ਨਾਬਾਲਗ ਹੋ ਜਾਣ ਸਾਵਧਾਨ, ਮੋਟਰ ਵਾਹਨ ਚਲਾਇਆ ਤਾਂ ਮਾਪਿਆਂ ਨੂੰ ਹੋਵੇਗੀ ਜੇਲ੍ਹ ਤੇ ਜੁਰਮਾਨਾ
ਚੰਡੀਗੜ੍ਹ 26 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਪੰਜਾਬ ਵਿੱਚ ਨਿੱਤ ਦਿਹਾੜੇ ਵੱਧ ਰਹੀਆਂ ਸੜਕ ਦੁਰਘਟਨਾਵਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਪਹਿਲਾਂ ਸੜਕ ਸੁਰੱਖਿਆ ਫੋਰਸ ਬਣਾਈ ਗਈ ਤੇ ਹੁਣ ਮੋਟਰ ਵਹੀਕਲ ਐਕਟ (ਸੋਧ 2019) ਦੀ ਧਾਰਾ 199 ਏ ਅਤੇ 199 ਬੀ ਨੂੰ ਸਖਤੀ ਨਾਲ ਲਾਗੂ ਕਰਨ ਜਾ ਰਹੀ ਹੈ, ਜਿਸ ਅਧੀਨ ਜੇਕਰ ਕੋਈ ਨਾਬਾਲਗ ਦੋਪਹੀਆ, ਚਾਰ ਪਹੀਆਂ ਜਾਂ ਕੋਈ ਹੋਰ ਮੋਟਰ ਵਹੀਕਲ ਚਲਾਉਂਦਾ ਹੈ ਅਤੇ ਉਹ ਟਰੈਫਿਕ ਜਾਂ ਹੋਰ ਚੈਕਿੰਗ ਸਟਾਫ ਵੱਲੋਂ ਲਗਾਏ ਗਏ ਨਾਕੇ ਜਾਂ ਚੈਕਿੰਗ ਸਮੇਂ ਅੜਿੱਕੇ ਆ ਗਿਆ ਜਾਂਦਾ ਹੈ ਤਾਂ ਮੋਟਰ ਵਾਹਨ ਦੇ ਨਾਬਾਲਗ ਚਾਲਕ ਦੇ ਮਾਪਿਆਂ ਨੂੰ ਤਿੰਨ ਸਾਲ ਦੀ ਕੈਦ ਤੇ ਪੱਚੀ ਹਜ਼ਾਰ ਰੁਪਏ ਜੁਰਮਾਨਾ ਹੋ ਸਕਦਾ ਹੈ।
ਪੁਲਿਸ ਦੇ ਟਰੈਫਿਕ ਐਂਡ ਰੋਡ ਸੇਫਟੀ ਵਿਭਾਗ ਅਧੀਨ ਇਸ ਐਕਟ ਨੂੰ ਅਮਲੀ ਜਾਮਾ ਦੇਣ ਲਈ ਰੂਪ ਰੇਖਾ ਬਣਾ ਲਈ ਹੈ। ਇਸ ਸੰਬੰਧੀ ਪੰਜਾਬ ਪੁਲਿਸ ਦੇ ਪੀ.ਪੀ.ਐਸ.ਅਧਿਕਾਰੀ ਜਰਨੈਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਵੱਲੋਂ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਲਈ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ, ਪੰਜਾਬ ਨੇ ਇਸ ਸੰਬੰਧੀ ਪੁਲਿਸ ਦੇ ਸਮੂਹ ਟਰੈਫਿਕ ਸਿੱਖਿਆ ਸੈੱਲਾਂ ਅਤੇ ਟਰੈਫਿਕ ਸੈੱਲ ਨੂੰ ਹਦਾਇਤ ਜਾਰੀ ਕਰ ਕੇ ਕਿਹਾ ਹੈ ਕਿ ਉਹ 31 ਜੁਲਾਈ ਤੱਕ ਲੋਕਾਂ ਵਿੱਚ ਜਾ ਕੇ ਇਸ ਐਕਟ ਦੀ ਜਾਣਕਾਰੀ ਦੇਣ।
ਇਸ ਸੰਬੰਧੀ ਟਰੈਫਿਕ ਜਾਗਰੂਕਤਾ ਸਮਾਗਮ ਕਰਵਾਉਣ ਵਾਲੇ ਲੈਕਚਰਾਰ ਰਾਜਨ ਸ਼ਰਮਾ ਸਟੇਟ ਅਵਾਰਡੀ ਨੇ ਦੱਸਿਆ ਕਿ ਉਹ ਇਸ ਸੰਬੰਧੀ ਲੋਕਾਂ ਨੂੰ ਨਿੱਜੀ ਪੱਧਰ ‘ਤੇ ਜਾਣਕਾਰੀ ਦੇ ਰਹੇ ਹਨ। ਇਸ ਤੋਂ ਬਾਦ ਇੱਕ ਅਗਸਤ ਤੋਂ ਜੇਕਰ ਕੋਈ ਨਾਬਾਲਗ ਚੈਕਿੰਗ ਸਟਾਫ ਕੋਲ ਪਕੜਿਆ ਗਿਆ ਤਾਂ ਉਸ ਦੇ ਮਾਤਾ ਪਿਤਾ ਨੂੰ ਤਿੰਨ ਸਾਲ ਦੀ ਕੈਦ ਤੇ ਪੱਚੀ ਹਜ਼ਾਰ ਰੁਪਏ ਦਾ ਜੁਰਮਾਨਾ ਹੋ ਸਕਦਾ ਹੈ।
ਪੁਲਿਸ ਅਧਿਕਾਰੀ ਜਰਨੈਲ ਸਿੰਘ ਤੇ ਰਾਜਨ ਸ਼ਰਮਾ ਸਟੇਟ ਅਵਾਰਡੀ ਨੇ ਕਿਹਾ ਕਿ ਹੁਣ ਨਾਬਾਲਗਾਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਦੀ ਡਿਊਟੀ ਬਣਦੀ ਹੈ ਕਿ ਕਾਨੂੰਨ ਦਾ ਪਾਲਣ ਕਰਨ ਤਾਂ ਕਿ ਜਿੱਥੇ ਜੇਲ੍ਹ ਤੇ ਜੁਰਮਾਨੇ ਤੋਂ ਬਚਿਆ ਦਾ ਸਕਦਾ ਹੈ, ਉੱਥੇ ਸੜਕ ਦੁਰਘਟਨਾਵਾਂ ਘੱਟ ਕਰਕੇ ਜਾਨ ਮਾਲ ਦੀ ਵੀ ਰੱਖਿਆ ਹੋ ਸਕੇ।

