ਤਿੰਨ ਫੌਜਦਾਰੀ ਕਾਨੂੰਨਾਂ ਵਿਰੁੱਧ ਰੋਸ ਮੁਜ਼ਾਹਰੇ ਵਿੱਚ ਕੇਂਦਰੀ ਸਭਾ ਕਰੇਗੀ ਭਰਵੀਂ ਸ਼ਮੂਲੀਅਤ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 20 ਜੁਲਾਈ :
ਪੰਜਾਬ ਭਰ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਦੀ ਸਾਂਝੀ ਕਮੇਟੀ ਦੇ ਸੱਦੇ ‘ਤੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋ ਰਹੀ ਸੂਬਾਈ ਕਨਵੈਨਸ਼ਨ ਅਤੇ ਰੋਸ ਮਾਰਚ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਵੱਧ ਚੜ੍ਹ ਕੇ ਸ਼ਮੂਲੀਅਤ ਕਰੇਗੀ।


ਕੇਂਦਰੀ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਰਨਲ ਸਕੱਤਰ ਸੁਸ਼ੀਲ ਦੁਸਾਂਝ ਅਤੇ ਸੀਨੀਅਰ ਮੀਤ ਪ੍ਰਧਾਨ ਡਾ ਹਰਜਿੰਦਰ ਸਿੰਘ ਅਟਵਾਲ ਅਤੇ ਦਫਤਰ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਭਰ ਦੀਆਂ ਸੰਘਰਸ਼ਸ਼ੀਲ ਅਤੇ ਜੁਝਾਰੂ ਜਥੇਬੰਦੀਆਂ ਦੀ ਪਹਿਲ ਕਦਮੀ ਨਾਲ ਜਾਰੀ ਪਰੋਗਰਾਮ ਮੁਤਾਬਿਕ ਮਿਤੀ 21 ਜੁਲਾਈ ਦਿਨ ਐਤਵਾਰ ਸਵੇਰੇ 11 ਵਜੇ ਹੋ ਰਹੀ ਇਸ ਸੂਬਾਈ ਕਨਵੈਨਸ਼ਨ ਅਤੇ ਰੋਸ ਮਾਰਚ ਵਿੱਚ ਅਰੁੰਧਤੀ ਰਾਏ, ਪ੍ਰੋ.ਸ਼ੌਕਤ ਹੁਸੈਨ ਤੇ ਕੇਸ ਚਲਾਉਣ ਦੀ ਗਵਰਨਰ ਦਿੱਲੀ ਵੱਲੋਂ ਦਿੱਤੀ ਇਜਾਜ਼ਤ ਅਤੇ ਫ਼ੌਜਦਾਰੀ ਕਾਨੂੰਨਾਂ ਖ਼ਿਲਾਫ਼ ਜ਼ਬਰਦਸਤ ਆਵਾਜ਼ ਬੁਲੰਦ ਕੀਤੀ ਜਾਵੇਗੀ। ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ
ਰਾਜਿੰਦਰ ਸਿੰਘ ਚੀਮਾ ਅਤੇ ਜਾਣੀ- ਪਹਿਚਾਣੀ ਵਿਦਵਾਨ, ਪੱਤਰਕਾਰ, ਲੇਖਕ ਅਤੇ ਸਮਾਜਿਕ ਕਾਰਕੁਨ ਭਾਸ਼ਾ ਸਿੰਘ ਇਸ ਕਨਵੈਨਸ਼ਨ ਦੇ ਮੁੱਖ ਵਕਤਾ ਵਜੋਂ ਹਾਜ਼ਰੀ ਭਰਨਗੇ। ਉਹਨਾਂ ਕਿਹਾ ਕਿ ਕੇਂਦਰੀ ਸਭਾ ਨਾਲ ਜੁੜੀਆਂ ਸਥਾਨਕ ਸਾਹਿਤ ਸਭਾਵਾਂ ਅਤੇ ਸਥਾਨਕ ਇਕਾਈਆਂ ਤੋਂ ਇਲਾਵਾ ਪੰਜਾਬ ਭਰ ਤੋਂ ਲੇਖਕ ਭਾਈਚਾਰਾ ਇਸ ਕਨਵੈਨਸ਼ਨ ਅਤੇ ਰੋਸ ਮਾਰਚ ਦਾ ਹਿੱਸਾ ਬਣੇਗਾ।
ਕੇਂਦਰੀ ਸਭਾ ਦੇ ਅਹੁਦੇਦਾਰਾਂ ਸੁਰਿੰਦਰਪ੍ਰੀਤ ਘਣੀਆਂ, ਸ਼ੈਲਿੰਦਰਜੀਤ ਰਾਜਨ, ਦਲਜੀਤ ਸਿੰਘ ਸਾਹੀ, ਬਲਵਿੰਦਰ ਸੰਧੂ, ਮਨਜੀਤ ਇੰਦਰਾ, ਭੁਪਿੰਦਰ ਕੌਰ ਪ੍ਰੀਤ, ਮੂਲ ਚੰਦ ਸ਼ਰਮਾ, ਰਜਿੰਦਰ ਰਾਜਨ, ਮੱਖਣ ਕੁਹਾੜ ਅਤੇ ਡਾ ਕਰਮਜੀਤ ਸਿੰਘ ਆਦਿ ਨੇ ਵੀ ਇਸ ਸੂਬਾਈ ਕਨਵੈਨਸ਼ਨ ਅਤੇ ਰੋਸ ਮਾਰਚ ਵਿੱਚ ਸ਼ਾਮਲ ਹੋਣ ਲਈ ਲੇਖਕ ਭਾਈਚਾਰੇ ਨੂੰ ਕਾਫਲੇ ਬੰਨ੍ਹ ਕੇ ਸ਼ਾਮਲ ਹੋਣ ਲਈ ਅਪੀਲ ਕੀਤੀ।

