ਲੋਕ ਘਰਾਂ ‘ਚ ਖੜੇ ਪਾਣੀ ਤੋਂ ਸੁਚੇਤ ਰਹਿਣ : ਮਨੀਸ਼ ਕੁਮਾਰ
ਚੰਡੀਗੜ੍ਹ 25 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਬਰਸਾਤ ਦਾ ਮੌਸਮ ਆਉਂਦੇ ਸਾਰ ਹੀ ਇਨਸਾਨੀ ਬਿਮਾਰੀਆਂ ਵਿੱਚ ਵਾਧਾ ਹੋ ਜਾਂਦਾ ਹੈ। ਇਸ ਦੇ ਕਈ ਕਾਰਨ ਹੋ ਸਕਦੇ ਹਨ, ਪਰ ਵੱਡਾ ਕਾਰਨ ਡੇਂਗੂ ਮੱਛਰ ਵੀ ਹੈ। ਇਸ ਕਰਕੇ ਲੋਕਾਂ ਨੂੰ ਘਰਾਂ ਵਿੱਚ ਖੜੇ ਪਾਣੀ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਮਲਟੀਪਰਪਜ਼ ਹੈਲਥ ਵਰਕਰ ਮੇਲ ਮੁਨੀਸ਼ ਕੁਮਾਰ ਨੇ ਕੀਤਾ ਹੈ। ਮਨੀਸ਼ ਕੁਮਾਰ ਆਪਣੀ ਟੀਮ ਸਮੇਤ ਕੁਰਾਲੀ ਦੇ ਅਲੱਗ ਅਲੱਗ ਵਾਰਡਾਂ ਦੇ ਘਰਾਂ ਵਿੱਚ ਜਾ ਕੇ ਚੰਗੀ ਤਰਾਂ ਚੈਕਿੰਗ ਕਰ ਰਹੇ ਸਨ। ਮਨੀਸ਼ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਤੇ ਐਸਐਮਓ (ਵਾਧੂ ਚਾਰਜਾਂ) ਅਲਕਜੋਤ ਕੌਰ ਦੀ ਅਗਵਾਈ ਵਿੱਚ ਸਰਕਾਰੀ ਹਸਪਤਾਲ ਕੁਰਾਲੀ ਅਧੀਨ ਮਲੇਰੀਆ ਬਰਕਰ ਤਨਦੇਹੀ ਨਾਲ ਡਿਊਟੀ ਨਿਭਾ ਰਹੇ ਹਨ। ਮਨੀਸ਼ ਕੁਮਾਰ ਨੇ ਕਿਹਾ ਕਿ ਸਾਨੂੰ ਮੱਛਰਾਂ ਤੋਂ ਖਾਸ ਧਿਆਨ ਰੱਖਣਾ ਚਾਹੀਦਾ ਹੈ।
ਇਹਨਾਂ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਕੂਲਰ, ਫਰਿਜ਼ਾਂ ਦੀਆਂ ਟਰੇਅ, ਗਮਲੇ, ਕੋਠਿਆਂ ਤੇ ਪਏ ਟਾਇਰ ਟਿਊਬਾਂ ਅਤੇ ਹੋਰ ਟੁੱਟਿਆ ਫੁੱਟਿਆ ਸਮਾਨ ਇਹਨਾਂ ਵਿੱਚ ਅਕਸਰ ਹੀ ਬਰਸਾਤਾਂ ਮੌਕੇ ਪਾਣੀ ਜਮ੍ਹਾਂ ਹੋ ਜਾਂਦਾ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਖਾਲੀ ਕਰਨਾ ਬਹੁਤ ਜਰੂਰੀ ਹੈ, ਇਹਨਾਂ ਕਿਹਾ ਕਿ ਬੇਸ਼ੱਕ ਸਰਕਾਰ ਵੱਲੋਂ ਅਜਿਹੇ ਲੋਕਾਂ ਦੇ ਚਲਾਨ ਵੀ ਕੀਤੇ ਜਾ ਰਹੇ ਹਨ ਜੋ ਅਣਗਹਿਲੀ ਵਰਤਦੇ ਹਨ। ਪਰ ਚਲਾਨਾਂ ਨਾਲ ਕਿਸੇ ਮਸਲੇ ਦਾ ਹੱਲ ਨਹੀਂ ਹੈ, ਕਿਉਂਕਿ ਜੇਕਰ ਕਿਸੇ ਦੀ ਜਾਨ ਚਲੀ ਜਾਵੇ ਤਾਂ ਮੁੜ ਕੇ ਕਦੇ ਵਾਪਸ ਨਹੀਂ ਹੁੰਦੀ। ਮਨੀਸ਼ ਕੁਮਾਰ ਨੇ ਕਿਹਾ ਕਿ ਸਾਨੂੰ ਸਿਰਫ ਸੰਭਲਣ ਦੀ ਲੋੜ ਹੈ, ਕਿਉਂਕਿ ਬਚਾਅ ਵਿੱਚ ਹੀ ਬਚਾਓ ਹੈ। ਇਹਨਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਹਸਪਤਾਲਾਂ ਵਿੱਚ ਹਰ ਪ੍ਰਕਾਰ ਦੀ ਦਵਾਈ ਮੌਜੂਦ ਹੈ, ਜੇਕਰ ਕਿਸੇ ਨੂੰ ਵੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਆਪਣੇ ਨੇੜਲੇ ਸਰਕਾਰੀ ਹਸਪਤਾਲ ਜਾ ਕੇ ਇਲਾਜ ਕਰਵਾ ਸਕਦਾ ਹੈ। ਇਸ ਮੌਕੇ ਹਰਸਿਮਰਜੀਤ ਸਿੰਘ, ਦੀਪਕ ਸਿੰਘ, ਜਗਦੀਪ ਸਿੰਘ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।

