ਸਰਕਾਰੀ ਪੌਲੀਟੈਕਨਿਕ ਕਾਲਜ ਖੂਨੀਮਾਜਰਾ ਵਿਖੇ 101 ਪੌਦੇ ਲਗਾਏ
ਚੰਡੀਗੜ੍ਹ 23 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਸਥਾਨਕ ਸਰਕਾਰੀ ਪੌਲੀਟੈਕਨਿਕ ਕਾਲਜ ਖੂਨੀਮਾਜਰਾ ਅਤੇ ਪੀ ਟੀ ਯੂ ਕੈਂਪਸ ਵੱਲੌਂ ਸਬ ਡਵੀਜ਼ਨਲ ਮੈਜਿਸਟ੍ਰੇਟ ਗੁਰਮੰਦਰ ਸਿੰਘ ਦੀ ਨਿਰਦੇਸ਼ਨਾ ਵਿਚ ਅੱਜ ਵਣ ਮਹਾਂ ਉਤਸਵ ਮਨਾਇਆ ਗਿਆ। ਵਾਤਾਵਰਣ ਦੀ ਸ਼ੁੱਧਤਾ ਪ੍ਰਤੀ ਵਚਨਬੱਧਤਾ ਦਿਖਾਉਂਦੇ ਹੋਏ ਇਸ ਪ੍ਰੋਗਰਾਮ ਦੌਰਾਨ ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਵੱਲੌਂ ਪੌਦੇ ਲਗਾਏ ਗਏ। ਇਸ ਮੁਹਿੰਮ ਦੀ ਸ਼ੁਰੂਆਤ ਉੱਘੀ ਫਿਲਮ ਅਦਾਕਾਰਾ ਰਾਜ ਧਾਲੀਵਾਲ, ਕਾਲਜ ਦੇ ਪ੍ਰਿੰਸੀਪਲ ਰਾਜੀਵ ਪੁਰੀ ਵੱਲੋਂ ਪੰਜ ਰੁੱਖ ਲਗਾ ਕੇ ਕੀਤੀ ਗਈ। ਜਿਲ੍ਹਾ ਨੋਡਲ ਅਫਸਰ ਸਵੀਪ ਕਮ ਅਫਸਰ ਇੰਚਾਰਜ ਸਿਵਲ ਇੰਜੀਨੀਅਰਿੰਗ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਅੱਜ ਕਾਲਜ ਦੇ ਵਿਹੜੇ ਵਿੱਚ ਜਾਮਣ, ਅੰਬ, ਸੁਹੰਜਣ, ਕਾਨੇਰ, ਨਿੰਬੂ ਅਤੇ ਅਰਜਨ ਦੇ 101 ਪੌਦੇ ਲਾਏ ਗਏ।
ਇਸ ਮੌਕੇ ਬੋਲਦਿਆਂ ਰਾਜ ਧਾਲੀਵਾਲ ਨੇ ਸ਼ਿਵ ਕੁਮਾਰ ਬਟਾਲਵੀ ਦੀਆਂ ਸਤਰਾਂ ਕੁੱਝ ਰੁੱਖ ਮੈਨੂੰ ਪੁੱਤ ਲੱਗਦੇ ਨੇ, ਕੁੱਝ ਲੱਗਦੇ ਨੇ ਮਾਂਵਾਂ ਰਾਹੀਂ ਮਨੁੱਖ ਅਤੇ ਰੁੱਖ ਦੀ ਆਪਸੀ ਸਾਂਝ ਦਾ ਸੁਨੇਹਾ ਦੇ ਕੇ ਵਿਦਿਆਰਥੀਆਂ ਨੂੰ ਹਰ ਸਾਲ ਦੋ ਰੁੱਖ ਲਾ ਕੇ ਸਾਂਭਣ ਦਾ ਸੁਨੇਹਾ ਦਿੱਤਾ। ਪ੍ਰਿੰਸੀਪਲ ਰਾਜੀਵ ਪੁਰੀ ਨੇ ਵਿਸ਼ਵ ਵਿਆਪੀ ਆਲਮੀ ਤਪਸ਼ ਤੇ ਚਿੰਤਾ ਜ਼ਾਹਰ ਕਰਦਿਆਂ ਉਸਨੂੰ ਘਟਾਉਣ ਲਈ ਰੁੱਖ ਲਗਾਉਣ ਦਾ ਸੱਦਾ ਦਿੱਤਾ। ਕਾਲਜ ਦੇ ਰਾਸ਼ਟਰੀ ਸੇਵਾ ਯੋਜਨਾ ਦੇ ਕਨਵੀਨਰ ਪਰਮਿੰਦਰ ਸਿੰਘ ਸੈਣੀ ਦੀ ਅਗਵਾਈ ਵਿਚ ਵਲੰਟੀਅਰ ਬੜੇ ਉਤਸ਼ਾਹ ਨਾਲ ਪੌਦੇ ਲਗਾ ਰਹੇ ਸਨ। ਇਸ ਮੁਹਿੰਮ ਦੌਰਾਨ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਕੈਂਪਸ ਤੋਂ ਡਾ ਮੁਕਤਾ ਸ਼ਰਮਾ, ਡਾ ਦਮਨਦੀਪ ਕੌਰ, ਡਾ ਨੀਰੂ, ਪੌਲੀਟੈਕਨਿਕ ਕਾਲਜ ਦੇ ਮੁੱਖੀ ਵਿਭਾਗ ਅਪਲਾਈਡ ਸਾਇੰਸ ਜਸਦੀਪ ਕੌਰ, ਕੰਪਿਊਟਰ ਵਿਭਾਗ ਦੇ ਮੁੱਖੀ ਰਵਿੰਦਰ ਸਿੰਘ ਵਾਲੀਆ ਅਤੇ ਮਕੈਨੀਕਲ ਵਿਭਾਗ ਦੇ ਮੁਖੀ ਸੰਜੀਵ ਜਿੰਦਲ ਨੇ ਵੀ ਵੱਧ ਚੜ੍ਹ ਕੇ ਹਿੱਸਾ ਲਿਆ।