ਨਵਾਂ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 20 ਜੁਲਾਈ:
ਪ੍ਰਿੰਸੀਪਲ ਸਤਨਾਮ ਸਿੰਘ ਸ਼ੋਕਰ, ਸਾਹਿਤ ਪ੍ਰੇਮੀ ਹਨ ਤੇ ਬਹੁ-ਪੱਖੀ ਸ਼ਖਸੀਅਤ ਵੀ। ਉਨ੍ਹਾਂ ਕੋਲ਼ ਬੈਠਿਆਂ, ਬੰਦਾ ਕਿੰਨਾ ਕੁਝ ਆਪਣੇ ਆਪ ਹੀ ਗ੍ਰਹਿਣ ਕਰਦਾ ਚਲਾ ਜਾਂਦਾ ਹੈ। ਗਿਆਨ ਦਾ ਭਰਪੂਰ ਸੋਮਾ ਹਨ, ਉਹ। ਤਰਸੇਮ ਬਸ਼ਰ, ਇੰਦਰਜੀਤ ਪ੍ਰੇਮੀ, ਡਾ. ਲਾਭ ਸਿੰਘ ਖੀਵਾ, ਸਰੂਪ ਸਿਆਲ਼ਵੀ, ਜੇ.ਐਸ ਮਹਿਰਾ ਨਾਲ਼ ਮੈਂ ਉਨ੍ਹਾਂ ਦੇ ਘਰ ਗਿਆ। ਨਿਊ ਚੰਡੀਗੜ੍ਹ ‘ਚ ਘਿਰਿਆ ਉਨ੍ਹਾਂ ਦਾ ਪਿੰਡ ਹੁਸ਼ਿਆਰਪੁਰ। ਏਥੇ ਹੀ ਸ਼ੋਕਰ ਜੀ ਨੇ ਸਾਨੂੰ ਸੁਰਮੁੱਖ ਸਿੰਘ ਭੁੱਲਰ ਨਾਲ਼ ਮਿਲ਼ਾਇਆ। ਉੱਚ-ਦੁਮਾਲੜਾ ਦੇ ਇਸ ਮਸ਼ਹੂਰ ਗੀਤਕਾਰ ਤੇ ਸ਼ਾਇਰ ਸੁਰਮੁੱਖ ਸਿੰਘ ਭੁੱਲਰ ਬਾਰੇ, ਪ੍ਰਿੰਸੀਪਲ ਸਤਨਾਮ ਸਿੰਘ ਸ਼ੋਕਰ ਤੋਂ ਵੱਧ ਕੌਣ ਜਾਣ ਸਕਦੈ? ਮੈਂ ਉਨ੍ਹਾਂ ਨੂੰ ਅਕਸਰ ਕਹਿੰਦਾ ਰਹਿੰਦਾ ਹਾਂ, ਤੁਸੀਂ ਭੁੱਲਰ ਜੀ ਬਾਰੇ ਜ਼ਰੂਰ ਲਿਖੋ। ਪਿਛਲੇ ਦਿਨੀਂ ਉਨ੍ਹਾਂ ਵੱਲੋਂ ਲਿਖੀਆਂ ਯਾਦਾਂ ਦੇ ਕੁਝ ਟੋਟੇ ਪਾਠਕਾਂ ਸਨਮੁੱਖ ਪੇਸ਼ ਕਰ ਰਿਹਾ ਹਾਂ …. ਸੁਰਜੀਤ ਸੁਮਨ, ਸੰਪਾਦਕ ਸੁਰ ਸਾਂਝ ਡਾਟ ਕਾਮ:-
ਉੱਚ-ਦੁਮਾਲੜਾ ਮਸ਼ਹੂਰ ਗੀਤਕਾਰ ਤੇ ਸ਼ਾਇਰ ਸੁਰਮੁੱਖ ਸਿੰਘ ਭੁੱਲਰ/ ਸਤਨਾਮ ਸ਼ਿੰਘ ਸ਼ੋਕਰ


ਜੇ ਤੁਹਾਨੂੰ ਕੋਈ ਸਿੱਧਾ ਸਾਦਾ ਬੰਦਾ, ਛੇ ਫੁੱਟ ਲੰਮਾ, ਸੋਹਣੇ ਨੈਣ ਨਕਸ਼ਾਂ ਵਾਲਾ, ਲੰਮੀ ਉਲਝੀ ਹੋਈ ਦਾਹੜੀ, ਸਿਰ ਤੇ ਚਾਰਖਾਨੇ ਦਾ ਪਰਨਾ ਲਪੇਟੀ, ਸਿੱਧਾ ਜਿਹਾ ਲਗਦਾ ਬੰਦਾ ਨਵਾਂ ਚੰਡੀਗੜ੍ਹ ਪਿੰਡ ਹੁਸ਼ਿਆਪੁਰ ਵਿੱਚ ਕੋਈ ਤੁਹਾਨੂੰ ਚੁਟਕਲੇ ਸੁਣਾਉਦਾ ਮਿਲ਼ੇ ਤਾਂ ਤੁਸੀਂ ਹੈਰਾਨ ਨਾ ਹੋਣਾ। ਇਹ ਹੋਵੇਗਾ ਮਸ਼ਹੂਰ ਗੀਤਕਾਰ ਸ਼ਾਇਰ ਸੁਰਮੁੱਖ ਸਿੰਘ ਭੁੱਲਰ।
ਭੁੱਲਰ ਚੜ੍ਹਦੀ ਜਵਾਨੀ ਵਿੱਚ ਲੰਮ ਝਲੰਮਾਂ, ਸੁੱਨਖਾ ਨੌਜਵਾਨ ਗਮ ਖਾਧੇ ਗੀਤ ਲਿਖਣ ਲੱਗਿਆ। ਇੱਕ ਵਾਰ ਸਾਡੇ ਪਿੰਡ ਰਾਜਿੰਦਰ ਰਾਜਨ ਦਾ ਅਖਾੜਾ ਲੱਗਿਆ। ਨਾਲ ਕਰਤਾਰ ਸਿੰਘ ਰਮਲਾ ਵੀ ਸੀ। ਉਨ੍ਹਾਂ ਨਾਲ ਸੰਗੀਤ ਦਾ ਬਾਬਾ ਬੋਹੜ ਜਸਵੰਤ ਸਿੰਘ ਭੰਵਰਾ ਵੀ ਸੀ। ਭੁੱਲਰ ਨੇ ਉਨ੍ਹਾ ਨੂੰ ਅਪਣੇ ਚੁਬਾਰੇ ਵਿੱਚ ਲਿਆ ਕੇ ਚਾਹ ਪਿਲਾਈ। ਭੰਵਰਾ ਸਾਹਿਬ ਨੇ ਭੁੱਲਰ ਦੇ ਗੀਤ ਸੁਣੇ ਅਤੇ ਭੁੱਲਰ ਦਾ ਮੁਰੀਦ ਹੋ ਗਿਆ।
ਉਸ ਸਮੇਂ ਪੈਸੇ ਟਕੇ ਵੱਲੋਂ ਨਾਂਹ ਹੀ ਸੀ। ਭੁੱਲਰ ਅਪਣਾ ਸਾਇਕਲ ਚੁੱਕ ਕੇ ਲੁਧਿਆਣੇ ਪਹੁੰਚ ਗਿਆ। ਬੱਸ ਫੇਰ ਭੁੱਲਰ ਨੇ ਪਿੱਛੇ ਮੁੜਕੇ ਨਹੀਂ ਵੇਖਿਆ। ਜਸਵੰਤ ਸਿੰਘ ਭੰਵਰੇ ਦੇ ਚੁਬਾਰੇ ਵਿੱਚ ਭੁੱਲਰ ਸਭ ਤੋ ਸਤਿਕਾਰਤ ਹਸਤੀ ਬਣ ਗਿਆ। ਲਾਲ ਚੰਦ ਯਮਲਾ ਜੱਟ ਦਾ ਡੇਰਾ ਭੁੱਲਰ ਨੂੰ ਉਡੀਕਦਾ ਰਹਿੰਦਾ। ਯਮਲਾ, ਭੁੱਲਰ ਨੂੰ ਅਪਣੇ ਬਰਾਬਰ ਬਿਠਾ ਕੇ ਇਸ ਦੀ ਤਾਰੀਫ਼ ਕਰਦਾ।
ਉੱਥੇ ਭੁੱਲਰ ਦੀ ਦੋਸਤੀ ਸੰਗੀਤ ਦੇ ਚੋਟੀ ਦੇ ਸਾਹਿਬ ਬੰਦਿਆਂ ਨਾਲ ਹੋ ਗਈ, ਜਿਨ੍ਹਾਂ ਵਿੱਚੋਂ ਪਟਿਆਲਾ ਘਰਾਣੇ ਦੇ ਸੰਗੀਤਕਾਰ ਪਦਮ ਸ੍ਰੀ ਸੋਹਣ ਸਿੰਘ ਦਾ ਨਾਂ ਵਿਸ਼ੇਸ ਤੌਰ ਉੱਤੇ ਲਿਆ ਜਾ ਸਕਦਾ ਹੈ। ਉਨ੍ਹਾਂ ਨੇ ਭੁੱਲਰ ਨੂੰ ਉਚੇਚਾ ਅਪਣੇ ਭਾਰਤ ਨਗਰ ਵਾਲੇ ਚੁਬਾਰੇ ਵਿੱਚ ਰੱਖਿਆ। ਗ਼ਜ਼ਲ ਸਮਰਾਟ ਜਗਜੀਤ ਸਿੰਘ, ਸਾਹਿਰ ਲੁਧਿਆਵਣੀ, ਇਨ੍ਹਾਂ ਨੂੰ ਬੰਬੇ ਲਿਜਾਣਾ ਚਾਹੁੰਦਾ ਸੀ। ਤਵਿੰਦਰ ਆਰਟਿਸਟ, ਸੱਪਲ ਅਤੇ ਕੁਲਦੀਪ ਮੰਗਾ, ਜਿਗਰੀ ਦੋਸਤ ਬਣੇ। ਬੱਸ ਸਟੈਂਡ ਦੇ ਪਿੱਛੇ ਛਿੰਦੇ ਦੇ ਢਾਬੇ ਦੀ ਮਿਕਸ ਤੜਕੀ ਹੋਈ ਸਬਜ਼ੀ ਭੁੱਲਰ ਦੀ ਖਾਸ ਪਸੰਦ ਸੀ। ਸੈਂਟ ਲਿਉਕਸ ਪਬਲਿਕ ਸਕੂਲ ਵਾਲਿਆਂ ਕੋਲ ਮੈਨੂੰ ਭੁੱਲਰ ਨੇ ਹਿਸਾਬ ਮਾਸਟਰ ਦੀ ਨੌਕਰੀ ਦਵਾਈ। ਵੱਡੇ ਵੱਡੇ ਕਲਾਕਾਰਾਂ ਨੇ ਇਸ ਦੇ ਗੀਤ ਰਿਕਾਰਡ ਕਰਵਾਏ। ਨਰਿੰਦਰ ਬੀਬਾ, ਕੋਕਾ ਫੇਮ ਸਰਬਜੀਤ ਕੌਰ, ਸਰਦੂਲ ਸਿਕੰਦਰ ਅਤੇ ਹੋਰ ਬਹੁਤ ਕਲਾਕਾਰਾਂ ਨੇ ਇਸ ਦੇ ਗੀਤ ਰਿਕਾਰਡ ਕਰਵਾਏ। ਆਲ ਇੰਡੀਆ ਰੇਡਿੳ ਨੇ ਭੁੱਲਰ ਨੂੰ ਏ ਕਲਾਸ ਦੇ ਸ਼ਾਇਰ ਦੇ ਤੌਰ ਤੇ ਤਸਲੀਮ ਕੀਤਾ ਸੀ। ਜਦੋ ਦੂਰਦਰਸ਼ਨ ਤੋਂ ਪਹਿਲੀ ਵਾਰ ਸ਼ਾਇਰ ਦੇ ਨਾਂ ਦੀ ਕੈਪਸ਼ਨ ਲੱਗਣੀ ਸ਼ੁਰੂ ਹੋਈ ਤਾਂ ਸਭ ਤੋਂ ਪਹਿਲਾ ਨਾਂ ਸੁਰਮੁਖ ਸਿੰਘ ਭੁੱਲਰ ਦੇ ਨਾਂ ਦੀ ਲੱਗੀ। ਇਸ ਤੋਂ ਪਹਿਲਾਂ ਕਿਸੇ ਸ਼ਾਇਰ ਦੀ ਕੈਪਸ਼ਨ ਨਹੀਂ ਲਗਦੀ ਸੀ।
ਉਹ ਅਜਿਹਾ ਸਮਾਂ ਸੀ, ਜਦੋਂ ਅਦਬੀ ਮਹਿਫਿਲਾਂ ਵਿੱਚ ਗਾਉਣ ਲਈ ਗਾਇਕਾਂ ਕੋਲ ਪੰਜਾਬੀ ਦੇ ਅਦਬੀ ਗੀਤ ਨਹੀਂ ਸਨ ਹੁੰਦੇ। ਦੋਗਾਣਿਆ ਦੇ ਦੌਹਰੇ ਅਰਥਾਂ ਵਾਲੇ ਗੀਤਾਂ ਦੀ ਭਰਮਾਰ ਸੀ। ਅਦਬੀ ਮਹਿਫਿਲਾਂ ਵਿੱਚ ਗਾਉਣ ਲਈ ਵਧੀਆ ਗਾਇਕ ਪਾਕਿਸਤਾਨੀ ਗੀਤਾਂ ‘ਤੇ ਨਿਰਭਰ ਸਨ। ਅਦਬੀ ਮਹਿਫਿਲਾਂ ਲਈ ਪੰਜਾਬੀ ਗੀਤਾਂ ਦੀ ਤੋਟ ਸੀ। ਗਾਇਕ ਉਦੋਂ ਸ਼ਿਵ, ਅਮ੍ਰਿਤਾ ਪ੍ਰੀਤਮ, ਕਰਤਾਰ ਸਿੰਘ ਬਲੱਗਣ, ਮੋਹਣ ਸਿੰਘ ਆਦਿ ਦੇ ਗੀਤ ਗਾਉਂਦੇ ਸਨ, ਪਰ ਉਨ੍ਹਾਂ ਗੀਤਾਂ ਨੂੰ ਵਧੀਆਂ ਸੰਗੀਤਕ ਧੁਨਾਂ ਵਿੱਚ ਗਾਉਣਾ ਔਖਾ ਸੀ। ਭੁੱਲਰ ਦੇ ਆਉਣ ‘ਤੇ ਇਹ ਤੋਟ ਪੂਰੀ ਹੋਈ ਅਤੇ ਅਦਬੀ ਮਹਿਫਿਲਾਂ ਵਿੱਚ ਭੁੱਲਰ ਦੇ ਗੀਤ ਗਾਏ ਜਾਣ ਲੱਗੇ।ਅਦਬੀ ਮਹਿਫਿਲਾਂ ਵਿੱਚ ਭੁੱਲਰ ਦੇ ਗੀਤਾਂ ਦੀ ਫਰਮਾਇਸ਼ ਹੋਣ ਲੱਗੀ। ਇੱਕ ਸਮਾਂ ਸੀ, ਇਸ ਦੇ ਇੱਕ ਦੋ ਗੀਤ ਕਿਸੇ ਨਾ ਕਿਸੇ ਪ੍ਰੋਗਰਾਮ ਵਿੱਚ ਬਿਨਾ ਨਾਗਾ ਹਰ ਰੋਜ਼ ਜਲੰਧਰ ਰੇਡੀਓ ਉੱਤੇ ਵੱਜਦੇ ਸਨ। ਬਾਅਦ ਵਿੱਚ ਦੂਰਦਰਸ਼ਨ ਜਲੰਧਰ ‘ਤੇ ਭੁੱਲਰ ਦੇ ਗੀਤ ਵੱਜਣ ਲੱਗੇ। ਆਲ ਇੰਡੀਆ ਰੇਡੀਓ ਅਤੇ ਜਲੰਧਰ ਦੂਰਦਰਸ਼ਨ ਉੱਤੇ ਗਮਦੂਰ, ਭਰਪੂਰ ਤੇ ਸਰਦੂਲ ਸਿੰਕਦਰ ਤਿੰਨੇ ਭਰਾਵਾਂ ਦੀਆਂ ਕਈ ਮਹਿਫਿਲਾਂ ਲਾਇਬ੍ਰੇਰੀ ਵਿੱਚ ਮਿਲ ਜਾਣਗੀਆਂ।
ਸਵਰਨ ਬਾਬੇ ਦੀ ਗਾਈ ਸੱਸੀ ਦੀ ਪਾਕਿਸਤਾਨ ਤੋਂ ਐਨੀ ਫਰਮਾਇਸ਼ ਆਉਂਦੀ ਕਿ ਰੇਡੀਓ ਸਟੇਸ਼ਨ ਵਾਲੇ ਖਤ ਸੰਭਾਲਦੇ ਤੰਗ ਹੋ ਜਾਂਦੇ। ਭੁੱਲਰ, ਸੱਸੀ ਵਾਲਾ ਭੁੱਲਰ ਦੇ ਤੌਰ ਤੇ ਮਸ਼ਹੁਰ ਹੋ ਗਿਆ। ਮੈ ਸ਼ੁਸੀਲ ਦੁਸਾਂਝ ਦੇ ਚੰਡੀਗੜ੍ਹ ਦਫਤਰ ‘ਹੁਣ’ ਲਈ ਚੰਦਾ ਭਰਨ ਗਿਆ। ਮੈਂ ਦੱਸਿਆ ਕਿ ਇਹ ਚੰਦਾ ਭੁੱਲਰ ਦੇ ਨਾਂ ਭਰਨਾ।ਉਸ ਨੇ ਇੱਕ ਦਮ ਕਿਹਾ ਸੱਸੀ ਵਾਲਾ ਭੁੱਲਰ? ਮੈਂ ਕਿਹਾ, ਹਾਂ। ਕਹਿੰਦਾ ਮਿਲਾਈਂ ਮੈਨੂੰ। ਬਹੁਤ ਸਾਰੇ ਕਲਾਕਾਰ ਇਸ ਤੋ ਹਲਕੇ ਅਤੇ ਚਾਲੂ ਦੋਗਾਣਿਆ ਦੀ ਮੰਗ ਕਰਦੇ, ਪਰ ਜਿਸ ਉੱਚ ਦੂਮਾਲੇ ਉੱਤੇ ਭੁੱਲਰ ਦਾ ਮੁਕਾਮ ਬਣ ਗਿਆ ਸੀ, ਇਸ ਨੇ ਹੇਠਾਂ ਆਉਣਾ ਸਵੀਕਾਰ ਨਹੀਂ ਕੀਤਾ। ਕਿਉਂਕਿ ਉਦੋਂ ਭੁੱਲਰ ਨੂੰ ਪੈਸੇ ਦੀ ਕਮੀਂ ਤਾਂ ਹੈ ਨਹੀਂ ਸੀ। ਭੁੱਲਰ ਨੇ ਉੱਥੇ ਰਹਿੰਦੀਆਂ ਬਹੁਤ ਵੱਡੀਆਂ ਵੱਡੀਆਂ ਫਰਮਾਂ ਵਿੱਚ ਸਫਲ ਸੇਲਜ਼ਮੈਨ ਬਣ ਕੇ ਰੱਜ ਕੇ ਪੈਸਾ ਕਮਾਇਆ। ਸ਼ਾਨਦਾਰ ਜ਼ਿੰਦਗੀ ਜੀਅ ਕੇ ਵੇਖੀ। ਸਿਨੇਮਿਆਂ ਵਾਲੇ ਇਸ ਲਈ ਹਰ ਸਮੇਂ ਸੀਟ ਰੱਖਦੇ। ਟਿਕਦ ਦਾ ਤਾਂ ਸਵਾਲ ਹੀ ਨਹੀਂ ਸੀ।
ਅਖਾੜਿਆਂ ਵਿੱਚ ਲਗਭਗ ਸਾਰੇ ਕਲਾਕਾਰ ਇਸ ਦਾ ਗੀਤ ਜ਼ਰੂਰ ਗਾਉਂਦੇ। ਰਮੇਸ਼ ਰੰਗੀਲਾ, ਕਰਤਾਰ ਰਮਲਾ, ਦਲਜੀਤ ਦਰਦੀ, ਸੁਰਜੀਤ ਮਾਧੋਪੁਰੀ, ਸਰਦੂਲ ਸਿਕੰਦਰ, ਭਰਭੂਰ ਅਲੀ, ਨਰਿੰਦਰ ਬੀਬਾ, ਰਜਿੰਦਰ ਰਾਜਨ, ਸਵਰਨ ਲਤਾ ਅਤੇ ਹੋਰ ਬਹੁਤ ਸਾਰੇ ਕਲਾਕਾਰ ਭੁੱਲਰ ਦੇ ਗੀਤ ਅਖਾੜਿਆਂ ਵਿੱਚ ਗਾਉਂਦੇ।ਜਲੰਧਰ ਦੂਰਦਰਸ਼ਨ ਦੀ ਸਤਿੰਦਰ ਸੱਤੀ, ਭੁੱਲਰ ਦੇ ਗੀਤਾਂ ਦੀਆਂ ਟੂਕਾਂ ਬੋਲਦੀ। ਲੋਕ ਹੈਰਾਨ ਰਹਿ ਜਾਂਦੇ। ਕੌਣ ਹੈ, ਇਨ੍ਹਾਂ ਟੂਕਾਂ ਵਾਲੇ ਗੀਤਾਂ ਦਾ ਰਚੇਤਾ?
ਭੁੱਲਰ ਨੂੰ ਪੈਸੇ ਨਾਲ ਪਿਆਰ ਨਹੀਂ ਸੀ। ਮਣਾਂ-ਮੂੰਹੀਂ ਪੈਸਾ ਕਮਾਇਆ, ਲੋੜਵੰਦ ਦੋਸਤਾਂ ਲਈ ਖਰਚ ਦਿੱਤਾ। ਐਨ ਪੀਕ ਸਮੇਂ ਭੁੱਲਰ ਸਭ ਕੁਝ ਛੱਡ ਛੁਡਾ ਕੇ ਲੁਧਿਆਣੇ ਨੂੰ ਅਲਵਿਦਾ ਕਹਿ ਪਿੰਡ ਆ ਗਿਆ। ਪਿੰਡ ਤੋਂ ਫੇਰ ਸਰਦੂਲ ਸਿਕੰਦਰ, ਇਸ ਨੂੰ ਖੰਨੇ ਲੈ ਗਿਆ ਅਤੇ ਆਪਣੀ ਕੋਠੀ ਦਾ ਮਾਲਕ ਬਣਾ ਦਿੱਤਾ। ਹਰ ਗੱਲ ਵਿੱਚ, ਰਿਕਾਰਡਿੰਗ ਵਿੱਚ ਇਸ ਦੀ ਸਲਾਹ ਆਖਰੀ ਹੁੰਦੀ। (ਚਲਦਾ…)।

