ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 28 ਜੁਲਾਈ:
ਕਾਰਗਿਲ ਯੁੱਧ ਦੀ 25ਵੀਂ ਜੈਅੰਤੀ ‘ਤੇ ਵਿਸ਼ੇਸ਼
ਮਾਂ ਤੁਝੇ ਸਲਾਮ/ ਬਲਜਿੰਦਰ ਕੌਰ ਸ਼ੇਰਗਿੱਲ
ਸੰਨ 1999 ਈਂ ’ਚ ਕਾਰਗਿੱਲ ਵਿਚ ਭਾਰਤ ਤੇ ਪਾਕਿਸਤਾਨ ਵਿਚਾਲੇ ਯੁੱਧ ਚੱਲ ਰਿਹਾ ਸੀ। ਪਾਕਿਸਤਾਨ ਦੀ ਫੌਜ ਨੇ ਸਰਦੀਆਂ ਦੇ ਦਿਨਾਂ ਵਿਚ ਭਾਰਤੀ ਫੌਜ ਦੇ ਖਾਲੀ ਪਏ ਬਾਂਕਰਾਂ ’ਤੇ ਆਪਣਾ ਕਬਜ਼ਾ ਕਰ ਲਿਆ। ਪਾਕਿਸਤਾਨੀ ਘੁਸਪੈਠੀਆਂ ਦਾ ਮਕਸਦ ਸਿਰਫ਼ ਭਾਰਤ ਦੇ ਕਾਰਗਿੱਲ (ਜੰਮੂ ਕਸ਼ਮੀਰ) ’ਤੇ ਕਬਜ਼ਾ ਕਰਨਾ ਸੀ। ਇਸ ਨਾਪਾਕ ਹਰਕਤ ਦਾ ਪਾਕਿਸਤਾਨੀ ਫੌਜ ਨੂੰ ਭਾਰਤੀ ਫੌਜ ਨੇ ਮੂੰਹ ਤੋੜ ਜਵਾਬ ਦਿੱਤਾ। ਇਸ ਯੁੱਧ ਵਿੱਚ ਅਨੇਕਾਂ ਭਾਰਤੀ ਫ਼ੌਜੀ ਵੀਰ ਆਪਣੀ ਵੀਰਤਾ ਅਤੇ ਸਾਹਸ ਨਾਲ ਲੜਦੇ-ਲੜਦੇ ਦੇਸ਼ ਤੋਂ ਕੁਰਬਾਨ ਹੋ ਗਏ।
ਇਸ ਯੁੱਧ ਵਿਚ ਇਕ ਸਾਬਕਾ ਨਾਇਕ ਫੌਜੀ ਦੀ ਡਿਊਟੀ ਯੁੱਧ ਵਿਚ ਮਾਰੇ ਗਏ ਭਾਰਤੀ ਫੌਜ ਸ਼ਹੀਦਾਂ ਨੂੰ ਸਨਮਾਨ ਨਾਲ ਲਿਆਉਣ ਵਿਚ ਲਗਾ ਦਿੱਤੀ ਗਈ। ਜਿੰਨੇ ਵੀਰ ਸ਼ਹੀਦ ਹੋਏ, ਉਹ ਉਨ੍ਹਾਂ ਦੇ ਸਰੀਰਾਂ ਨੂੰ ਚੁੱਕਣ ਲੱਗ ਪਏ। ਦਿਲ ਨੂੰ ਮਜ਼ਬੂਤ ਕਰ ਦੇਸ਼ ਦੇ ਸ਼ਹੀਦਾਂ ਨੂੰ ਨਮਨ ਕਰ ਉਹਨਾਂ ਦੀਆਂ ਮ੍ਰਿ਼ਤਕ ਦੇਹਾਂ ਨੂੰ ਚੁੱਕਦੇ-ਚੁੱਕਦੇ ਅੱਖਾਂ ਉਦੋਂ ਭਰ ਆਈਆਂ ਜਦੋਂ ਇੱਕ ਹੱਟਾ ਕੱਟਾ ਗੱਭੂਰ ਨੌਜਵਾਨ ਲੰਮੇ ਲੰਮੇ ਵਾਲਾਂ ਵਾਲੇ ਨੂੰ ਚੁੱਕਕੇ ਲਿਜਾਣ ਲੱਗਿਆ ਤਾਂ ਸਿਰ ਦੇ ਕੇਸ, ਉਸ ਦਾ ਜੂੜਾ ਖੁੱਲ੍ਹ ਗਿਆ। ਨਮ ਅੱਖਾਂ ਵਿਚ ਉਸ ਦੀ ਸ਼ਕਲ ਇੰਝ ਘਰ ਕਰ ਗਈ, ਭਿੱਜੀਆਂ ਅੱਖਾਂ ਆਖਣ ਲੱਗੀਆਂ, ਕਿਵੇਂ ਕਿਸੇ ਮਾਂ ਨੇ ਇਸ ਨੂੰ ਪਾਲ਼-ਪੋਸ ਕੇ ਵੱਡਾ ਕੀਤਾ ਹੋਵੇਗਾ ਤੇ ਫਿਰ ਦੇਸ਼ ਦੀ ਰਾਖੀ ਲਈ ਤੋਰਿਆ ਹੋਵੇਗਾ। ਇਹ ਧਰਤੀ ਮਾਂ ਦਾ ਕਰਜ਼ ਤਾਂ ਅਦਾ ਕਰ ਗਿਆ, ਪਰ ਹੁਣ ਉਸ ਮਾਂ ਨੂੰ ਸਲਾਮ ਕਦੇ ਨਹੀਂ ਕਰ ਸਕੇਗਾ, ਜਿਸ ਦੀ ਕੁੱਖੋਂ ਜਨਮ ਲਿਆ ਹੈ। ਹੁਣ ਮਾਂ ਸ਼ਹੀਦ ਪੁੱਤਰ ਨੂੰ ਕਿੰਝ ਆਪਣੀ ਬੁਕੱਲ ਵਿਚ ਲਵੇਗੀ? ਜਿਗਰਾ ਵੱਡਾ ਕੀਤਾ, ਸਭ ਤੋਂ ਪਹਿਲਾਂ ਉਸ ਦੇ ਸਿਰ ਨੂੰ ਆਪਣੇ ਪੱਟਾਂ ’ਤੇ ਰੱਖ ਉਸਦੇ ਖੁੱਲ੍ਹੇ ਵਾਲਾਂ ਦਾ ਜੂੜਾ ਬੰਨਿਆਂ, ਫਿਰ ਉਸ ਨੂੰ ਚੁੱਕਿਆ।
ਅੱਜ ਉਹ ਪਹਿਲਾਂ ਦਿਨ ਸੀ। ਡਿਊਟੀ ਦੌਰਾਨ ਕਦੇ ਅੱਖਾਂ ਤੱਕ ਨਹੀਂ ਸੀ ਭਰੀਆਂ। ਕਿਸੇ ਆਪਣੇ ਲਈ ਵੀ ਇੰਨਾ ਦਰਦ ਕਦੀ ਨਹੀਂ ਸੀ ਆਇਆ, ਜੋ ਇਸ ਸ਼ਹੀਦ ਹੋਏ ਨੌਜਵਾਨ ਨੂੰ ਦੇਖ ਮਨ ਭਰਿਆ ਆਇਆ। ਇੰਨਾ ਉੱਚਾ ਲੰਮਾ ਤਕੜਾ, ਦੁੱਧ ਮਲ਼ਾਈਆਂ ਨਾਲ ਪਲ਼ਿਆ ਨੌਜਵਾਨ ਜਿਸ ਦੇ ਸਰੀਰ ਉੱਤੇ ਕਿੰਨੀਆਂ ਈ ਗੋਲ਼ੀਆਂ ਲੱਗੀਆਂ ਹੋਈਆਂ ਸਨ। ਪਤਾ ਲੱਗਦਾ ਸੀ ਘੁਸਪੈਠੀਆਂ ਨੇ ਇਸ ਫੌਜੀ ਵੀਰ ’ਤੇ ਤਾਬੜ-ਤੋੜ ਫਾਇਰਿੰਗ ਕੀਤੀ ਹੋਣੀ ਹੈ। ਘੁਸਪੈਠੀਏ ਜੰਗਲ ਵਿਚ ਆਸੇ ਪਾਸੇ ਲੁਕ ਛੁਪ ਕੇ ਬੈਠੇ ਹੋਣੇ ਹਨ, ਜਿਹੜੇ ਭਾਰਤੀਆਂ ਫੌਜੀਆਂ ਦੇ ਸੰਭਾਲਣ ਦਾ ਮੌਕਾ ਤੱਕ ਨਾ ਦਿੰਦੇ। ਉਹਨਾਂ ਉੱਤੇ ਸਿੱਧੇ ਵਾਰ ਕਰਦੇ ਗਏ। ਇਸ ਯੁੱਧ ਦੇ ਉਹ ਪਲ ਅਜੇ ਵੀ ਜਦੋਂ ਤਾਜ਼ਾ ਹੁੰਦੇ ਹਨ, ਮਨ ਭਰ ਹੀ ਜਾਂਦਾ ਹੈ। ਫਿਰ ਦੇਸ਼ ਦੇ ਵੀਰ ਜਵਾਨਾਂ ਲਈ ਖੁਦ-ਬ-ਖੁਦ ਆਖਦਾ ਹੈ।
‘‘ਮਾਂ ਤੁਝੇ ਸਲਾਮ, ਬਾਂਦ ਕਫ਼ਨ ਆਪਣੇ ਸਿਰ ਪਰ, ਦੇਖੋ ਵੀਰ ਜਵਾਨ ਚਲੇ, ਓ ਮਾਂ, ਓ ਮਾਂ, ਮਾਂ ਤੁਝੇ ਸਲਾਮ।
ਬਲਜਿੰਦਰ ਕੌਰ ਸ਼ੇਰਗਿੱਲ- 98785 19278