ਖੇਤੀਬਾੜੀ ਸਿੱਖਿਆ ਕੌਂਸਲ ਨੇ ਵਿਦਿਆਰਥੀਆਂ ਨੂੰ ਗ਼ੈਰ-ਮਾਨਤਾ ਪ੍ਰਾਪਤ ਸੰਸਥਾਵਾਂ ਵਿੱਚ ਦਾਖ਼ਲਾ ਲੈਣ ਤੋਂ ਸੁਚੇਤ ਕੀਤਾ
ਨਿਯਮ ਤੇ ਸ਼ਰਤਾਂ ਨੂੰ ਪੂਰਾ ਕਰਦੀਆਂ 15 ਸੰਸਥਾਵਾਂ ਦੀ ਸੂਚੀ ਕੀਤੀ ਜਾਰੀ
ਇਸ ਕਦਮ ਦਾ ਉਦੇਸ਼ ਵਿਦਿਆਰਥੀਆਂ ਨੂੰ ਬੇਲੋੜੀ ਖੱਜਲ-ਖੁਆਰੀ ਤੋਂ ਬਚਾਉਣਾ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 29 ਜੂਨ:
ਵਿਦਿਆਰਥੀਆਂ ਨੂੰ ਗ਼ੈਰ-ਮਾਨਤਾ ਪ੍ਰਾਪਤ ਸੰਸਥਾਵਾਂ ਦੇ ਸ਼ੋਸ਼ਣ ਤੋਂ ਬਚਾਉਣ ਲਈ ਪੰਜਾਬ ਸਟੇਟ ਕੌਂਸਲ ਫਾਰ ਐਗਰੀਕਲਚਰਲ ਐਜੂਕੇਸ਼ਨ (ਪੀ.ਐਸ.ਸੀ. ਏ. ਈ.), ਜੋ ਖੇਤੀਬਾੜੀ ਸਿੱਖਿਆ ਸਬੰਧੀ ਨਿਗਰਾਨ ਬਾਡੀ ਹੈ, ਨੇ ਵਿਦਿਆਰਥੀਆਂ ਨੂੰ ਉਨ੍ਹਾਂ ਸੰਸਥਾਵਾਂ ਵਿੱਚ ਦਾਖਲਾ ਲੈਣ ਤੋਂ ਸੁਚੇਤ ਕੀਤਾ ਹੈ ਜੋ ਕੌਂਸਲ ਦੁਆਰਾ ਨਿਰਧਾਰਤ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੀਆਂ।
ਬੀ.ਐਸਸੀ (ਆਨਰਜ਼) ਐਗਰੀਕਲਚਰ ਸਬੰਧੀ ਕੌਂਸਲ ਦੁਆਰਾ ਨਿਰਧਾਰਤ ਮਾਪਦੰਡਾਂ ਨੂੰ ਪੂਰਾ ਕਰਦੀਆਂ 15 ਸਿੱਖਿਆ ਸੰਸਥਾਵਾਂ ਦੀ ਸੂਚੀ ਜਾਰੀ ਕਰਦਿਆਂ ਪੰਜਾਬ ਸਟੇਟ ਕੌਂਸਲ ਫਾਰ ਐਗਰੀਕਲਚਰਲ ਐਜੂਕੇਸ਼ਨ, ਜਿਸ ਦੀ ਅਗਵਾਈ ਵਿਸ਼ੇਸ਼ ਮੁੱਖ ਸਕੱਤਰ (ਖੇਤੀਬਾੜੀ) ਸ੍ਰੀ ਕੇ.ਏ.ਪੀ. ਸਿਨਹਾ ਕਰ ਰਹੇ ਹਨ, ਨੇ ਕਿਹਾ ਕਿ ਵਿਦਿਆਰਥੀ ਉਨ੍ਹਾਂ ਖੇਤੀਬਾੜੀ ਸੰਸਥਾਵਾਂ ਵਿੱਚ ਦਾਖਲਾ ਲੈਣ ਤੋਂ ਗੁਰੇਜ਼ ਕਰਨ, ਜਿਨ੍ਹਾਂ ਨੂੰ ਕੌਂਸਲ ਵੱਲੋਂ ਮਾਨਤਾ ਨਹੀਂ ਦਿੱਤੀ ਗਈ। ਪੀ.ਐਸ.ਸੀ.ਏ.ਈ. ਦੀ ਪ੍ਰਵਾਨਗੀ ਤੋਂ ਬਗ਼ੈਰ ਕੋਰਸ ਚਲਾਉਣ ਵਾਲੀਆਂ ਅਜਿਹੀਆਂ ਸੰਸਥਾਵਾਂ ਦੁਆਰਾ ਜਾਰੀ ਕੀਤੀਆਂ ਡਿਗਰੀਆਂ/ਡਿਪਲੋਮੇ/ਸਰਟੀਫਿਕੇਟਾਂ ਨੂੰ ਸੂਬੇ ਦੀਆਂ ਉੱਚ ਵਿਦਿਅਕ ਸੰਸਥਾਵਾਂ ਵਿੱਚ ਦਾਖਲੇ ਅਤੇ ਸਰਕਾਰੀ ਸੇਵਾਵਾਂ ਲਈ ਯੋਗ ਨਹੀਂ ਮੰਨਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਪੰਜਾਬ ਸਟੇਟ ਕੌਂਸਲ ਫਾਰ ਐਗਰੀਕਲਚਰਲ ਐਜੂਕੇਸ਼ਨ ਐਕਟ (2017) 2 ਜਨਵਰੀ, 2018 ਨੂੰ ਨੋਟੀਫਾਈ ਕੀਤਾ ਗਿਆ ਸੀ, ਜਿਸ ਉਪਰੰਤ ਖੇਤੀਬਾੜੀ ਸਿੱਖਿਆ ਨਾਲ ਸਬੰਧਤ ਕੋਰਸਾਂ ਦੀ ਪੇਸ਼ਕਸ਼ ਕਰਨ ਵਾਲੀਆਂ ਸਾਰੀਆਂ ਸੰਸਥਾਵਾਂ ਵੱਲੋਂ ਐਕਟ ਦੇ ਲਾਗੂਕਰਨ ਦੀ ਮਿਤੀ ਤੋਂ ਦੋ ਸਾਲਾਂ ਦੇ ਅੰਦਰ-ਅੰਦਰ ਕੌਂਸਲ ਦੀ ਪ੍ਰਵਾਨਗੀ ਲੈਣ ਵਾਸਤੇ ਐਫਲੀਏਸ਼ਨ, ਦਾਖਲੇ, ਪਾਠਕ੍ਰਮ, ਸਟਾਫ਼ ਆਦਿ ਦੇ ਸਬੰਧ ਵਿੱਚ ਕੌਂਸਲ ਨੂੰ 30 ਦਿਨ ਦੇ ਅੰਦਰ ਸਟੇਟਸ ਰਿਪੋਰਟ ਅਤੇ ਛੇ ਮਹੀਨਿਆਂ ਦੇ ਅੰਦਰ ਕੰਪਲਾਇੰਸ ਰਿਪੋਰਟ ਦੇਣਾ ਲਾਜ਼ਮੀ ਸੀ।
ਇੱਕ ਜਨਤਕ ਨੋਟਿਸ ਜਾਰੀ ਕਰਦਿਆਂ ਕੌਂਸਲ ਨੇ ਖੇਤੀਬਾੜੀ ਸਿੱਖਿਆ ਵਿੱਚ ਡਿਗਰੀ, ਡਿਪਲੋਮਾ ਅਤੇ ਸਰਟੀਫਿਕੇਟ ਕੋਰਸ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਦਾਖ਼ਲਾ ਲੈਣ ਤੋਂ ਪਹਿਲਾਂ ਸਮੇਂ-ਸਮੇਂ ‘ਤੇ ਵੈੱਬਸਾਈਟ www.agri.punjab.gov.in ਉਤੇ ਜਾ ਕੇ ਕੌਂਸਲ ਦੁਆਰਾ ਨਿਰਧਾਰਤ ਘੱਟੋ-ਘੱਟ ਮਾਪਦੰਡਾਂ ਨੂੰ ਪੂਰਾ ਕਰਦੀਆਂ ਸੰਸਥਾਵਾਂ ਦੀ ਸੂਚੀ ਜ਼ਰੂਰ ਚੈੱਕ ਕਰਨ।
ਡੱਬੀ
ਕੌਂਸਲ ਵੱਲੋਂ ਨਿਰਧਾਰਤ ਮਾਪਦੰਡਾਂ ਨੂੰ ਪੂਰਾ ਕਰਦੀਆਂ 15 ਸੰਸਥਾਵਾਂ :
1. ਖਾਲਸਾ ਕਾਲਜ, ਜੀ.ਟੀ. ਰੋਡ, ਅੰਮ੍ਰਿਤਸਰ
2. ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ, ਬਠਿੰਡਾ
3. ਮਾਤਾ ਗੁਜਰੀ ਕਾਲਜ, ਫਤਹਿਗੜ੍ਹ ਸਾਹਿਬ
4. ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ
5. ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਪਿੰਡ ਖਿਆਲਾ, ਜਲੰਧਰ
6. ਖਾਲਸਾ ਕਾਲਜ, ਪਟਿਆਲਾ
7. ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ
8. ਭਾਈ ਗੁਰਦਾਸ ਡਿਗਰੀ ਕਾਲਜ, ਸੰਗਰੂਰ
9. ਜੈਨ ਕਾਲਜ ਆਫ ਫਾਰਮੇਸੀ, ਫਾਜ਼ਿਲਕਾ
10. ਡੀ.ਏ.ਵੀ. ਯੂਨੀਵਰਸਿਟੀ, ਜਲੰਧਰ
11. ਆਰ.ਆਈ.ਐਮ.ਟੀ. ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ, ਫਤਿਹਗੜ੍ਹ ਸਾਹਿਬ
12. ਸਵਾਮੀ ਸਰਵਾਨੰਦ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ, ਦੀਨਾਨਗਰ, ਗੁਰਦਾਸਪੁਰ
13. ਬਾਬਾ ਫਰੀਦ ਕਾਲਜ, ਮੁਕਤਸਰ ਰੋਡ, ਬਠਿੰਡਾ
14. ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ, (ਮੋਹਾਲੀ)
15. ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਫਗਵਾੜਾ
ਡੱਬੀ
60 ਵਿਦਿਆਰਥੀਆਂ ਦੇ ਬੈਚ ਲਈ ਬੀ.ਐਸਸੀ ਐਗਰੀਕਲਚਰ ਕੋਰਸ ਲਈ ਨਿਰਧਾਰਤ ਮਾਪਦੰਡਾਂ ਦਾ ਵੇਰਵਾ
1. 32 ਪ੍ਰੋਫੈਸਰ/ਐਸੋਸੀਏਟ ਪ੍ਰੋਫੈਸਰ/ਸਹਾਇਕ ਪ੍ਰੋਫੈਸਰ
2. 40 ਏਕੜ ਖੇਤੀਯੋਗ ਜ਼ਮੀਨ (ਮਾਲਕੀ ਜਾਂ 33 ਸਾਲਾਂ ਲਈ ਲੀਜ਼ ਉਤੇ)
3. ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਲੈਬਾਟਰੀਆਂ
4. ਨਾਨ-ਟੀਚਿੰਗ ਸਟਾਫ