ਸਿਹਤ ਸੇਵਾਵਾਂ ’ਚ ਵਿਸਤਾਰ ਸਬੰਧੀ ਪੀ.ਐਚ.ਸੀ. ਬੂਥਗੜ੍ਹ ਵਿਖੇ ਟਰੇਨਿੰਗ ਸ਼ੁਰੂ
ਚੰਡੀਗੜ੍ਹ 23 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਸਰਕਾਰੀ ਸਿਹਤ ਸੰਸਥਾਵਾਂ ਵਿਚ ਲੋਕਾਂ ਨੂੰ ਦਿਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦੇ ਵਿਸਤਾਰ ਦੇ ਮੰਤਵ ਨਾਲ ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਵਿਖੇ 6 ਦਿਨਾਂ ਦੀ ਟਰੇਨਿੰਗ ਅੱਜ ਸ਼ੁਰੂ ਹੋ ਗਈ, ਜਿਸ ਵਿਚ ਆਸ਼ਾ ਵਰਕਰ ਅਤੇ ਆਸ਼ਾ ਫ਼ਸੀਲੀਟੇਟਰ ਹਿੱਸਾ ਲੈ ਰਹੇ ਹਨ। ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਜੋਤ ਕੌਰ ਨੇ ਦਸਿਆ ਕਿ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ਼ੁਰੂ ਹੋਈ ਇਸ ਛੇ ਦਿਨਾ ਸਿਖਲਾਈ ਦੌਰਾਨ ਸਿਹਤ ਕਾਮਿਆਂ ਨੂੰ ਵਿਸ਼ੇਸ਼ ਤੌਰ ’ਤੇ ਮਾਨਸਿਕ ਸਿਹਤ ਅਤੇ ਬਜ਼ੁਰਗਾਂ ਦੀ ਦੇਖਭਾਲ ਆਦਿ ਵਿਸ਼ਿਆਂ ਬਾਰੇ ਪੜ੍ਹਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਮਾਨਸਿਕ ਰੋਗ ਅਜੋਕੇ ਦੌਰ ’ਚ ਵੱਡੀ ਸਿਹਤ ਸਮੱਸਿਆ ਵਜੋਂ ਉਭਰ ਰਹੇ ਹਨ, ਜੋ ਸਿਹਤ ਪੇਸ਼ੇਵਰਾਂ ਅਤੇ ਸਿਹਤ ਕਾਮਿਆਂ ਲਈ ਵੱਡੀ ਚੁਨੌਤੀ ਵੀ ਬਣ ਰਹੇ ਹਨ। ਜ਼ਮੀਨੀ ਪੱਧਰ ’ਤੇ ਕੰਮ ਕਰ ਰਹੀਆਂ ਆਸ਼ਾ ਵਰਕਰਾਂ ਨੂੰ ਮਾਨਸਿਕ ਰੋਗਾਂ ਦੇ ਲੱਛਣਾਂ, ਕਾਰਨਾਂ, ਬਚਾਅ ਅਤੇ ਇਲਾਜ ਬਾਰੇ ਵਿਆਪਕ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਇਸੇ ਤਰ੍ਹਾਂ ਅਜਿਹੇ ਬਜ਼ੁਰਗਾਂ ਦੀ ਵੀ ਗਿਣਤੀ ਵੱਧ ਰਹੀ ਹੈ, ਜਿਹੜੇ ਕਿਸੇ ਨਾ ਕਿਸੇ ਬੀਮਾਰੀ ਤੋਂ ਪੀੜਤ ਹਨ ਅਤੇ ਸਹੀ ਤੇ ਸੁਚੱਜੀ ਦੇਖਭਾਲ ਅਤੇ ਇਲਾਜ ਦੇ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਸਿਖਲਾਈ ਦੌਰਾਨ ਇਨ੍ਹਾਂ ਵਿਸ਼ਿਆਂ ਤੋਂ ਇਲਾਵਾ ਹੋਰ ਅਹਿਮ ਵਿਸ਼ੇ ਵੀ ਛੋਹੇ ਜਾਣਗੇ ਜਿਨ੍ਹਾਂ ਬਾਰੇ ਸਿਹਤ ਕਾਮਿਆਂ ਦਾ ਜਾਗਰੂਕ ਹੋਣਾ ਅਤਿਅੰਤ ਜ਼ਰੂਰੀ ਹੈ। ਇਸ ਮੌਕੇ ਟਰੇਨਰ ਬਲਜਿੰਦਰ ਸੈਣੀ ਅਤੇ ਕਰਮਜੀਤ ਕੌਰ ਵੀ ਮੌਜੂਦ ਸਨ।