦਿੰਦਿਆਂ ਕਿਹਾ ਗਿਆ ਕਿ ਇਹ ਨੌਜਵਾਨ ਛੋਟੀ ਉਮਰ ਵਿੱਚ ਹੀ ਵੱਡੀਆਂ ਪ੍ਰਾਪਤੀਆਂ ਕਰ ਕੇ ਇਸ ਅਖਾੜੇ ਦਾ ਅਤੇ ਮੁੱਲਾਂਪੁਰ ਗਰੀਬਦਾਸ ਦਾ ਨਾਂ ਰੌਸ਼ਨ ਕਰ ਰਿਹਾ ਹੈ। ਅਖਾੜੇ ਦੇ ਹੋਰ ਪਹਿਲਵਾਨ ਵੀ ਇਸ ਨੂੰ ਦੇਖਦਿਆਂ ਅਭਿਆਸ ਕਰਦੇ ਹਨ। ਇਸ ਜਿੱਤ ਤੋਂ ਬਾਅਦ ਸਾਨੂੰ ਹੋਰ ਵੀ ਵਧੀਆ ਨਤੀਜੇ ਸਾਹਮਣੇ ਆਉਣ ਦੀ ਸੰਭਾਵਨਾ ਹੈ। ਪਰ ਏਥੇ ਸਭ ਤੋਂ ਵੱਧ ਸਾਨੂੰ ਸਰਕਾਰ ਵੱਲੋਂ ਮਦਦ ਦੀ ਲੋੜ ਹੈ। ਪਰ ਜਿਸ ਤਰ੍ਹਾਂ ਇਸ ਅਖਾੜੇ ਵਿੱਚ ਨਾਮੀ ਪਹਿਲਵਾਨ ਅਭਿਆਸ ਕਰਦੇ ਹਨ ਅਤੇ ਪੂਰੀ ਦੁਨੀਆ ਵਿੱਚ ਅਖਾੜੇ ਦਾ ਨਾਮ ਹੈ, ਸ਼ਾਇਦ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ। ਪਹਿਲਾਂ ਵੀ ਮੈਡਲ ਜਿੱਤ ਚੁੱਕਾ ਹੈ। ਅੱਜ ਵੀ ਸਰਕਾਰ ਦਾ ਕੋਈ ਨੁਮਾਇੰਦਾ ਵਧਾਈਆਂ ਦੇਣ ਲਈ ਨਹੀਂ ਪੁੱਜਾ।
ਸਰਕਾਰ ਦੇ ਉੱਚ ਅਧਿਕਾਰੀਆਂ ਅਤੇ ਇਲਾਕੇ ਦੇ ਲੀਡਰਾਂ ਨੂੰ ਆਪ ਦੱਸਿਆ ਜਾਂਦਾ ਹੈ ਕਿ ਅੱਜ ਸਾਡੇ ਪਹਿਲਵਾਨ ਨੇ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ, ਪਰ ਫਿਰ ਵੀ ਉਹ ਸਿਰਫ ਮੋਬਾਈਲ ਫੋਨ ‘ਤੇ ਡੀ ਪੀ ਲਾਉਣ ਤੱਕ ਹੀ ਸੀਮਤ ਰਹਿ ਜਾਂਦੇ ਹਨ। ਉਹਨਾਂ ਕਿਹਾ ਕਿ ਸਰਕਾਰ ਸਹਿਯੋਗ ਕਰੇ ਤਾਂ ਹੋਰ ਵੀ ਵਧੀਆ ਪ੍ਰਦਰਸ਼ਨ ਕੀਤਾ ਜਾ ਸਕਦਾ ਹੈ। ਜਦੋਂਕਿ ਸਰਕਾਰ ਦੇ ਕਰਨ ਵਾਲੇ ਕੰਮ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਰਵੀ ਸ਼ਰਮਾ ਅਤੇ ਗੋਲੂ ਪਹਿਲਵਾਨ ਲੱਖਾਂ ਰੁਪਏ ਖਰਚ ਕੇ ਕਰ ਰਹੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਅਖਾੜੇ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਪਹਿਲਵਾਨ ਦੀ ਜ਼ਿੰਦਗੀ ਬਹੁਤ ਸੰਘਰਸ਼ ਸ਼ੀਲ ਹੁੰਦੀ ਹੈ। ਸਾਨੂੰ ਪਤਾ ਹੈ ਕਿ ਕਿੰਨੀ ਮਿਹਨਤ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਏਥੇ ਤੱਕ ਪਹੁੰਚਣ ਲਈ ਤੇ ਵੱਡੇ ਸੁਪਨੇ ਨੂੰ ਸਾਕਾਰ ਕਰਨ ਲਈ ਦਿਨ ਰਾਤ ਮਿਹਨਤ ਮੰਗਦੀ ਹੈ, ਇਹ ਪਹਿਲਵਾਨੀ। ਜਸਪੂਰਨ ਸਿੰਘ ਪਹਿਲਵਾਨ ਜੋ ਕਿ ਆਪਣੇ ਪਰਿਵਾਰ ਸਮੇਤ ਮੁੱਲਾਂਪੁਰ ਵਿਖੇ ਕਿਰਾਏ ਦੇ ਮਕਾਨ ਵਿੱਚ ਰਹਿ ਕੇ ਗੋਲੂ ਪਹਿਲਵਾਨ ਦੀ ਦੇਖ-ਰੇਖ ਹੇਠ ਲਗਾਤਾਰ ਅਭਿਆਸ ਕਰਦਾ ਆ ਰਿਹਾ ਹੈ, ਜਿਸ ਵਿੱਚ ਉਸ ਦੇ ਪਿਤਾ ਕੁਲਤਾਰ ਪਹਿਲਵਾਨ ਤੇ ਮਾਤਾ ਭਰਪੂਰ ਯੋਗਦਾਨ ਹੈ।
ਪਿਤਾ ਤੇ ਮਾਤਾ ਵੱਲੋਂ ਵੀ ਆਪਣੇ ਪੁੱਤਰ ਦੀ ਇਸ ਉਪਲਬਧੀ ‘ਤੇ ਸਾਰਿਆਂ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ। ਇਸ ਮੌਕੇ ਕੁਲਤਾਰ ਪਹਿਲਵਾਨ ਨੇ ਦੱਸਿਆ ਕਿ ਅਖਾੜਾ ਮੁੱਲਾਂਪੁਰ ਗਰੀਬਦਾਸ ਦੇ ਸੰਚਾਲਕ ਗੋਲੂ ਪਹਿਲਵਾਨ ਦੀ ਸਰਪ੍ਰਸਤੀ ਹੇਠ ਇਲਾਕੇ ਦੇ ਨੌਜਵਾਨਾਂ ਨੂੰ ਵਿਦੇਸ਼ਾਂ ਦੇ ਕੋਚ ਸਿਖਲਾਈ ਦੇ ਰਹੇ ਹਨ। ਸਾਰਾ ਖਰਚਾ ਆਪਣੇ ਪੱਲਿਉਂ ਕੀਤਾ ਜਾ ਰਿਹਾ ਹੈ। ਇੱਕ ਲੱਖ ਰੁਪਏ ਤੋਂ ਵੱਧ ਵਿਦੇਸ਼ੀ ਕੋਚ ਦੀ ਤਨਖਾਹ ਹੈ। ਉਹ ਵੀ ਸਭ ਰਵੀ ਸ਼ਰਮਾ ਅਤੇ ਗੋਲੂ ਪਹਿਲਵਾਨ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪੂਰੀ ਕੀਤੀ ਜਾਂਦੀ ਹੈ। ਉਨ੍ਹਾਂ ਵੱਲੋਂ ਹਮੇਸ਼ਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਸ ਤਰ੍ਹਾਂ ਦੇ ਪਹਿਲਵਾਨਾਂ ਨੂੰ ਇਸ ਅਖਾੜੇ ਵਿੱਚ ਤਿਆਰ ਕੀਤਾ ਜਾਂਦਾ ਹੈ, ਸਰਕਾਰ ਵੱਲੋਂ ਉਨ੍ਹਾਂ ਨੂੰ ਬਣਦਾ ਸਤਿਕਾਰ ਤੇ ਸਹਿਯੋਗ ਨਹੀਂ ਮਿਲਦਾ। ਕਿਉਂਕਿ ਸਭ ਤੋਂ ਵੱਧ ਪਹਿਲਵਾਨਾਂ ਦੀ ਖੁਰਾਕ ਤੇ ਹੋਰ ਫੁੱਟਕਲ ਖਰਚੇ ਹਨ ਜੋ ਹਰੇਕ ਪਹਿਲਵਾਨ ਸ਼ਾਇਦ ਪੂਰਾ ਨਾ ਕਰ ਸਕਦਾ ਹੋਵੇ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਅਖਾੜੇ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅੰਬਿਕਾ ਸ਼ਰਮਾ, ਸ਼ੇਰ ਸਿੰਘ ਮੱਲ, ਧਰਮਿੰਦਰ ਸਿੰਘ ਮੁੱਲਾਂਪੁਰ, ਸਿਤਾਰ ਮੁਹੰਮਦ, ਹੈਪੀ ਮਹਿਰੌਲੀ, ਬਲਵਿੰਦਰ ਸਿੰਘ ਸਿਸਵਾਂ, ਸੌਦਾਗਰ ਸਿੰਘ ਹੁਸ਼ਿਆਰਪੁਰ, ਗੋਲਡੀ ਪੜੌਲ ਤੋਂ ਇਲਾਵਾ ਜਸਪੂਰਨ ਦੇ ਮਾਤਾ ਤੇ ਨਾਨੀ ਜੀ ਵੀ ਹਾਜ਼ਰ ਸਨ।