www.sursaanjh.com > ਅੰਤਰਰਾਸ਼ਟਰੀ > ਮਿੰਨੀ ਕਹਾਣੀ ਲੇਖਕ, ਕਵੀ ਅਤੇ ਤਿਮਾਹੀ ‘ਛਿਣ’ ਦੇ ਆਨਰੇਰੀ ਸੰਪਾਦਕ ਦਵਿੰਦਰ ਪਟਿਆਲਵੀ ਦੁਰਘਟਨਾ ਮਗਰੋਂ ਹੋਏ ਸਿਹਤਯਾਬ

ਮਿੰਨੀ ਕਹਾਣੀ ਲੇਖਕ, ਕਵੀ ਅਤੇ ਤਿਮਾਹੀ ‘ਛਿਣ’ ਦੇ ਆਨਰੇਰੀ ਸੰਪਾਦਕ ਦਵਿੰਦਰ ਪਟਿਆਲਵੀ ਦੁਰਘਟਨਾ ਮਗਰੋਂ ਹੋਏ ਸਿਹਤਯਾਬ

ਮਿੰਨੀ ਕਹਾਣੀ ਲੇਖਕ, ਕਵੀ ਅਤੇ ਤਿਮਾਹੀ ‘ਛਿਣ’ ਦੇ ਆਨਰੇਰੀ ਸੰਪਾਦਕ ਦਵਿੰਦਰ ਪਟਿਆਲਵੀ ਦੁਰਘਟਨਾ ਮਗਰੋਂ ਹੋਏ ਸਿਹਤਯਾਬ
ਪਟਿਆਲਾ (ਸੁਰ ਸਾਂਝ ਡਾਟ ਕਾਮ ਬਿਊਰੋ-ਡਾ. ਹਰਪ੍ਰੀਤ ਸਿੰਘ ਰਾਣਾ), 18 ਜੁਲਾਈ:
ਮਿੰਨੀ ਕਹਾਣੀ ਲੇਖਕ ਤੇ ਕਵੀ ਦਵਿੰਦਰ ਪਟਿਆਲਵੀ, ਪਟਿਆਲਾ ਵਿਖੇ ਹੁੰਦੀਆਂ ਸਾਹਿਤਕ ਸਰਗਰਮੀਆਂ ਨਾਲ ਤਨਦੇਹੀ ਨਾਲ ਜੁੜਿਆ ਹੋਇਆ ਹੈ। ਉਹ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਦਾ ਜਨਰਲ ਸਕੱਤਰ, ਮਿੰਨੀ ਕਹਾਣੀਆਂ ਦੇ ਪਰਚੇ ਤਿਮਾਹੀ ‘ਛਿਣ’ ਦਾ ਆਨਰੇਰੀ ਸੰਪਾਦਕ ਵੀ ਹੈ। ਪਿਛਲੇ ਐਤਵਾਰ ਪੰਜਾਬੀ ਸਾਹਿਤ ਸਭਾ ਪਟਿਆਲਾ ਦੀ ਮਹੀਨਾਵਾਰ ਸਾਹਿਤਕ ਇਕੱਤਰਤਾ ਸੀ। ਸ਼ਨੀਵਾਰ ਸਵੇਰੇ ਉਹ ਕਾਰਜਕਾਰਨੀ ਦੇ ਹੋਰ ਮੈਂਬਰਾਂ ਨਾਲ ਇਕੱਤਰਤਾ ਦੀ ਤਿਆਰੀ ਲਈ ਬੜੇ ਉਤਸ਼ਾਹ ਨਾਲ ਕਾਰਜਸ਼ੀਲ ਰਿਹਾ ਹੈ, ਪਰ ਸ਼ਾਮੀ ਇਕ ਕਾਰ ਨਾਲ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਸਿਰ ਵਿਚ ਗੁੱਝੀ ਸੱਟ ਲੱਗੀ।
ਇਤਫ਼ਾਕ ਨਾਲ ਮੇਰਾ ਇੱਕ ਰਿਸ਼ਤੇਦਾਰ ਵੀ ਦੁਰਘਟਨਾ ਵਾਲੀ ਥਾਂ ਤੋਂ ਲੰਘ ਰਿਹਾ ਸੀ। ਉਸ ਨੂੰ ਪਟਿਆਲਵੀ ਨਾਲ ਮੇਰੀ ਸਾਹਿਤਕ ਸਾਂਝ ਦਾ ਪਤਾ ਸੀ। ਉਸ ਨੇ ਮੈਨੂੰ ਫੋਨ ਉੱਤੇ ਇਸ ਦੁਰਘਟਨਾ ਬਾਰੇ ਦੱਸਿਆ। ਪਟਿਆਲਵੀ ਦੇ ਪਰਿਵਾਰਕ ਮੈਂਬਰ ਤੇ ਗੁਆਂਢੀ ਉਸ ਨੂੰ ਡਾਕਟਰ ਕੋਲ  ਲਿਜਾ ਚੁੱਕੇ ਸਨ। ਮੈਂ ਵੀ ਫੋਨ ਤੇ ਉਸਦੀ ਪਤਨੀ ਤੋਂ ਕਲੀਨਿਕ ਦਾ ਪਤਾ ਕਰਕੇ ਪੁੱਜ ਗਿਆ। ਉਥੇ ਦੇਖਿਆ ਪਟਿਆਲਵੀ ਦੀ ਹਾਲਤ ਠੀਕ ਨਹੀਂ ਸੀ ਤੇ ਉਲਟੀਆਂ ਰੁਕ ਨਹੀਂ ਸਨ ਰਹੀਆਂ। ਡਾਕਟਰ ਨੇ ਸਿਰ ਵਿਚ ਗੁੱਝੀ ਸੱਟ ਲੱਗਣ ਦਾ ਕਹਿ ਕੇ ਸਿਰ ਦਾ ਸਕੈਨ ਕਰਵਾਉਣ ਲਈ ਕਿਹਾ। ਫਿਰ ਪਰਿਵਾਰ ਨਾਲ ਸਲਾਹ ਕਰਕੇ ਉਥੋਂ ਮੁੱਢਲੀ ਸਹਾਇਤਾ ਦਿਵਾ ਕੇ ਫੁੱਲ ਨਿਊਰੋ ਹਸਪਤਾਲ ਜਾ ਦਾਖਲ ਕਰਵਾਇਆ। ਸਕੈਨ ਤੋਂ ਸਿਰ ਵਿਚ ਸੋਜ਼ਿਸ਼ ਦਾ ਪਤਾ ਲੱਗਾ। ਆਈ. ਸੀ .ਯੂ. ਵਿਚ ਦਾਖਲ ਕਰ ਲਿਆ ਤੇ ਡਾਕਟਰਾਂ ਨੇ ਭਰੋਸਾ ਦਿੱਤਾ ਕਿ ਕੋਈ ਹੋਰ ਖਤਰਨਾਕ ਸੱਟ ਤੋਂ ਬਚਾਅ ਹੋ ਗਿਆ ਹੈ ਤੇ ਹਾਲਤ ਖ਼ਤਰੇ ਤੋਂ ਬਾਹਰ ਹੈ।
ਮੇਰੇ ਫੋਨ ਕਰਨ ਉਤੇ ਸਭਾ ਦੇ ਪ੍ਰਧਾਨ ਡਾ.ਦਰਸ਼ਨ ਸਿੰਘ ਆਸ਼ਟ ਅਤੇ ਪ੍ਰੈੱਸ ਸਕੱਤਰ ਪੰਜਾਬੀ ਕਵੀ ਨਵਦੀਪ ਮੁੰਡੀ (ਜੋ ਪਟਿਆਲਵੀ ਦੇ ਸਹਿਕਰਮੀ ਵੀ ਹਨ), ਹਸਪਤਾਲ ਪੁੱਜ ਗਏ। ਸਾਨੂੰ ਪਰਿਵਾਰ ਸਮੇਤ ਸਾਰਿਆਂ ਨੂੰ ਤਸੱਲੀ ਸੀ ਕਿ ਪਟਿਆਲਵੀ ਦੀ ਹਾਲਤ ਸਥਿਰ ਹੈ। ਅੱਜ ਉਸਨੂੰ ਰੂਮ ਵਿਚ ਸ਼ਿਫਟ ਕਰ ਦਿੱਤਾ ਹੈ। ਜਦੋਂ ਦੁਪਿਹਰ ਮਿਲਣ ਗਿਆ ਤਾਂ ਪਟਿਆਲਵੀ ਨੇ ਮੈਨੂੰ ਦੇਖਦਿਆਂ ਹੀ ਪੁੱਛਿਆ, ਮੇਰੀ ਪੁਸਤਕ ਦਾ ਲਿਖਿਆ ਰਿਵਿਊ ਛਪ ਗਿਆ? ਮੈਂ ਉਸ ਨੂੰ ਤਸੱਲੀ ਦਿੱਤੀ ਕਿ ਪਹਿਲਾਂ ਉਹ ਪੂਰੀ ਤਰ੍ਹਾਂ ਠੀਕ ਹੋ ਜਾਵੇ, ਫਿਰ ਕੋਈ ਸਾਹਿਤਕ ਗੱਲਬਾਤ ਕਰਾਂਗਾ। ਡਾਕਟਰਾਂ ਨੇ ਉਸ ਨੂੰ ਦੋ ਤਿੰਨ ਹਫ਼ਤੇ ਜ਼ਿਆਦਾ ਬੋਲਣ ਅਤੇ ਦਿਮਾਗੀ ਕੰਮ ਕਰਨ ਤੋਂ ਪ੍ਰਹੇਜ਼ ਕਰਨ ਲਈ ਕਿਹਾ ਹੈ।
ਉਸ ਦੇ ਬਹੁਤਾ ਜ਼ਿੱਦ ਕਰਨ ‘ਤੇ ਮੈਂ ਫੋਨ ‘ਤੇ ਪਿਛਲੇ ਐਤਵਾਰ ਹੀ ਦੇਸ਼ ਸੇਵਕ ਵਿਚ  ਛਪਿਆ, ਉਸ ਦੇ ਨਵੇਂ ਕਾਵਿ ਸੰਗ੍ਰਹਿ ਦਾ ਮੇਰੇ ਵੱਲੋਂ ਕੀਤਾ ਰਿਵਿਊ ਦੀ ਅਤੇ ਇਕ ਹੋਰ ਅਖ਼ਬਾਰ ਵਿਚ  ਛਪਿਆ ਉਸ ਦੇ ਕਾਵਿ ਸੰਗ੍ਰਹਿ ਬਾਰੇ ਲਿਖਿਆ ਦਿਖਾਇਆ। ਦੇਖ ਕੇ ਪਟਿਆਲਵੀ ਦੇ ਚਿਹਰੇ ਉੱਤੇ ਦਰਦ ਦੀ ਥਾਂ ਹੁਣ ਸਕੂਨ ਸੀ। ਉਹ ਪੰਜਾਬੀ ਸਾਹਿਤ ਦਾ ਨਿਸ਼ਕਾਮ ਸੇਵਕ ਹੈ ਤੇ ਸਾਹਿਤ ਪ੍ਰਤੀ ਪ੍ਰਤੀਬੱਧਤਾ ਉਸਦੀ ਬੇਮਿਸਾਲ ਹੈ। ਬੀਮਾਰੀ ਦੀ ਹਾਲਤ ਵਿਚ ਵੀ ਉਹ ਆਪਣੀ ਸਿਰਜਣਾ ਦੇ ਅੰਗ- ਸੰਗ ਹੈ। ਇਕ -ਦੋ ਦਿਨਾਂ ਤੱਕ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ। ਡਾਕਟਰਾਂ ਵੱਲੋਂ ਦਿੱਤੀ ਕੁਝ ਦਿਨਾਂ ਲਈ ਅਰਾਮ ਦੀ ਸਲਾਹ ਦਿੱਤੀ ਹੈ। ਉਸ ਤੋਂ ਬਾਅਦ ਉਹ ਫਿਰ ਸਾਹਿਤਕ ਸਰਗਰਮੀਆਂ ਨਾਲ ਜੁੜ ਜਾਵੇਗਾ। ਅਸੀਂ ਸਾਰੇ ਮਿੱਤਰ ਉਸ ਦੀ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ।
ਇਸੇ ਤਰ੍ਹਾਂ ਬਹ-ਵਿਧਾਵੀ ਚਰਚਿਤ ਲੇਖਕ ਕਰਮਵੀਰ ਸੂਰੀ, ਨਵਦੀਪ ਮੁੰਡੀ, ਤਰਸੇਮ ਬਸ਼ਰ, ਸੀਮਾ ਵਰਮਾ, ਗੋਪਾਲ ਸ਼ਰਮਾ, ਅੰਮ੍ਰਿਤਪਾਲ ਸਿੰਘ ਸੇਧਾ, ਹਰਬੰਸ ਸਿੰਘ ਮਾਣਕਪੁਰੀ, ਬੁੱਧ ਸਿੰਘ,ਹਰਿੰਦਰ ਸਿੰਘ ਗੋਗਨਾ, ਮਲਵਿੰਦਰ ਸਿੰਘ, ਆਦੇਸ਼ ਅੰਕੁਸ਼, ਨਰਿੰਦਰ ਕੌਰ ਭੱਚੂ, ਹਰਗੁਨਪ੍ਰੀਤ ਸਿੰਘ, ਦਰਸ਼ਨ ਸਿੰਘ ਆਸ਼ਟ, ਡਾ. ਬਲਬੀਰ ਕੌਰ ਰੀਹਲ, ਰਮਾ ਰਾਮੇਸ਼ਵਰੀ, ਧਰਮਿੰਦਰਪਾਲ ਸਿੰਘ, ਬਾਜ ਸਿੰਘ ਮਹਿਲਾ, ਬਲਵਿੰਦਰ ਸਿੰਘ ਭੱਟੀ, ਅਮਰੀਕ ਕਸਕ, ਸੋਮਾ ਕਲਸੀਆਂ, ਕੁਲਵਿੰਦਰ ਕੌਸ਼ਲ ਅਤੇ ਹੋਰ ਸਾਹਿਤਕਾਰ ਦੋਸਤਾਂ-ਮਿੱਤਰਾਂ ਵੱਲੋਂ ਵੀ ਦਵਿੰਦਰ ਪਟਿਆਲਵੀ ਦੀ ਸਿਹਤਯਾਬੀ ਲਈ ਦੁਆ ਕੀਤੀ ਗਈ।

Leave a Reply

Your email address will not be published. Required fields are marked *