ਐਸਬੀਆਈ ਬੈਂਕ ਸਿਆਲਬਾ ਨੇ ਬੂਟੇ ਲਾਏ
ਚੰਡੀਗੜ 2 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਵਾਤਾਵਰਨ ਦੀ ਖੂਬਸੂਰਤੀ ਬਣਾਏ ਰੱਖਣ ਤੇ ਪੌਣ ਪਾਣੀ ਦੀ ਸੰਭਾਲ ਸਮੇਤ ਵਧਦੇ ਗਰਮੀ ਦੇ ਕਰੋਪ ਨੂੰ ਘਟਾਉਣ ਲਈ ਐਸਬੀਆਈ ਬੈਂਕ ਬਰਾਂਚ ਸਿਆਲਬਾ – ਮਾਜਰੀ ਵੱਲੋਂ ਇਕ ਚੰਗਾ ਉਪਰਾਲਾ ਕਰਦਿਆਂ ਚਾਰ ਦਰਜਨ ਤੋਂ ਵੱਧ ਬੂਟੇ ਲਗਾਏ ਹਨ। ਬਰਾਂਚ ਮੈਨੇਜਰ ਸਰਤਾਜ ਸਿੰਘ ਦੀ ਅਗਵਾਈ ਵਿਚ ਪਿੰਡ ਦੇ ਧਾਰਮਿਕ, ਸਾਂਝੀਆਂ ਥਾਵਾਂ ਸਕੂਲ, ਸਮਸ਼ਾਨ ਘਾਟ ‘ਚ ਪਿੱਪਲ, ਗੁਲਮੋਹਰ, ਪਿੱਲਕਣ, ਆਵਲਾਂ ਸਮੇਤ ਹੋਰ ਛਾਂਦਾਰ ਬੂਟੇ ਲਗਾ ਕੇ ਹੋਰ ਲੋਕਾਂ ਨੂੰ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ ਹੈ।
ਮੈਨੇਜਰ ਸਰਤਾਜ ਸਿੰਘ ਨੇ ਦੱਸਿਆ ਕਿ ਅਸੀਂ ਦਿਨ ਪ੍ਰਤੀ ਦਿਨ ਵੱਡੇ ਰੁੱਖ ਕੱਟ ਤਾਂ ਜ਼ਰੂਰ ਰਹੇ ਹਾਂ, ਪਰ ਅਸੀਂ ਬੂਟੇ ਉਸ ਰਫਤਾਰ ਨਾਲ ਨਹੀਂ ਲਾ ਰਹੇ। ਇਨਸਾਨ ਗਰਮੀ ਗਰਮੀ ਕਰਕੇ ਪਰੇਸ਼ਾਨ ਹੋ ਰਿਹਾ ਹੈ। ਹਰ ਵਿਅਕਤੀ ਨੂੰ ਛਾਂ ਅਤੇ ਸਾਹ ਲੈਣ ਲਈ ਆਕਸੀਜਨ ਤਾਂ ਜ਼ਰੂਰ ਚਾਹੀਦੀ, ਪਰ ਸਾਡੇ ਵਿੱਚ ਐਨੀ ਹਿੰਮਤ ਨਹੀਂ ਕਿ ਅਸੀਂ ਸਾਂਝੀਆਂ ਥਾਵਾਂ ਅਤੇ ਆਪਣੀ ਜਗ੍ਹਾ ਵਿੱਚ ਰੁੱਖ-ਬੂਟੇ-ਪੌਦੇ ਲਾ ਸਕੀਏ। ਇਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਬਥੇਰਾ ਹੋ ਗਿਆ ਰੁੱਖਾਂ ਦੀ ਕਟਾਈ, ਹੁਣ ਥੋੜਾ ਹੰਭਲਾ ਮਾਰੀਏ। ਜੇ ਬਹੁਤ ਜ਼ਿਆਦਾ ਨਹੀਂ ਯੋਗਦਾਨ ਪਾ ਸਕਦੇ ਤਾਂ ਦੋ -ਦੋ, ਚਾਰ – ਚਾਰ ਪੌਦਿਆ ਨੂੰ ਜ਼ਰੂਰ ਲਾਓ ਤਾਂ ਜੋ ਆਉਣ ਵਾਲੇ ਪੰਜਾਂ ਸੱਤਾਂ ਸਾਲਾਂ ਵਿੱਚ ਇਹ ਦਰੱਖਤ ਬਣ ਕੇ ਸਾਡੇ ਜੀਵਨ ਜਿਉਣ ਦਾ ਸਬੱਬ ਬਣ ਜਾਵੇ, ਕਿਉਂਕਿ ਸਾਨੂੰ ਜਿਉਂਦੇ ਰਹਿਣ ਲਈ ਸਾਹ ਦੀ ਬਹੁਤ ਜ਼ਰੂਰਤ ਹੈ। ਇਸ ਮੌਕੇ ਨੰਬਰਦਾਰ ਰਾਜ ਕੁਮਾਰ ਸਿਆਲਬਾ ਨੇ ਬੈਂਕ ਮੈਨੇਜਰ ਸਮੇਤ ਸਾਰੇ ਸਟਾਫ ਦੀ ਪ੍ਰਸ਼ੰਸਾ ਕਰਦਿਆ ਕਿਹਾ ਕਿ ਪਿੰਡਾਂ ਦੇ ਲੋਕਾਂ ਨੂੰ ਵੀ ਸਕੂਲਾਂ, ਸ਼ਮਸ਼ਾਨ ਘਾਟਾਂ, ਟੈਂਕੀਆਂ, ਗੁਰਦੁਆਰਿਆਂ, ਮੰਦਰਾਂ ਵਿੱਚ ਬੂਟੇ ਲਾਉਣੇ ਚਾਹੀਦੇ ਹਨ। ਇਸ ਮੌਕੇ ਸਿਆਲਬਬਾ ਦੇ ਸਰਪੰਚ ਕੁਲਦੀਪ ਸਿੰਘ, ਅਰਵਿੰਦਰ ਕੁਮਾਰ ਗੁਪਤਾ, ਇੰਦਰਪ੍ਰੀਤ, ਜਸਵਿੰਦਰ ਸਿੰਘ, ਹਰਮੇਲ ਸਿੰਘ, ਮਹਿੰਦਰਪਾਲ ਸਮੇਤ ਬੈਂਕ ਸਟਾਫ਼ ਅਤੇ ਹੋਰ ਪਤਵੰਤੇ ਹਾਜ਼ਰ ਸਨ।

