ਉੱਘੀ ਕਵਿੱਤਰੀ ਸੁਰਜੀਤ ਕੌਰ ਬੈਂਸ ਦੇ ਘਰ ਹੋਈ ਸਾਹਿਤਕ ਇਕੱਤਰਤਾ
ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਹੋਏ ਡਾ. ਦੀਪਕ ਮਨਮੋਹਨ ਸਿੰਘ, ਜੰਗ ਬਹਾਦਰ ਗੋਇਲ, ਪ੍ਰਿੰਸੀਪਲ ਗੁਰਦੇਵ ਕੌਰ ਅਤੇ ਸੁਸ਼ੀਲ ਦੁਸਾਂਝ
ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 23 ਜੁਲਾਈ:
ਉੱਘੇ ਕਵੀ ਤੇ ਹੁਣ ਦੇ ਸੰਪਾਦਕ ਸੁਸ਼ੀਲ ਦੁਸਾਂਝ ਅਤੇ ਉੱਘੀ ਕਵਿੱਤਰੀ ਸੁਰਜੀਤ ਕੌਰ ਬੈਂਸ ਦੇ ਨਿੱਘੇ ਸੱਦੇ ‘ਤੇ ਮੇਜ਼ਬਾਨ ਸੁਰਜੀਤ ਕੌਰ ਬੈਂਸ ਦੇ ਘਰ 2092, ਫੇਜ਼ 10 ਵਿਖੇ ਇੱਕ ਸਾਹਿਤਕ ਇਕੱਤਰਤਾ ਹੋਈ, ਜਿਸ ਦੀ ਪ੍ਰਧਾਨਗੀ ਡਾ. ਦੀਪਕ ਮਨਮੋਹਨ ਸਿੰਘ ਨੇ ਕੀਤੀ। ਪ੍ਰਧਾਨਗੀ ਮੰਡਲ ਵਿੱਚ ਡਾ. ਦੀਪਕ ਮਨਮੋਹਨ ਸਿੰਘ, ਜੰਗ ਬਹਾਦਰ ਗੋਇਲ, ਪ੍ਰਿੰਸੀਪਲ ਗੁਰਦੇਵ ਕੌਰ ਅਤੇ ਸੁਸ਼ੀਲ ਦੁਸਾਂਝ ਸ਼ਾਮਿਲ ਹੋਏ।
ਇਕੱਤਰਤਾ ਦੀ ਪ੍ਰਧਾਨਗੀ ਕਰਦਿਆਂ ਡਾ. ਦੀਪਕ ਮਨਮੋਹਨ ਸਿੰਘ ਨੇ ਹਾਜ਼ਰ ਲੇਖਕਾਂ ਜੀ ਨੂੰ ਆਇਆਂ ਆਖਦਿਆਂ ਕਿਹਾ ਕਿ ਲੇਖਕ ਅਤੇ ਸਾਹਿਤ ਪ੍ਰੇਮੀ ਅਜਿਹੀਆਂ ਮਹਿਫਲਾਂ ਵਿੱਚ ਹੀ ਇੱਕ ਦੂਜੇ ਨੂੰ ਨੇੜਿਉਂ ਸਮਝ ਸਕਦੇ ਹਨ। ਮੰਚ ਸੰਚਾਲਨ ਕਰਦਿਆਂ ਸੁਸ਼ੀਲ ਦੁਸਾਂਝ ਨੇ ਸਭ ਤੋਂ ਪਹਿਲਾਂ ਹਰਭਜਨ ਕੌਰ ਢਿੱਲੋਂ ਨੂੰ ਸੱਦਾ ਦਿੱਤਾ। ਹਰਭਜਨ ਕੌਰ ਢਿੱਲੋਂ ਨੇ ਤੀਆਂ ਦਾ ਗੀਤ ਗਾ ਕੇ ਸਰੋਤਿਆਂ ਨੁੰ ਮੰਤਰ ਮੁਗਧ ਕਰ ਦਿੱਤਾ। ਉਨ੍ਹਾਂ ਤੋਂ ਬਾਅਦ ਹਰਪ੍ਰੀਤ ਕੌਰ ਨੇ ‘ਚਾਂਦੀ ਚਾਂਦੀ ਚਾਂਦੀ, ਨੀਂ ਭੈਣੇਂ ਤੇਰੀ ਸੱਸ ਡਾਹਢੀ, ਮੇਰੀ ਪੇਸ਼ ਕੋਈ ਨਾ ਜਾਂਦੀ’, ਮੈਡਮ ਨੀਲਮ ਗੋਇਲ ਨੇ ਕੈਫੀ ਆਜ਼ਮੀ ਦਾ ਲਿਖਿਆ ਗੀਤ ‘ਆਜ ਫਿਰ ਕਾਲੀ ਘਟਾ, ਮਸਤ ਮਤਵਾਲੀ ਘਟਾ’, ਤਰਸੇਮ ਰਾਜ ਨੇ ‘ਮਹਿਬੂਬਾ ਤੇਰੀ ਤਸਵੀਰ ਕਿਸ ਤਰ੍ਹਾਂ ਮੈਂ ਬਨਾਊਂ’, ਸੁਰਿੰਦਰ ਅਤੈ ਸਿੰਘ ਨੇ ‘ਸਾਡਾ ਹਾਲ ਯਤੀਮਾਂ ਵਰਗਾ, ਮਾਪਿਆਂ ਦਾ ਮਾਣ ਕੋਈ ਨਾ’ ਅਤੇ ਹੰਝੂ ਬੰਨ੍ਹ ਕੇ ਰੁਮਾਲ ਵਿੱਚ ਭੇਜਾਂ’ ਗੀਤ ਸੁਣਾ ਕੇ ਮਹਿਫਲ ਨੂੰ ਸੁਰਮਈ ਰੰਗ ਵਿੱਚ ਰੰਗ ਦਿੱਤਾ। ਅਮਰਜੀਤ ਕੋਮਲ ਅਤੇ ਹਰਪ੍ਰੀਤ ਕੌਰ ਵੱਲੋਂ ਸਾਂਝੇ ਤੌਰ ਤੇ ਗਾਏ ਗੀਤਾਂ ਨੇ ਸਾਉਣ ਮਹੀਨੇ ਲਗਦੀਆਂ ਤੀਆਂ ਅਤੇ ਇਨ੍ਹਾਂ ਨਾਲ਼ ਜੁੜੇ ਪਲਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ। ਕੰਵਲਦੀਪ ਕੌਰ ਨੇ ਵੀ ਤਰੰਨਮ ਵਿੱਚ ਗੀਤ ਸੁਣਾਇਆ। ਇਸੇ ਤਰ੍ਹਾਂ ਮੇਜ਼ਬਾਨ ਤੇ ਉੱਘੀ ਕਵਿੱਤਰੀ ਸੁਰਜੀਤ ਕੈਰ ਬੈਂਸ ਨੇ ‘ਮੇਘਾ ਦਾਰੂ ਬਣ ਜਾ ਦਿਲ ਦਾ, ਕਰਦੇ ਜ਼ਿਮੀਂ ਨੂੰ ਹਰਾ ਭਰਾ’ ਗਾ ਕੇ ਮਾਹੌਲ ਨੂੰ ਖੁਸ਼ਗਵਾਰ ਬਣਾ ਦਿੱਤਾ।
ਜੈਨਇੰਦਰ ਚੌਹਾਨ ਨੇ ਆਪਣੀ ਗ਼ਜ਼ਲ ਦੇ ਭਾਵਪੂਰਤ ਸ਼ੇਅਰ ਕਹੇ, ਜਿਵੇਂ ‘ਕਿਸੇ ਅਣਜਾਣ ਨ੍ਹੇਰੇ ਤੋਂ ਮੈਂ ਐਨਾ ਥਰਥਰਾਉਂਦਾ ਹਾਂ, ਤੇ ਅਕਸਰ ਨੀਂਦ ਵਿੱਚ ਤੁਰਦਾ ਹਾਂ, ਦੀਵੇਂ ਜਗਾਉਂਦਾ ਹਾਂ’ ਸੁਣਾਈ। ਕਹਾਣੀਕਾਰ ਗੁਰਮੀਤ ਸਿੰਗਲ ਨੇ ਕਵਿਤਾ ‘ਹੇ ਮਾਂ’ ਸੁਣਾ ਕੇ ਹਾਜ਼ਰੀ ਲਵਾਈ। ਫਿਲਮੀ ਅਦਾਕਾਰ ਤੇ ਲੇਖਕ ਸਵੈਰਾਜ ਸੰਧੂ ਨੇ ‘ਕਣਕਾਂ ਜੋਬਨ ਮੱਤੀਆਂ ਸੋਨ ਸੁਨਹਿਰੀਆਂ’ ਸੁਣਾ ਕੇ ਤਤਕਾਲੀਨ ਸਮਿਆਂ ਦੀ ਯਾਦ ਦਿਵਾਈ।
ਜਸਪਾਲ ਸਿੰਘ ਦੇਸੂਵੀ ਨੇ ਗ਼ਜ਼ਲ ‘ਵਾਂਗ ਜੁਗਨੂੰ ਨ੍ਹੇਰਿਆਂ ਦੇ ਨਾ਼ਲ਼ ਮੈਂ ਲੜਦਾ ਰਿਹਾ’ ਸੁਣਾ ਕੇ ਵਾਹ ਵਾਹ ਖੱਟੀ। ਸੁਰਜੀਤ ਸੁਮਨ ਨੇ ਆਪਣੀ ਗ਼ਜ਼ਲ ‘ਜਦ ਵੀ ਕਿਸੇ ਅੱਖੀਂਉਂ ਅੱਥਰੂ ਕਿਰਦਾ ਹੈ’ ਅਤੇ ਨਜ਼ਮ ‘ਭਾਈ ਲਾਲੋ’ ਸੁਣਾਈ। ਸੁਸ਼ੀਲ ਦੁਸਾਂਝ ਨੇ ਲੰਮੀ ਕਵਿਤਾ ‘ਬਿੱਲ ਗੇਟਸ’ ਸੁਣਾ ਕੇ ਭਰਪੂਰ ਦਾਦ ਲਈ।
ਇਕੱਤਰਤਾ ਦੇ ਅੰਤ ਵਿੱਚ ਜੰਗ ਬਹਾਦਰ ਗੋਇਲ ਅਤੇ ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ ਅਜਿਹੀਆਂ ਮਹਿਫਲਾਂ ਲਗਦੀਆਂ ਰਹਿਣੀਆਂ ਚਾਹੀਦੀਆਂ ਹਨ, ਤਾਂ ਜੋ ਲੇਖਕ ਭਾਈਚਾਰੇ ਵਿੱਚ ਆਪਸੀ ਸਨੇਹ ਅਤੇ ਆਪਣੇਪਣ ਦਾ ਸੰਚਾਰ ਹੁੰਦਾ ਹਾਂ।