ਕੈਸ਼ੀਅਰ ਵਿਮਲ ਗਰਗ ਦੀ ਸੇਵਾ ਮੁਕਤੀ ‘ਤੇ ਵਿਸ਼ੇਸ਼
ਚੰਡੀਗੜ੍ਹ 29 ਜੂਨ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਅੱਜ ਦੇ ਰੁਝੇਵਿਆਂ ਭਰੇ ਜੁੱਗ ਅੰਦਰ ਮੁਲਾਜਮਾਂ ਨੂੰ ਨੌਕਰੀ ਵੇਲੇ ਸਮੇਂ ਸਿਰ ਆਉਣਾ ਤੇ ਜਾਣਾ ਵੱਡੀ ਦਿੱਕਤ ਲੱਗਦੀ ਹੈ, ਕਿਉਂਕਿ ਪਰਿਵਾਰ ਦੀਆਂ ਜਿੰਮੇਵਾਰੀਆਂ ਅਤੇ ਹੋਰ ਕੰਮਕਾਰ ਮੁਲਾਜ਼ਮਾਂ ਲਈ ਦਿੱਕਤ ਖੜੀ ਕਰ ਦਿੰਦੇ ਹਨ। ਜੇਕਰ ਸਰਕਾਰੀ ਨੌਕਰੀ ਹੋਵੇ ਫਿਰ ਹੋਰ ਵੀ ਜ਼ਿਆਦਾ ਪਰੇਸ਼ਾਨੀ ਆਉਂਦੀ ਹੈ। ਅਕਸਰ ਹੀ ਸਰਕਾਰੀ ਮੁਲਾਜ਼ਮਾਂ ‘ਤੇ ਦੋਸ਼ ਲੱਗਦਾ ਹੈ ਕਿ ਉਹ ਆਪਣੇ ਕੰਮ ਪ੍ਰਤੀ ਵਫਾਦਾਰ ਨਹੀਂ ਹੁੰਦੇ, ਪਰ ਉਪਰੋਕਤ ਸਾਰੀਆਂ ਗੱਲਾਂ ਨੂੰ ਨਕਾਰਦਿਆਾਂ ਕੈਸ਼ੀਅਰ ਵਿਮਲ ਗਰਗ ਇੱਕ ਅਜਿਹੇ ਸ਼ਖਸ ਹਨ ਜੋ ਸਿਰਫ ਆਪਣੇ ਕੰਮ ਨੂੰ ਹੀ ਪੂਜਾ ਮੰਨਦੇ ਹਨ। ਗਰਗ ਨੇ 37 ਸਾਲ ਪੰਜ ਮਹੀਨੇ 21 ਦਿਨ ਬੈਂਕ ਵਿਚ ਹੈਡ ਕੈਸ਼ੀਅਰ ਦੇ ਤੌਰ ‘ਤੇ ਸਰਕਾਰੀ ਸਰਵਿਸ ਕੀਤੀ ਹੈ। ਵਿਮਲ ਗਰਗ ਐਸਬੀਆਈ ਬੈਂਕ ਵਿੱਚ ਹੈਡ ਕੈਸ਼ਅਰ ਕੰਮ ਕਰਦੇ ਰਹੇ। ਐਸਬੀਆਈ ਬੈਂਕ ਪਹਿਲਾਂ ਸਟੇਟ ਬੈਂਕ ਆਫ ਪਟਿਆਲਾ ਹੁੰਦਾ ਸੀ, ਹੁਣ ਸਟੇਟ ਬੈਂਕ ਆਫ ਇੰਡੀਆ ਵਿਚ ਪੂਰੀ ਇਮਾਨਦਾਰੀ ਨਾਲ ਕੰਮ ਕੀਤਾ ਹੈ।
ਇਹਨਾਂ 37 ਸਾਲਾਂ ਵਿੱਚ ਕਈ ਬੈਂਕਾਂ ਵਿੱਚ ਗਰਗ ਨੂੰ ਕੰਮ ਕਰਨ ਦਾ ਮੌਕਾ ਮਿਲਿਆ ਹੈ ਤੇ ਕਦੇ ਵੀ ਆਪਣੇ ਕੰਮ ਪ੍ਰਤੀ ਅਣਗਹਿਲੀ ਨਹੀਂ ਵਰਤੀ। ਮਿਤੀ 30/6/ 1964 ਨੂੰ ਸਵਰਗਵਾਸੀ ਪਿਤਾ ਕੇਵਲ ਰਾਮ ਅਤੇ ਸਵਰਗਵਾਸੀ ਮਾਤਾ ਕਮਲਾ ਦੇਵੀ ਦੇ ਘਰ ਜਨਮੇ ਵਿਮਲ ਗਰਗ ਨੇ 19/1/1987 ਨੂੰ ਨੌਕਰੀ ਜੁਆਇਨ ਕੀਤੀ ਸੀ। ਗਰਗ ਨੇ ਬੀਐਸਸੀ ਨਾਨ ਮੈਡੀਕਲ ਦੀ ਪੜ੍ਹਾਈ ਕੀਤੀ ਹੋਈ ਹੈ। ਇਸ ਲੰਮੇ ਸਫਰ ਦੌਰਾਨ ਗਰਗ ਨੂੰ ਕਈ ਕਠਿਨਾਈਆਂ ਦਾ ਸਾਹਮਣਾ ਵੀ ਕਰਨਾ ਪਿਆ, ਕਿਉਂਕਿ ਵੱਡੀ ਬੈਂਕ ਹੋਣ ਕਰਕੇ ਕੰਮ ਵੀ ਵੱਡਾ ਹੁੰਦਾ ਸੀ। ਪਰਿਵਾਰ ਦੀਆਂ ਜ਼ਿੰਮੇਵਾਰੀਆਂ ਦੇ ਨਾਲ – ਨਾਲ ਸਮਾਜਿਕ ਜ਼ਿੰਮੇਵਾਰੀਆਂ ਨੂੰ ਵੀ ਨਾਲ ਨਾਲ ਨਿਭਾਇਆ ਹੈ।
ਧਾਰਮਿਕ ਤੇ ਖੁਸ਼ ਤਬੀਅਤ ਵਾਲੇ ਗਰਗ ਨੇ ਦੱਸਿਆ ਹੈ ਕਿ ਸਾਡੇ ਕੋਲ ਹਰ ਤਰ੍ਹਾਂ ਦੇ ਖਾਤਾਧਾਰਕ ਆਉਂਦੇ ਹਨ ਅਤੇ ਹਰ ਇੱਕ ਬੰਦੇ ਦਾ ਰਵੱਈਆ ਆਪਣਾ ਹੁੰਦਾ ਹੈ। ਕਈ ਵਾਰੀ ਸਾਨੂੰ ਉਹ ਕੌੜਾ ਵੀ ਬੋਲ ਦਿੰਦੇ ਹਨ, ਪਰ ਅਸੀਂ ਕਦੇ ਵੀ ਉਹਨਾਂ ਦਾ ਬੁਰਾ ਨਹੀਂ ਮਨਾਈਦਾ, ਕਿਉਂਕਿ ਸਾਡੇ ਨਾਲ ਸਿਰਫ ਪੈਸੇ ਵਾਲਿਆਂ ਦਾ ਹੀ ਵਾਹ ਪੈਂਦਾ ਹੁੰਦਾ ਹੈ ਅਤੇ ਪੈਸਾ ਹੀ ਜ਼ਰੂਰੀ ਹੁੰਦਾ ਹੈ। ਇਹਨਾਂ ਦੱਸਿਆ ਕਿ ਜੇਕਰ ਅਸੀਂ ਇਕੱਲੇ-ਇਕੱਲੇ ਨਾਲ ਲੜਨ ਲੱਗੇ ਤਾਂ ਲੋਕਾਂ ਦਾ ਸਰਕਾਰੀ ਅਦਾਰਿਆਂ ਤੋਂ ਵਿਸ਼ਵਾਸ਼ ਉੱਠ ਸਕਦਾ ਹੈ। ਇਸ ਕਰਕੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਾਡੇ ਕੋਲ ਜਿਹੜਾ ਵੀ ਆਵੇ ਉਹ ਖੁਸ਼ੀ ਖੁਸ਼ੀ ਆਪਣਾ ਕੰਮ ਕਰਾ ਕੇ ਜਾਵੇ। ਵਿਮਲ ਗਰਗ ਅੱਜ ਸਿਆਲਬਾ ਬਰਾਂਚ ਤੋਂ ਸੇਵਾ ਮੁਕਤੀ ਲੈ ਰਹੇ ਹਨ।
ਇਸ ਮੌਕੇ ਸਿਆਲਬਾ ਬਰਾਂਚ ਦੇ ਮੈਨੇਜਰ ਸਰਤਾਜ ਸਿੰਘ ਨੇ ਦੱਸਿਆ ਕਿ ਕੈਸ਼ੀਅਰ ਵਿਮਲ ਗਰਗ ਦਾ ਰਵੱਈਆ ਸਾਰੇ ਮੁਲਾਜ਼ਮਾਂ ਪ੍ਰਤੀ ਪਿਆਰ ਅਤੇ ਆਪਣਾਪਣ ਵਾਲਾ ਸੀ। ਸਾਨੂੰ ਜਿੱਥੇ ਉਹਨਾਂ ਦੀ ਬੇਦਾਗ ਸਰਵਿਸ ‘ਤੇ ਮਾਣ ਅਤੇ ਖੁਸ਼ੀ ਹੋ ਰਹੀ ਹੈ, ਉਥੇ ਸਾਨੂੰ ਦੁੱਖ ਵੀ ਹੋ ਰਿਹਾ ਹੈ ਕਿ ਵਿਮਲ ਜੀ ਵਰਗੇ ਇਮਾਨਦਾਰ ਕੈਸ਼ੀਅਰ ਸਾਡੇ ਕੋਲੋਂ ਜਾ ਰਹੇ ਹਨ। ਮੈਨੇਜਰ ਨੇ ਇਹਨਾਂ ਦੀ ਸਿਹਤਯਾਬੀ ਦੀ ਕਾਮਨਾ ਕਰਦੇ ਹੋਏ ਕਿਹਾ ਕਿ ਸਾਨੂੰ ਵਿਮਲ ਜੀ ਕੋਲੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਅਤੇ ਅੱਗੇ ਤੋਂ ਵੀ ਅਸੀਂ ਆਸ ਰੱਖਦੇ ਹਾਂ ਇਹ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਕੋਲ ਜ਼ਰੂਰ ਆਉਣਗੇ। ਇਸ ਮੌਕੇ ਵਿਮਲ ਗਰਗ ਦੇ ਪਰਿਵਾਰ ਵਿੱਚ ਉਹਨਾਂ ਦੀ ਪਤਨੀ ਤੋਂ ਇਲਾਵਾ ਦੋ ਬੇਟੇ ਹਨ ਜੋ ਕੁਰਾਲੀ ਵਿਖੇ ਰਹਿ ਰਹੇ ਹਨ। ਅਦਾਰਾ ਸੁਰ ਸਾਂਝ ਡਾਟ ਕਾਮ ਵੱਲੋਂ ਵੀ ਵਿਮਲ ਗਰਗ ਨੂੰ ਸੇਵਾ ਮੁਕਤੀ ‘ਤੇ ਬਹੁਤ ਬਹੁਤ ਵਧਾਈ ਪੇਸ਼ ਕੀਤੀ ਗਈ।