ਕੌਂਸਲ ਮੋਰਿੰਡਾ ਵੱਲੋਂ ਸੁਰਜੀਤ ਪਾਤਰ ਨੂੰ ਸਮਰਪਿਤ ਸਮਾਗਮ ਕਰਵਾਇਆ
ਮੋਰਿੰਡਾ 29 ਜੂਨ (ਸੁਖਵਿੰਦਰ ਸਿੰਘ ਹੈਪੀ-ਸੁਰ ਸਾਂਝ ਡਾਟ ਕਾਮ ਬਿਊਰੋ):
ਸੀਨੀਅਰ ਸਿਟੀਜਨ ਕੌਂਸਲ ਮੋਰਿੰਡਾ ਵੱਲੋਂ, ਸਥਾਨਕ ਖਾਲਸਾ ਗਰਲਜ ਕਾਲਜ ਮੋਰਿੰਡਾ ਵਿਖੇ, ਸਵਰਗੀ ਸੁਰਜੀਤ ਪਾਤਰ ਦੀ ਯਾਦ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਕੌਸਲ ਦੇ ਪ੍ਰਧਾਨ ਅਮਰਜੀਤ ਸਿੰਘ ਕੰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਗਮ ਵਿੱਚ ਇਲਾਕੇ ਦੀ ਨਾਮਵਰ ਸ਼ਖਸ਼ੀਅਤ ਮਾਸਟਰ, ਲੇਖਕ ਅਤੇ ਰੰਗਮੰਚ ਕਰਮੀ ਤੇਜਿੰਦਰ ਸਿੰਘ “ਬਾਜ” ਨੇ ਪਾਤਰ ਜੀ ਦੀ ਜੀਵਨੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੇ 09 ਕਾਵਿ ਸੰਗ੍ਰਹਿ, ਕਈ ਕਿਤਾਬਾਂ ਦੇ ਅਨੁਵਾਦ, ਵਾਰਤਿਕ ਅਤੇ ਸ਼ਹੀਦ ਊਧਮ ਸਿੰਘ ਫਿਲਮ ਦੇ ਡਾਇਲਾਗ ਲਿਖੇ।
ਉਹਨਾਂ ਨੇ ਆਪਣੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਸ਼ੁਰੂ ਕਰਨ ਉਪਰੰਤ ਦਸਵੀਂ ਜਮਾਤ ਖਾਲਸਾ ਹਾਈ ਸਕੂਲ ਖਹਿਰਾ ਮੱਝਾ, ਸਰਕਾਰੀ ਕਾਲਜ ਕਪੂਰਥਲਾ ਤੋਂ ਬੀ. ਏ., ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ. ਏ.( ਪੰਜਾਬੀ) ਅਤੇ ਪੀ ਐਚ ਡੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪਾਸ ਕੀਤੀ। ਉਹ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ ਅਤੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਵੀ ਰਹੇ। ਉਹਨਾਂ ਨੂੰ ਦੇਸ਼ ਵਿਦੇਸ਼ ਵਿੱਚ ਮਾਤ ਭਾਸ਼ਾ ਪੰਜਾਬੀ ਪ੍ਰੇਮੀਆਂ ਵੱਲੋਂ ਅਨੇਕਾਂ ਮਾਣ ਸਨਮਾਨਾਂ ਨਾਲ ਸਨਮਾਨਿਤ ਕੀਤਾ ਗਿਆ, ਜਿਹਨਾਂ ਵਿੱਚੋਂ ਸਹਿਤ ਅਕੈਡਮੀ ਪੁਰਸਕਾਰ, ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਕਵੀ ਸਨਮਾਨ ਅਤੇ ਪਦਮ ਸ਼੍ਰੀ ਅਵਾਰਡ – 2012 ਪ੍ਰਮੁੱਖ ਹਨ।
ਤੇਜਿੰਦਰ ਸਿੰਘ ਬਾਜ ਨੇ ਦੱਸਿਆ ਕਿ ਪਾਤਰ ਸਾਹਿਬ ਨੇ ਪੰਜਾਬੀ ਸਹਿਤ ਵਿੱਚ ਕ੍ਰਾਂਤੀ ਲਿਆਂਦੀ। ਉਹਨਾਂ ਮਕਬੂਲ ਨਾਟਕਾਂ ਨੂੰ ਪੰਜਾਬੀ ਵਿੱਚ ਲਿਖ ਕੇ ਪੰਜਾਬੀ ਸਾਹਿਤ ਨੂੰ ਦਿੱਤੇ ਅਤੇ ਉਹਨਾਂ ਆਪਣੇ ਰੰਗਲੇ ਪੰਜਾਬ ਨੂੰ ਹਰਾ ਭਰਾ ਰੱਖਣ ਲਈ ਕਵਿਤਾਵਾਂ ਰਾਹੀਂ ਮੰਗ ਕੀਤੀ। ਉਹਨਾਂ ਨੇ ਪੰਜਾਬੀ ਮਾਂ ਬੋਲੀ ਨੂੰ ਇੱਥੋਂ ਤੱਕ ਪ੍ਰਮੋਟ ਕਰ ਦਿੱਤਾ ਕਿ ਉਨ੍ਹਾਂ ਨੂੰ ਸਦੀ ਦਾ ਸਟਾਰ ਲੇਖਕ ਮੰਨਿਆ ਜਾ ਰਿਹਾ ਹੈ।
ਸਮਾਗਮ ਦੇ ਅਖੀਰ ਵਿੱਚ ਜਿਹੜੇ ਮੈਂਬਰਾਂ ਦੇ ਜਨਮ ਦਿਨ ਮਈ ਜੂਨ ਮਹੀਨੇ ਵਿੱਚ ਆਉਂਦੇ ਹਨ, ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਕਰਨਲ ਮਲਕੀਤ ਸਿੰਘ ਅਤੇ ਪ੍ਰੋਫੈਸਰ ਰਮੇਸ਼ ਕੁਮਾਰ ਢੰਡ ਵੱਲੋਂ ਮੈਂਬਰਾਂ ਨੂੰ ਘੱਟੋ-ਘੱਟ ਦੋ ਰੁੱਖ ਲਗਾਉਣ ਦੀ ਅਪੀਲ ਕੀਤੀ ਗਈ ਅਤੇ ਆਏ ਮੈਬਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕਾਰਜਕਾਰਨੀ ਮੈਂਬਰ ਗੁਰਦੇਵ ਸਿੰਘ ਤੂਰ, ਪ੍ਰਮਾਤਮਾ ਸਿੰਘ ਢੀਂਡਸਾ, ਹਰਮਿੰਦਰ ਸਿੰਘ ਸਿੱਧੂ, ਜਗਦੀਸ਼ ਕੁਮਾਰ ਵਰਮਾ, ਸੇਵਾ ਮੁਕਤ ਇੰਸਪੈਕਟਰ ਦਵਿੰਦਰ ਸਿੰਘ ਅਤੇ ਦੂਜੇ ਮੈਂਬਰ ਹਾਜ਼ਰ ਸਨ।