ਕਿਥੇ ਜੀ ! ਸਰਕਾਰੀ ਰੇਤਾ? ਆਮ ਲੋਕਾਂ ਲਈ ਬਣਿਆ ਸੀ ਸਰਕਾਰੀ ਡਿੱਪੂ
ਚੰਡੀਗੜ੍ਹ 30 ਜੂਨ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਜਿੱਥੇ ਹੋਰ ਵੱਡੇ ਵੱਡੇ ਵਾਅਦੇ ਕੀਤੇ ਸਨ, ਉਥੇ ਹੀ ਉਹਨਾਂ ਵਾਅਦਿਆਂ ਵਿੱਚ ਇੱਕ ਸਸਤਾ ਰੇਤਾ ਬਜਰੀ ਦਾ ਵੀ ਵੱਡਾ ਵਾਅਦਾ ਸੀ, ਕਿਉਂਕਿ ਮਹਿੰਗੇ ਰੇਤੇ ਬਜਰੀ ਕਰਕੇ ਆਮ ਲੋਕਾਂ ਲਈ ਘਰ ਬਣਾਉਣਾ ਸੁਫਨੇ ਵਾਂਗ ਹੋ ਗਿਆ ਸੀ। ਸਰਕਾਰ ਬਣਨ ਤੋਂ ਕੁਝ ਦੇਰ ਬਾਅਦ ਹੀ ਪੰਜਾਬ ਸਰਕਾਰ ਵੱਲੋਂ ਬਲਾਕ ਮਾਜਰੀ ਦੇ ਪਿੰਡ ਹੁਸ਼ਿਆਰਪੁਰ, ਜੋ ਨਿਊ ਚੰਡੀਗੜ੍ਹ ਦੇ ਇੱਕੋ ਸਿਟੀ ਦੋ ਦੇ ਵਿੱਚ ਹੈ, ਵੱਡੇ ਪੱਧਰ ਤੇ ਸਰਕਾਰੀ ਰੇਤੇ ਦਾ ਡੀਪੂ ਖੋਲਿਆ ਗਿਆ ਸੀ ਤਾਂ ਜੋ ਇਹ ਰੇਤਾ ਬਜਰੀ ਆਮ ਲੋਕਾਂ ਨੂੰ ਸਸਤਾ ਮਿਲ ਸਕੇ। ਉਸ ਸਮੇਂ ਦੇ ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਪੂਰੇ ਲਾਮ ਲਸ਼ਕਰ ਨਾਲ ਪਿੰਡ ਹੁਸ਼ਿਆਰਪੁਰ ਦੇ ਇੱਕੋ ਸਿਟੀ ਟੂ ਵਿੱਚ ਪਹਿਲੇ ਸਰਕਾਰੀ ਰੇਤੇ ਦੇ ਡੀਪੂ ਦਾ ਉਦਘਾਟਨ ਕਰਨਾ ਆਏ ਸੀ ਤੇ ਮੰਤਰੀ ਹੋਰਾਂ ਵੱਲੋਂ ਕਿਹਾ ਗਿਆ ਸੀ ਕਿ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਰੇਤੇ ਦੇ ਰੇਟ ਬਹੁਤ ਵਧਾਏ ਗਏ ਹਨ।
ਸਰਕਾਰ ਵੱਲੋਂ ਮਾਈਨਿੰਗ ਪਾਲਿਸੀ ਅਧੀਨ ਸਾਰੇ ਪੰਜਾਬ ਵਿੱਚ ਸਸਤੇ ਰੇਤੇ ਬਜਰੀ ਦੇ ਡੀਪੂ ਖੋਲ੍ਹੇ ਜਾਣਗੇ, ਪਰ ਹੈਰਾਨੀ ਵਾਲੀ ਗੱਲ ਹੈ ਕਿ ਇਹ ਰੇਤਾ ਆਮ ਲੋਕਾਂ ਦੇ ਕਿਸੇ ਵੀ ਕੰਮ ਨਹੀਂ ਆਇਆ। ਇਹ ਰੇਤਾ ਜੋ ਵੱਡੇ ਵੱਡੇ ਢੇਰ ਲੱਗੇ ਹੋਏ ਸਨ, ਪਿਛਲੇ ਦਿਨਾਂ ਤੋਂ ਇਥੋਂ ਗਾਇਬ ਹੋ ਗਿਆ ਹੈ। ਇਹ ਰੇਤਾ ਰਾਤੋ ਰਾਤ ਕਿੱਥੇ ਚਲ ਗਿਆ, ਇਸ ਬਾਰੇ ਕਿਸੇ ਨੂੰ ਵੀ ਨਹੀਂ ਪਤਾ। ਅੱਜ ਦੇਖਣ ਤੋਂ ਸਾਹਮਣੇ ਆਇਆ ਹੈ ਕਿ ਜਿੱਥੇ ਇਹ ਰੇਤੇ ਦੇ ਢੇਰ ਲੱਗੇ ਹੋਏ ਸਨ, ਉਹ ਜਗ੍ਹਾ ਬਿਲਕੁਲ ਸਾਫ ਹੋ ਚੁੱਕੀ ਹੈ। ਇਲਾਕੇ ਦੇ ਸੀਨੀਅਰ ਆਗੂ ਹਰਨੇਕ ਸਿੰਘ ਤਕੀਪੁਰ, ਬਾਬਾ ਰਾਮ ਸਿੰਘ ਮਾਣਕਪੁਰ, ਸ਼ਰੀਫ ਸਾਬਕਾ ਸਰਪੰਚ ਸੌਦਾਗਰ ਸਿੰਘ ਹੁਸ਼ਿਆਰਪੁਰ ਅਤੇ ਹੋਰ ਇਲਾਕੇ ਦੇ ਲੋਕਾਂ ਨੇ ਕਿਹਾ ਕਿ ਬੇਸ਼ੱਕ ਇਹ ਰੇਤਾ ਆਮ ਲੋਕਾਂ ਲਈ ਰੱਖਿਆ ਗਿਆ ਸੀ, ਪਰ ਇਹ ਰੇਤਾ ਕੋਈ ਬਹੁਤ ਵਧੀਆ ਨਹੀਂ ਸੀ, ਕਿਉਂਕਿ ਇਹ ਰੇਤਾ ਮਿਸਤਰੀਆਂ ਵੱਲੋਂ ਨਕਾਰਿਆ ਗਿਆ ਸੀ। ਕਿਉਂਕਿ ਇਹ ਰੇਤਾ ਨਾ ਚਿਣਾਈ ਵਾਸਤੇ ਵਧੀਆ ਸੀ ਅਤੇ ਨਾ ਹੀ ਲਪਾਈ ਵਾਸਤੇ ਵਧੀਆ ਸੀ। ਪਰ ਉਸ ਸਮੇਂ ਸਾਰੀ ਸਰਕਾਰ ਵਾਰ- ਵਾਰ ਇਹੋ ਗੱਲ ਕਹਿੰਦੀ ਰਹੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਵਾਸਤੇ ਹੈ ਅਤੇ ਲੋਕਾਂ ਨੂੰ ਮਹਿੰਗੇ ਰੇਤੇ ਬਜਰੀ ਤੋਂ ਨਿਜਾਤ ਦਵਾਈ ਜਾਵੇਗੀ। ਜਿਵੇਂ ਸਰਕਾਰ ਦੀ ਮਾਈਨਿੰਗ ਪਾਲਿਸੀ ਲਾਪਤਾ ਹੋ ਗਈ, ਉਸੇ ਤਰ੍ਹਾਂ ਇਥੇ ਸਰਕਾਰੀ ਰੇਤੇ ਦਾ ਪਹਿਲਾ ਡੀਪੂ ਵੀ ਲਾਪਤਾ ਹੋ ਗਿਆ। ਉਪਰੋਕਤ ਆਗੂਆ ਨੇ ਮੰਗ ਕੀਤੀ ਹੈ ਇਹ ਰੇਤਾ ਕਿੱਥੇ ਗਿਆ, ਕਿਸਦੀ ਸ਼ਹਿ ਤੇ ਚੱਕਿਆ ਗਿਆ, ਇਸ ਬਾਰੇ ਜ਼ਰੂਰ ਇਨਕੁਆਇਰੀ ਹੋਣੀ ਚਾਹੀਦੀ ਤਾਂ ਜੋ ਸਾਰਾ ਸੱਚ ਲੋਕਾਂ ਦੇ ਸਾਹਮਣੇ ਆ ਸਕੇ।