ਦਰੱਖਤ ਅਤੇ ਪਾਣੀ ਬਚਾਉਣਾ ਸਮੇਂ ਦੀ ਮੰਗ : ਰੁਪਿੰਦਰ ਕੌਰ ਸੁਹਾਲੀ
ਚੰਡੀਗੜ੍ਹ 4 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਸੰਸਾਰ ਵਿੱਚ ਵੱਧਦੀਆਂ ਬਿਮਾਰੀਆਂ ਅਤੇ ਕੁਦਰਤੀ ਕਰੋਪੀ ਦਾ ਮੁੱਖ ਕਾਰਨ ਕੁਦਰਤ ਦਾ ਨਰਾਜ਼ ਹੋ ਜਾਣਾ ਹੈ, ਕਿਉਂਕਿ ਇਨਸਾਨ ਆਪਣੀ ਸੁੱਖ ਸਹੂਲਤ ਵਾਸਤੇ ਕੁਦਰਤ ਨਾਲ ਖਿਲਵਾੜ ਕਰ ਰਿਹਾ ਹੈ। ਚਾਹੀਦਾ ਤਾਂ ਇਹ ਹੈ ਕਿ ਅੱਜ ਸਮੇਂ ਦੀ ਮੰਗ ਅਨੁਸਾਰ ਪੌਦੇ, ਦਰੱਖਤ ਬਚਾਉਣ ਸਮੇਤ ਸਾਡੇ ਲਈ ਪਾਣੀ ਬਚਾਉਣਾ ਵੀ ਬਹੁਤ ਜ਼ਰੂਰੀ ਹੋ ਗਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਸੁਹਾਲੀ ਦੇ ਸਰਪੰਚ ਬਲਵੀਰ ਸਿੰਘ ਬਿੱਟੂ ਅਤੇ ਸੰਮਤੀ ਮੈਂਬਰ ਰੁਪਿੰਦਰ ਕੌਰ ਸੁਹਾਲੀ ਨੇ ਵਿਸ਼ੇਸ਼ ਗੱਲਬਾਤ ਰਾਹੀਂ ਕਰਦਿਆਂ ਕੀਤਾ ਹੈ।
ਇਹਨਾਂ ਕਿਹਾ ਕਿ ਅੱਜ ਵੱਡੀ ਪੱਧਰ ਤੇ ਦਰੱਖਤਾਂ ਦੀ ਕਟਾਈ ਹੋ ਰਹੀ ਹੈ ਅਤੇ ਪਾਣੀ ਦੀ ਬਰਬਾਦੀ ਨਿਰੰਤਰ ਹੋ ਰਹੀ ਹੈ, ਦੂਸ਼ਿਤ ਹੋ ਰਿਹਾ ਪਾਣੀ ਅਤੇ ਅੰਨੇਵਾਹ ਦਰੱਖਤਾਂ ਦੀ ਕਟਾਈ ਸਾਡੀ ਸਿਹਤ ਤੇ ਮਾੜੇ ਪ੍ਰਭਾਵ ਪਾ ਰਹੇ ਹਨ। ਸਰਪੰਚ ਬਲਵੀਰ ਸਿੰਘ ਬਿੱਟੂ ਤੇ ਸੰਮਤੀ ਮੈਂਬਰ ਰੁਪਿੰਦਰ ਕੌਰ ਨੇ ਕਿਹਾ ਕਿ ਕਿਸੇ ਵੀ ਦੇਸ਼ ਦੀ ਨੀਂਹ ਨੌਜਵਾਨ ਪੀੜੀ ਤੇ ਟਿਕੀ ਹੁੰਦੀ ਹੈ।
ਇਸ ਕਰਕੇ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਮੌਕਾ ਸਾਂਭਣਾ ਚਾਹੀਦਾ ਹੈ, ਕਿਉਂਕਿ ਮਤਲਬੀ ਇਨਸਾਨ ਆਏ ਦਿਨ ਹਰੇ ਭਰੇ ਦਰੱਖਤਾਂ ਤੇ ਕੁਹਾੜਾ ਫੇਰ ਰਿਹਾ ਹੈ ਅਤੇ ਮੁਨਾਫਾਖੋਰ ਲੋਕ ਪਾਣੀ ਨੂੰ ਗੰਧਲਾ ਕਰ ਰਹੇ ਹਨ। ਇਹਨਾਂ ਕਿਹਾ ਕਿ ਸਰਕਾਰਾਂ ਨੂੰ ਵੀ ਇਸ ਪਾਸੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ, ਕਿਉਕਿ ਸਰਕਾਰਾਂ ਕੋਲ ਵੱਡਾ ਢਾਂਚਾ ਹੁੰਦਾ ਹੈ, ਜੋ ਇਹ ਸੁਨੇਹਾ ਹਰ ਇਕ ਤੱਕ ਪਹੁੰਚਾ ਸਕੇ।
ਇਹਨਾਂ ਕਿਹਾ ਕਿ ਸਮਾਜ ਸੇਵੀ ਲੋਕਾਂ ਨੂੰ ਵੀ ਇਸ ਪਾਸੇ ਆਪਣਾ ਬਣਦਾ ਫਰਜ਼ ਨਿਭਾਉਣਾ ਚਾਹੀਦਾ ਹੈ, ਕਿਉਂਕਿ ਜੇਕਰ ਇਸੇ ਤਰ੍ਹਾਂ ਪਾਣੀ ਦੀ ਬਰਬਾਦੀ ਅਤੇ ਦਰੱਖਤਾਂ ਦੀ ਕਟਾਈ ਹੁੰਦੀ ਰਹੀ ਤਾਂ ਅਸੀਂ ਸੋਚ ਵੀ ਨਹੀਂ ਸਕਦੇ ਕਿ ਸਾਡਾ ਜੀਵਨ ਬਸਰ ਕਿਵੇਂ ਦਾ ਹੋਵੇਗਾ। ਆਓ ਰਲ ਕੇ ਸਾਰੇ ਹੰਭਲਾ ਮਾਰੀਏ ਅਤੇ ਪਾਣੀ ਤੇ ਦਰੱਖਤਾਂ ਦੀ ਹੋਂਦ ਨੂੰ ਬਚਾਉਣ ਦੇ ਉਪਰਾਲੇ ਕਰੀਏ।

