ਏਡੀਜੀਪੀ ਟਰੈਫਿਕ ਪੰਜਾਬ ਵੱਲੋਂ ਮਾਜਰਾ ਟੀ ਪੁਆਇੰਟ ਤੇ ਪੌਦੇ ਲਾਏ
ਚੰਡੀਗੜ੍ਹ 2 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਏ ਐੱਸ ਰਾਏ ਏਡੀਜੀਪੀ ਟਰੈਫਿਕ ਪੰਜਾਬ ਵੱਲੋਂ ਮਾਜਰਾ ਟੀ ਪੁਆਇੰਟ ਤੇ ਐੱਸ ਐੱਸ ਐੱਫ ਦੀ ਟੀਮ ਅਤੇ ਟ੍ਰੈਫਿਕ ਪੁਲਿਸ ਮੁੱਲਾਂਪੁਰ ਗਰੀਬਦਾਸ ਦੇ ਮੁਲਾਜ਼ਮਾਂ ਨਾਲ ਮਿਲ ਕੇ ਫਲਦਾਰ ਅਤੇ ਛਾਂਦਾਰ ਪੌਦੇ ਲਗਾਏ ਗਏ ਹਨ। ਇਸ ਤੋਂ ਇਲਾਵਾ ਐੱਸ ਐੱਸ ਪੀ ਗਗਨ ਅਜੀਤ ਸਿੰਘ ਅਤੇ ਡੀਐਸਪੀ ਮੈਡਮ ਰੁਪਿੰਦਰ ਸੋਹੀ ਵੱਲੋਂ ਵੀ ਪੌਦੇ ਲਗਾਏ ਗਏ। ਇਸ ਮੌਕੇ ਗੱਲਬਾਤ ਕਰਦਿਆਂ ਸ਼੍ਰੀ ਐੱਸ ਰਾਏ ਏਡੀਜੀਪੀ ਟਰੈਫਿਕ ਪੰਜਾਬ ਨੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਵਲੋਂ ਸ਼ੁਰੂ ਕੀਤੀ ਗਈ ਨਿਵੇਕਲੀ ਫੌਜ ਐਸਐਸਐਫ ਵੱਲੋਂ ਅੱਜ ਇਹ ਬੂਟੇ ਲਾਉਣ ਦਾ ਉਪਰਾਲਾ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਹ ਅੱਜ ਹੀ ਨਹੀਂ ਕਾਫੀ ਦਿਨਾਂ ਤੋਂ ਬੂਟੇ ਲਾਉਣ ਦੀ ਮੁਹਿਮ ਸ਼ੁਰੂ ਕੀਤੀ ਹੋਈ ਹੈ, ਜਿਸ ਤਹਿਤ ਹੁਣ ਤੱਕ 5 ਹਜ਼ਾਰ ਦੇ ਕਰੀਬ ਬੂਟੇ ਲਾ ਚੁੱਕੇ ਹਨ। ਉਨ੍ਹਾਂ ਉਸ ਉਪਰਾਲੇ ਲਈ ਐਸਐਸਪੀ, ਐਸਐਸਐਫ ਗਗਨਅਜੀਤ ਸਿੰਘ ਅਤੇ ਡੀਐਸਪੀ ਬੀਬਾ ਰੁਪਿੰਦਰ ਸੋਹੀ ਦੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿੱਥੇ ਪੰਜਾਬ ਦੇ ਵਿੱਚ ਐਸਐਸਐਫ ਸੜਕੀ ਹਾਦਸਿਆਂ ਵਿੱਚ ਜਾਨਾਂ ਬਚਾ ਕੇ ਲੋਕਾਂ ਲਈ ਮਦਦਗਾਰ ਸਿੱਧ ਹੋ ਰਹੀ ਹੈ, ਉੱਥੇ ਹੀ ਆਉਣ ਵਾਲੀਆਂ ਨਸਲਾਂ ਲਈ ਸਾਫ ਵਾਤਾਵਰਨ ਉਪਲਬਧ ਹੋਵੇ, ਅੱਛੀ ਹਵਾ ਉਪਲਬਧ ਹੋਵੇ, ਉਹਦੇ ਲਈ ਇਨ੍ਹਾਂ ਵੱਲੋਂ ਇਹ ਬੂਟੇ ਲਾ ਰਹੇ ਹਨ, ਜਿਸ ਨਾਲ ਵਾਤਾਵਰਨ ਨੂੰ ਸਾਂਭਿਆ ਜਾ ਸਕੇ।
ਉਨ੍ਹਾਂ ਲੋਕਾਂ ਅਤੇ ਖਾਸ ਕਰ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਖੇਤਾਂ ਵਿੱਚ ਬਚੀ ਰਹਿੰਦ ਖੂਹੰਦ ਨੂੰ ਅੱਗ ਨਾ ਲਗਾਈ ਜਾਵੇ। ਇਸ ਨਾਲ ਵੀ ਵਾਤਾਵਰਨ ਦੂਸ਼ਿਤ ਹੁੰਦਾ ਹੈ। ਉਨ੍ਹਾਂ ਪਾਣੀ ਦੀ ਬੱਚਤ ਕਰਨ ਲਈ ਵੀ ਲੋਕਾਂ ਨੂੰ ਅਪੀਲ ਕੀਤੀ। ਇਸ ਮੌਕੇ ਮੈਡਮ ਰੁਪਿੰਦਰ ਸੋਹੀ ਡੀ ਐੱਸ ਪੀ ਐੱਸ ਐੱਸ ਐੱਫ ਇੰਚਾਰਜ (ਲੁਧਿਆਣਾ, ਪਟਿਆਲਾ, ਰੋਪੜ੍ਹ) ਵੱਲੋਂ ਏ ਡੀ ਜੀ ਪੀ ਟ੍ਰੈਫਿਕ ਪੁਲਿਸ ਪੰਜਾਬ ਦੇ ਮਾਜਰਾ ਨਿਊ ਚੰਡੀਗੜ੍ਹ ਵਿਖੇ ਪੁੱਜਣ ਤੇ ਧੰਨਵਾਦ ਕੀਤਾ ਗਿਆ।
ਇਸ ਮੌਕੇ ਟ੍ਰੈਫਿਕ ਪੁਲਿਸ ਮੁੱਲਾਂਪੁਰ ਗਰੀਬਦਾਸ ਇੰਚਾਰਜ ਏ ਐੱਸ ਆਈ ਜਗੀਰ ਸਿੰਘ, ਇੰਸਪੈਕਟਰ ਸੁਰਿੰਦਰ ਸਿੰਘ ਰੇਂਜ ਇੰਚਾਰਜ ਰੂਪਨਗਰ ਤੇ ਸਮੂਹ ਸਟਾਫ, ਬਲਵਿੰਦਰ ਸਿੰਘ ਇੰਚਾਰਜ ਐੱਸ ਐੱਸ ਐੱਫ ਮੁੱਲਾਪੁਰ ਤੋਂ ਇਲਾਵਾ ਟ੍ਰੈਫਿਕ ਪੁਲਿਸ ਮੁੱਲਾਂਪੁਰ ਗਰੀਬਦਾਸ ਦੇ ਮੁਲਾਜ਼ਮ ਜਸਵਿੰਦਰ ਸਿੰਘ, ਬਲਜੀਤ ਸਿੰਘ ਅਤੇ ਮੁਲਾਜ਼ਮ ਧਰਮਿੰਦਰ ਸਿੰਘ ਵੀ ਹਾਜ਼ਰ ਸਨ।

