ਸਾਹਿਤਕ ਸੱਥ ਖਰੜ ਦੀ ਮਾਸਿਕ ਇਕੱਤਰਤਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਹੋਈ
ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਹੋਏ ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਇਨੌਰ, ਸ਼ਾਇਰ ਤੇ ਸਮੀਖਿਅਕ ਫੈਸਲ ਖਾਨ ਅਤੇ ਪ੍ਰਸਿੱਧ ਗ਼ਜ਼ਲਗੋ ਪ੍ਰਤਾਪ ਪਾਰਸ ਗੁਰਦਾਸਪੁਰੀ
ਸ਼ਾਇਰ ਤੇ ਸਮੀਖਿਅਕ ਫੈਸਲ ਖਾਨ ਵੱਲੋਂ ਗ਼ਜ਼ਲ ਲਿਖਣ ਦੇ ਇਛੁੱਕ ਲੇਖਕਾਂ ਲਈ ਮੁੱਢਲੀ ਜਾਣਕਾਰੀ ਸਾਂਝੀ ਕਰਦਿਆਂ ਕੀਤੀ ਗਈ ਭਰਪੂਰ ਚਰਚਾ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 21 ਜੁਲਾਈ:
ਅੱਜ ਸਾਹਿਤਕ ਸੱਥ ਖਰੜ ਦੀ ਮਾਸਿਕ ਇਕੱਤਰਤਾ ਜਸਵਿੰਦਰ ਸਿੰਘ ਕਾਇਨੌਰ, ਸ਼ਾਇਰ ਤੇ ਸਮੀਖਿਅਕ ਫੈਸਲ ਖਾਨ ਅਤੇ ਪ੍ਰਸਿੱਧ ਗ਼ਜ਼ਲਗੋ ਪ੍ਰਤਾਪ ਪਾਰਸ ਗੁਰਦਾਸਪੁਰੀ ਦੀ ਪ੍ਰਧਾਨਗੀ ਹੇਠ ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਈ। ਇਸ ਇਕੱਤਰਤਾ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਫੈਸਲ ਖਾਨ ਵੱਲੋਂ ਗ਼ਜ਼ਲ ਲਿਖਣ ਦੇ ਇਛੁੱਕ ਲੇਖਕਾਂ ਲਈ ਮੁੱਢਲੀ ਜਾਣਕਾਰੀ ਦਿੰਦਿਆਂ ਹੋਇਆਂ ਪੰਜਾਬੀ ਵਿੱਚ ਵਰਤੀਆਂ ਜਾਣ ਵਾਲੀਆਂ ਸੌਖੀਆਂ ਆਮ ਬਹਿਰਾਂ ਦੇ ‘ਰੁਕਨ’, ਉਹਨਾਂ ਦੀ ਤਕਤੀਹ ਅਤੇ ਉਹਨਾਂ ਬਹਿਰਾਂ ਵਿੱਚ ਲਿਖੇ ਪ੍ਰਸਿੱਧ ਸ਼ਾਇਰਾਂ ਦੇ ਸ਼ੇਅਰ ਅਤੇ ਗੀਤਾਂ ਦੇ ਹਵਾਲੇ ਦੇ ਕੇ ਵਿਸਥਾਰਿਤ ਜਾਣਕਾਰੀ ਭਰਪੂਰ ਪੇਪਰ ਪੜ੍ਹਿਆ।
ਇਸ ਮੌਕੇ ਕੁੱਝ ਲੇਖਕਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਉਹਨਾਂ ਨੇ ਵਧੀਆ ਢੰਗ ਨਾਲ ਦਿੱਤੇ। ਸਮੁੱਚੇ ਰੂਪ ਵਿੱਚ ਗ਼ਜ਼ਲ ਬਾਰੇ ਕੀਤੀ ਗਈ ਗੱਲਬਾਤ ਉੱਤੇ ਸਾਰਿਆਂ ਨੇ ਬਹੁਤ ਪ੍ਰਸੰਨਤਾ ਜ਼ਾਹਿਰ ਕੀਤੀ।
ਇਸ ਉਪਰੰਤ ਤਰਸੇਮ ਸਿੰਘ ਕਾਲੇਵਾਲ ਵੱਲੋਂ ਗਾਏ ਧਾਰਮਿਕ ਗੀਤ ਨਾਲ ਸ਼ੁਰੂ ਹੋਏ ਕਵੀ ਦਰਬਾਰ ਵਿੱਚ ਸੁਮਿੱਤਰ ਸਿੰਘ ਦੋਸਤ, ਬਲਦੇਵ ਸਿੰਘ ਬੁਰਜਾਂ, ਹਿੱਤ ਅਭਿਲਾਸ਼ੀ ਹਿੱਤ, ਗੁਰਸ਼ਰਨ ਸਿੰਘ ਕਾਕਾ, ਚਰਨਜੀਤ ਸਿੰਘ ਕਤਰਾ, ਇੰਦਰਜੀਤ ਕੌਰ ਵਡਾਲਾ, ਮੋਹਣ ਸਿੰਘ ਪ੍ਰੀਤ ਅਤੇ ਜਗਦੇਵ ਸਿੰਘ ਰਡਿਆਲਾ ਨੇ ਕਵਿਤਾਵਾਂ ਰਾਹੀਂ ਹਾਜ਼ਰੀ ਲਵਾਈ।
ਪ੍ਰਦੀਪ ਕੁਮਾਰ, ਖੁਸ਼ੀ ਰਾਮ ਨਿਮਾਣਾ ਅਤੇ ਕੇਸਰ ਸਿੰਘ ਇੰਸਪੈਕਟਰ ਨੇ ਵਧੀਆ ਆਵਾਜ਼ ਵਿੱਚ ਆਪਣੇ ਗੀਤ ਪੇਸ਼ ਕੀਤੇ। ਪਿਆਰਾ ਸਿੰਘ ‘ਰਾਹੀ’, ਜਸਵਿੰਦਰ ਸਿੰਘ ਕਾਇਨੌਰ, ਅਮਰਜੀਤ ਕੌਰ ਮੋਰਿੰਡਾ, ਬੰਤ ਸਿੰਘ ਦੀਪ ਅਤੇ ਪ੍ਰਤਾਪ ਪਾਰਸ ਗੁਰਦਾਸਪੁਰੀ ਨੇ ਗ਼ਜ਼ਲਾਂ ਰਾਹੀਂ ਕਵੀ ਦਰਬਾਰ ਨੂੰ ਸਿਖਰਾਂ ‘ਤੇ ਪਹੁੰਚਾ ਦਿੱਤਾ। ਪ੍ਰਧਾਨਗੀ ਭਾਸ਼ਣ ਵਿੱਚ ਫੈਸਲ ਖਾਨ ਨੇ ਸਾਰੇ ਲੇਖਕਾਂ ਵੱਲੋਂ ਪੇਸ਼ ਕੀਤੀਆਂ ਰਚਨਾਵਾਂ ਦੀ ਤਾਰੀਫ਼ ਕੀਤੀ ਅਤੇ ਆਪਣੀਆਂ ਗ਼ਜ਼ਲਾਂ ਦੇ ਕੁੱਝ ਸ਼ੇਅਰ ਵੀ ਸਾਂਝੇ ਕੀਤੇ।ਅਖ਼ੀਰ ਵਿੱਚ ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।
ਪਿਆਰਾ ਸਿੰਘ ‘ਰਾਹੀ’, ਜਨਰਲ ਸਕੱਤਰ